*ਦੇਸ਼ ਲਈ ਗੋਲਡ ਮੈਡਲ ਜਿੱਤਣ ਵਾਲੀਆਂ ਪਹਿਲਵਾਨ ਕੁੜੀਆਂ ਦਾ ਜਿਣਸੀ ਸ਼ੋਸ਼ਣ ਕਰਨ ਵਾਲੇ ਭਾਜਪਾ ਸੰਸਦ ਮੈਂਬਰ ਨੂੰ ਗ੍ਰਿਫਤਾਰ ਕਰੋ – ਫੈਡਰੇਸ਼ਨ
*ਨਵਾਂ ਸ਼ਹਿਰ 10 ਮਈ (PUNJAB NEWS ONLINE ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਮੱਲਪੁਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬਾ ਕਮੇਟੀ ਮੈਂਬਰ ਮੋਹਣ ਸਿੰਘ ਪੂਨੀਆਂ, ਮੁੱਖ ਸਲਾਹਕਾਰ ਕਰਨੈਲ ਸਿੰਘ ਰਾਹੋਂ, ਵਿੱਤ ਸਕੱਤਰ ਸੋਹਣ ਲਾਲ, ਤਹਿਸੀਲ ਪ੍ਰਧਾਨ ਮਨਜਿੰਦਰਜੀਤ ਸਿੰਘ, ਜੀ ਟੀ ਯੂ ਦੇ ਜ਼ਿਲ੍ਹਾ ਜਨਰਲ ਸਕੱਤਰ ਬਿਕਰਮਜੀਤ ਸਿੰਘ, ਸੁੱਖ ਰਾਮ, ਪਰਮਿੰਦਰ ਸੰਧੂ, ਸੱਤਪਾਲ, ਹਰਦੀਪ ਸਿੰਘ, ਕੁਲਵੀਰ ਕੁਮਾਰ, ਸ਼ਮਸ਼ੇਰ ਸਿੰਘ, ਪਰਮਜੀਤ ਆਦਿ ਹਾਜ਼ਰ ਸਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਲੋਕਾਂ ਨੂੰ ਜ਼ਬਰਦਸਤੀ ਮਨ ਕੀ ਬਾਤ ਸੁਣਾਉਣ ਅਤੇ ਦੇਸ਼ ਲਈ ਗੋਲਡ ਮੈਡਲ ਪ੍ਰਾਪਤ ਕਰਨ ਵਾਲੀਆਂ ਪਹਿਲਵਾਨ ਕੁੜੀਆਂ ਨਾਲ ਵਾਪਰੇ ਭਿਆਨਕ ਹਾਦਸਿਆਂ ਦੀ ਅਣਦੇਖੀ ਕਰਨ ਦੀ ਨਿੰਦਾ ਕਰਦਿਆਂ ਪਹਿਲਵਾਨ ਕੁੜੀਆਂ ਦੇ ਜਿਣਸੀ ਸ਼ੋਸ਼ਣ ਦੇ ਵਿਰੋਧ ਵਿੱਚ ਜੰਤਰ ਮੰਤਰ ਦਿੱਲੀ ਵਿਖੇ ਚੱਲ ਰਹੇ ਧਰਨੇ ਦਾ ਸਮਰਥਨ ਕਰਦਿਆਂ ਦੋਸ਼ੀ ਬੀ ਜੇ ਪੀ ਦੇ ਸੰਸਦ ਮੈਂਬਰ ਅਤੇ ਕੁਸ਼ਤੀ ਮਹਾਂ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਤੁਰੰਤ ਬਰਖਾਸਤ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਐਨ ਸੀ ਈ ਆਰ ਟੀ ਵਲੋਂ ਸਕੂਲੀ ਸਿਲੇਬਸ ਵਿੱਚੋਂ ਚਾਰਲਸ ਡਾਰਵਿਨ ਦਾ ਜੀਵ ਉਤਪਤੀ ਦੇ ਸਿਧਾਂਤ ਨੂੰ ਕੱਢਣ ਦੀ ਨਿਖੇਧੀ ਕੀਤੀ। ਜਿਸ ਨਾਲ ਬੱਚਿਆਂ ਨੂੰ ਵਿਗਿਆਨਕ ਸਮਝ ਤੋਂ ਕੋਰੇ ਰੱਖ ਕੇ ਗੈਰ ਵਿਗਿਆਨਕ ਅੰਧਵਿਸ਼ਵਾਸੀ ਬਣਾਇਆ ਜਾਵੇਗਾ।

ਸਰਕਾਰ ਵਿਰੁੱਧ ਪਿਛਲੇ ਐਕਸ਼ਨਾਂ ਦਾ ਲੇਖਾ ਜੋਖਾ ਕਰਦਿਆਂ ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ‘ਤੇ 23 ਅਪ੍ਰੈਲ ਨੂੰ ਆਦਮਪੁਰ, 30 ਅਪ੍ਰੈਲ ਨੂੰ ਨਕੋਦਰ ਅਤੇ 7 ਮਈ ਨੂੰ ਜਲੰਧਰ ਵਿਖੇ ਕੀਤੇ ਗਏ ਝੰਡਾ ਮਾਰਚ, 6 ਮਈ ਨੂੰ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਜਲੰਧਰ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਭਰਵੀਂ ਸ਼ਮੂਲੀਅਤ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ 21 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ, 24 ਮਈ ਨੂੰ ਪੀ ਡਬਲਿਊ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮੁੱਖ ਦਫ਼ਤਰ ਵਿਖੇ ਅਤੇ ਸਾਂਝੇ ਅਧਿਆਪਕ ਮੋਰਚੇ ਵੱਲੋਂ ਪਹਿਲੀ ਜੂਨ ਨੂੰ ਵਿਦਿਆ ਭਵਨ ਮੋਹਾਲੀ ਵਿਖੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ ਦੀ ਤਿਆਰੀ ਲਈ 16 ਮਈ ਨੂੰ ਜਥੇਬੰਦੀਆਂ ਦੀਆਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ। ਇਸੇ ਤਰ੍ਹਾਂ ਹਰ ਮਹੀਨੇ ਦੀ 6 ਤਰੀਕ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ।