ਨਾਹਰਿਆਂ ਦੀ ਗੂੰਜ ਦਰਮਿਆਨ ਸਪੁਰਦੇ ਆਤਿਸ਼ ਕੀਤਾ ਗਿਆ ਸਾਥੀ ਟੀ.ਆਰ. ਗੌਤਮ ਨੂੰ


-ਪਾਸਲਾ ਸਮੇਤ ਸਿਰਮੌਰ ਆਗੂਆਂ ਨੇ ਸੂਹਾ ਝੰਡਾ ਪਾ ਕੇ ਤੋਰਿਆ ਅੰਤਮ ਸਫਰ ‘ਤੇ
ਜਲੰਧਰ 27 ਨਵੰਬਰ – ਲੰਘੇ ਸ਼ਨੀਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਰੇਲ ਮੁਲਾਜ਼ਮਾਂ ਅਤੇ ਟਰੇਡ ਯੂਨੀਅਨ ਲਹਿਰ ਦੇ ਉੱਘੇ ਆਗੂ ਸਾਥੀ ਟੀ.ਆਰ. ਗੌਤਮ ਦਾ ਅੰਤਮ ਸੰਸਕਾਰ ਐਤਵਾਰ ਨੂੰ ਉਨ੍ਹਾਂ ਦੇ ਯੁੱਧ ਸਾਥੀਆਂ ਦੇ ਜੋਸ਼ੀਲੇ ਇਨਕਲਾਬੀ ਨਾਹਰਿਆਂ ਦੀ ਗੂੰਜ ਦਰਮਿਆਨ ਕੀਤਾ ਗਿਆ।
ਮਰਹੂਮ ਸਾਥੀ ਗੌਤਮ ਨੇ ਸੇਵਾ ਮੁਕਤ ਹੋਣ ਪਿਛੋਂ ਆਪਣਾ ਜੀਵਨ ਆਰ ਐਮ ਪੀ ਆਈ ਦੇ ਪਰਚਮ ਹੇਠ ਲੜੇ ਜਾ ਰਹੇ ਲੁੱਟੇ-ਲਿਤਾੜੇ ਲੋਕਾਂ ਦੀ ਬੰਦ ਖਲਾਸੀ ਦੇ ਸੰਗਰਾਮ ਲਈ ਅਰਪਣ ਕਰ ਦਿੱਤਾ ਸੀ।


ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਆਲਾਰਸਾ ਦੇ ਸੰਸਥਾਪਕ ਸਾਥੀ ਹਰਚਰਨ ਸਿੰਘ ਕਪੂਰਥਲਾ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਪ੍ਰੈਸ ਸਕੱਤਰ ਬਲਦੇਵ ਸਿੰਘ ਨੂਰਪੁਰੀ, ਦੇਸ਼ ਭਗਤ ਯਾਦਗਾਰ ਜਲੰਧਰ ਦੇ ਸਾਬਕਾ ਜਨਰਲ ਸਕੱਤਰ ਬੀਬੀ ਰਘਬੀਰ ਕੌਰ ਨੇ ਆਪਣੇ ਵਿਛੜੇ ਯੁੱਧ ਸਾਥੀ ਦੀ ਮਿ੍ਰਤਕ ਦੇਹ ‘ਤੇ ਪਾਰਟੀ ਦਾ ਸੂਹਾ ਝੰਡਾ ਪਾਕੇ ਉਨ੍ਹਾਂ ਨੂੰ ਇਨਕਲਾਬੀ ਸਨਮਾਨਾਂ ਨਾਲ ਅੰਤਮ ਵਿਦਾਇਗੀ ਦਿੱਤੀ।
ਸਰਵ ਸਾਥੀ ਤਰਸੇਮ ਕਾਦੀਆਂ, ਘਣਸ਼ਾਮ ਸਿੰਘ, ਕੁਲਵਿੰਦਰ ਗ੍ਰੇਵਾਲ, ਰਮੇਸ਼ ਠਾਕੁਰ, ਬਲਦੇਵ ਬੱਧਨ ਵੀ ਸਾਥੀ ਗੌਤਮ ਦੀਆਂ ਘਾਲਣਾਵਾਂ ਨੂੰ ਸੁਰਖ ਸਲਾਮ ਕਹਿਣ ਲਈ ਪੁੱਜੇ ਸਨ।
ਉਨ੍ਹਾਂ ਦੇ ਪੁੱਤਰ ਡਾ. ਅਨਿਲ ਗੌਤਮ ਨੇ ਚਿਖਾ ਨੂੰ ਅਗਨੀ ਦਿਖਾਈ। ਉਨ੍ਹਾਂ ਦੀ ਬੇਟੀ ਅਰੁਣਾ ਅਤੇ ਦਾਮਾਦ ਸਮੇਤ ਭਾਰੀ ਗਿਣਤੀ ’ਚ ਕਰੀਬੀ ਰਿਸ਼ਤੇਦਾਰ ਅਤੇ ਸਨੇਹੀ ਵੀ ਹਾਜ਼ਰ ਸਨ।
ਸਾਥੀ ਟੀ ਆਰ ਗੌਤਮ ਨਮਿੱਤ ਸ਼ਰਧਾਂਜਲੀ ਸਮਾਗਮ 5 ਦਸੰਬਰ 2023, ਮੰਗਲਵਾਰ ਨੂੰ ਬਾਅਦ ਦੁਪਹਿਰ 1ਵਜੇ ਸ਼ਿਵ ਮੰਦਰ ਰੇਲ ਵਿਹਾਰ ਵਿਖੇ ਹੋਵੇਗਾ।

Scroll to Top