ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਸੂਬਾ ਪੱਧਰੀ ਕਨਵੈਨਸ਼ਨ ਆਯੋਜਿਤ**

**ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਸੂਬਾ ਪੱਧਰੀ ਕਨਵੈਨਸ਼ਨ ਆਯੋਜਿਤ** **ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਤਹਿਸੀਲ ਕਨਵੈਨਸ਼ਨਾਂ ਕਰਕੇ ਮਨਾਉਣ ਦਾ ਫੈਸਲਾ**ਜਲੰਧਰ ; 24 ਮਈ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ (ਐਸ.ਬੀ.ਵਾਈ.ਐਫ.) ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵਲੋਂ, ਦੇਸ਼ ਭਗਤਸ ਯਾਦਗਾਰ ਜਲੰਧਰ ਵਿਖੇ ਪ੍ਰਭਾਵਸ਼ਾਲੀ ਸੂਬਾ ਪੱਧਰੀ ਨੌਜਵਾਨ-ਵਿਦਿਆਰਥੀ ਕਨਵੈਨਸ਼ਨ ਸੱਦ ਕੇ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਉਤਸ਼ਾਹ ਪੂਰਵਕ ਮਨਾਇਆ ਗਿਆ। ਸਮਾਪਤੀ ‘ਤੇ ਬਹੁਤ ਹੀ ਪ੍ਰਭਾਵਸ਼ਾਲੀ ਮਾਰਚ ਵੀ ਕੀਤਾ ਗਿਆ। ਹਾਜ਼ਰ ਪ੍ਰਤੀਨਿਧਾਂ ਨੇ ਸਰਵ ਸੰਮਤੀ ਨਾਲ ਪ੍ਰਵਾਨ ਕੀਤੇ ਇਕ ਮਤੇ ਰਾਹੀਂ ਘਾਤਕ ਸਮਾਜੀ ਅਲਾਮਤ ਬਣ ਚੁੱਕੀ ਬੇਰੁਜ਼ਗਾਰੀ, ਜਾਨ ਲੇਵਾ ਨਸ਼ਾ ਕਾਰੋਬਾਰ, ਗਰੀਬਾਂ ਤੇ ਕਮਜ਼ੋਰ ਵਰਗਾਂ ਨੂੰ ਸਿਖਿਆ ਤੋਂ ਮਹਿਰੂਮ ਕਰਨ ਵਾਲੀ ਨਵੀਂ ਸਿੱਖਿਆ ਨੀਤੀ, ਮਾਫੀਆ ਲੁੱਟ, ਅਪਰਾਧਿਕ ਵਾਰਦਾਤਾਂ ਖਿਲਾਫ਼ ਤਿੱਖਾ, ਬੱਝਵਾਂ ਲੋਕ ਘੋਲ ਵਿੱਢਣ ਦਾ ਨਿਰਣਾ ਲਿਆ ਹੈ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ, ਇਸ ਕਨਵੈਨਸ਼ਨ ਦਾ ਮਨੋਰਥ ਸੂਬਾਈ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਸਾਂਝਾ ਕੀਤਾ। ਪ੍ਰਧਾਨਗੀ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਅਜੈ ਫਿਲੌਰ ਨੇ ਅਦਾ ਕੀਤੇ। ਪੀ.ਐਸ.ਐਫ. ਦੇ ਸੂਬਾਈ ਕਨਵੀਨਰ ਗਗਨਦੀਪ ਸਰਦੂਲਗੜ੍ਹ, ਕੋ ਕਨਵੀਨਰ ਰਵਿੰਦਰ ਰਵੀ ਲੋਹਗੜ੍ਹ, ਪੰਜਾਬੀ ‘ਵਰਸਿਟੀ ਪਟਿਆਲਾ ਦੀ ਵਿਦਿਆਰਥੀ ਆਗੂ ਕੰਚਨ, ਜਤਿੰਦਰ ਕੁਮਾਰ ਫਰੀਦਕੋਟ, ਸੁਲੱਖਣ ਸਿੰਘ ਤੁੜ, ਅੰਮ੍ਰਿਤ ਮੱਲੂ ਨੰਗਲ, ਲਾਜਰ ਲਾਖਣਾ, ਵਿਕਰਮ ਮੰਢਾਲਾ ਨੇ ਮੁੱਖ ਮਤੇ ਦੀ ਰੋਸ਼ਨੀ ‘ਚ ਵਿਚਾਰ ਸਾਂਝੇ ਕੀਤੇ। ਕਨਵੈਨਸ਼ਨ ਵਿੱਚ ਭਰਾਤਰੀ ਤੋਰ ਤੇ ਮੁਲਾਜ਼ਮ ਆਗੂ ਸੱਜਣ ਸਿੰਘ ਚੰਡੀਗੜ੍ਹ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਵੀ ਸ਼ਾਮਲ ਸਨ ਇਕ ਵੱਖਰੇ ਮਤੇ ਰਾਹੀਂ ਭਾਰਤ-ਪਾਕਿ ਦਰਮਿਆਨ ਜੰਗੀ ਜਨੂੰਨ ਭੜਕਾਏ ਜਾਣ ਦੇ ਕੋਝੇ ਯਤਨਾਂ ਦੀ ਨਿਖੇਧੀ ਕਰਦਿਆਂ ਅਮਨ ਕਾਇਮੀ ਲਈ ਬੱਝਵੇਂ, ਨਿੱਗਰ ਯਤਨ ਕਰਨ ਲਈ ਸਰਹੱਦੀ ਖੇਤਰਾਂ ‘ਚ ਕਨਵੈਨਸ਼ਨਾਂ ਸੱਦਣ ਦਾ ਫੈਸਲਾ ਲਿਆ ਗਿਆ ਹੈ।ਬੇਰੁਜ਼ਗਾਰੀ ਦੇ ਖਾਤਮੇ, ਬੇਰੁਜ਼ਗਾਰੀ ਭੱਤੇ ਦੀ ਪ੍ਰਾਪਤੀ ਅਤੇ ਨਸ਼ਾ ਕਾਰੋਬਾਰ ਨੂੰ ਮੁਕੰਮਲ ਠੱਲ੍ਹ ਪਾਏ ਜਾਣ ਲਈ ਸਾਰੇ ਜਿਲ੍ਹਿਆਂ ਅੰਦਰ ਰੋਸ ਐਕਸ਼ਨ ਲਾਮਬੰਦ ਕੀਤੇ ਜਾਣ ਦਾ ਵੀ ਨਿਰਣਾ ਲਿਆ ਗਿਆ ਹੈ। ਦੋਨਾਂ ਸੰਗਠਨਾਂ ਦੀ ਸਾਂਝੀ ਕੇਂਦਰੀ ਮੰਗ, “ਬਰਾਬਰ ਵਿੱਦਿਆ ਸਿਹਤ ਤੇ ਰੁਜ਼ਗਾਰ ਸਭ ਨੂੰ ਹੋਵੇ ਇਹ ਅਧਿਕਾਰ” ਦੀ ਪ੍ਰਾਪਤੀ ਲਈ ਪਿੰਡਾਂ-ਸ਼ਹਿਰਾਂ ਅੰਦਰ ਮੈਂਬਰਸ਼ਿਪ ਮੁਹਿੰਮ ਚਲਾਉਣ ਅਤੇ ਲੋਕਲ ਕਮੇਟੀਆਂ ਕਾਇਮ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ। ਉਚੇਚੇ ਪੁੱਜੇ ਜਮਹੂਰੀ ਲਹਿਰ ਦੇ ਨਾਮਵਰ ਆਗੂ, ਦੇਸ਼ ਭਗਤ ਯਾਦਗਾਰ ਜਲੰਧਰ ਦੇ ਟ੍ਰਸਟੀ ਸਾਥੀ ਮੰਗਤ ਰਾਮ ਪਾਸਲਾ ਨੇ ਗ਼ਦਰੀ ਸੂਰਬੀਰਾਂ ਵਲੋਂ ਸੁਤੰਤਰਤਾ ਸੰਗਰਾਮ ਦੌਰਾਨ ਅਤੇ ਪਿਛੋਂ ਕਿਰਤੀ-ਕਿਸਾਨਾਂ ਦੀ ਪੁੱਗਤ ਵਾਲਾ ਸਮਾਜਵਾਦੀ ਨਿਜਾਮ ਕਾਇਮ ਕਰਨ ਲਈ ਕੀਤੀਆਂ ਗਈਆਂ ਬੇਮਿਸਾਲ ਕੁਰਬਾਨੀਆਂ ਨੂੰ ਸਿਜਦਾ ਕਰਦਿਆਂ ਨੌਜਵਾਨਾਂ ਨੂੰ ਉਨ੍ਹਾਂ ਦੇ ਦਿਖਾਏ ਰਾਹ ‘ਤੇ ਚੱਲਣ ਦੀ ਅਪੀਲ ਕੀਤੀ। ਸਾਥੀ ਪਾਸਲਾ ਨੇ ਜ਼ੋਰ ਦੇ ਕੇ ਕਿਹਾ ਕਿ ਮਾਨਵਤਾ ਦੇ ਕਲਿਆਣ ਦਾ ਟੀਚਾ ਹਾਸਲ ਕਰਨ ਲਈ ਗ਼ਦਰੀ ਬਾਬਿਆਂ ਦੀ ਸਮਾਜਿਕ ਤਬਦੀਲੀ ਨੂੰ ਸਮਰਪਿਤ ਪ੍ਰਗਤੀਵਾਦੀ ਸੋਚ, ਮਾਨਵਤਾਵਾਦੀ ਜਜ਼ਬਾ ਅਤੇ ਧਰਮ ਨਿਰਪੱਖ ਨਜ਼ਰੀਆ ਅਜੋਕੀ ਨੌਜਵਾਨੀ ਦੇ ਮੱਥੇ ਦਾ ਸ਼ਿੰਗਾਰ ਬਣਨਾ ਚਾਹੀਦਾ ਹੈ।

Scroll to Top