ਮਨੂੰਵਾਦੀ ਫਾਸ਼ੀਵਾਦੀ ਤਾਕਤਾਂ ਨੂੰ ਹਰਾਉਣਾ ਹੀ ਕਾਮਰੇਡ ਹਰਬੰਸ ਸਿੰਘ ਬੀਕਾ ਜੀ ਨੂੰ ਸੱਚੀ ਸ਼ਰਧਾਂਜਲੀ – ਜਾਮਾਰਾਏ

*ਮਨੂੰਵਾਦੀ ਫਾਸ਼ੀਵਾਦੀ ਤਾਕਤਾਂ ਨੂੰ ਹਰਾਉਣਾ ਹੀ ਕਾਮਰੇਡ ਹਰਬੰਸ ਸਿੰਘ ਬੀਕਾ ਜੀ ਨੂੰ ਸੱਚੀ ਸ਼ਰਧਾਂਜਲੀ – ਜਾਮਾਰਾਏ

*ਨਵਾਂ ਸ਼ਹਿਰ 14 ਮਈ (PUNJAB NEWS ONLINE) ਪੰਜਾਬ ਦੇ ਕਾਲੇ ਦੌਰ ਦੇ ਸਮੇਂ ਲੋਕਾਂ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਸ਼ਹੀਦ ਹੋਏ ਕਾਮਰੇਡ ਹਰਬੰਸ ਸਿੰਘ ਬੀਕਾ ਜੀ ਦੇ ਜੱਦੀ ਪਿੰਡ ਬੀਕਾ ਵਿਖੇ ਉਨ੍ਹਾਂ ਦੀ 36ਵੀਂ ਬਰਸੀ ਮੌਕੇ ਕਾਮਰੇਡ ਅਜੀਤ ਸਿੰਘ ਬੀਕਾ, ਡਾ ਬਲਦੇਵ ਬੀਕਾ, ਸੋਮ ਲਾਲ, ਸੁਰਿੰਦਰ ਭੱਟੀ ਅਤੇ ਬੂਟਾ ਸਿੰਘ ਦੀ ਪ੍ਰਧਾਨਗੀ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਦੇਸ਼ ਦੀ ਰਾਜ ਸਤਾ ਤੇ ਮੌਜੂਦਾ ਭਗਵਾਂ ਮਨੂੰਵਾਦੀ ਫਾਸ਼ੀਵਾਦੀ ਤਾਕਤਾਂ ਨੂੰ ਹਰਾਉਣਾ ਹੀ ਸ੍ਰੀ ਹਰਬੰਸ ਸਿੰਘ ਬੀਕਾ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ ਨੇ ਸ਼ਰਧਾਂਜਲੀ ਸਮਾਗਮ ਵਿੱਚ ਬੋਲਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਮੋਦੀ-ਸ਼ਾਹ ਜੋੜੀ ਦੇਸ਼ ਦੇ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਬਜਾਏ ਉਸ ਨੂੰ ਖ਼ਤਮ ਕਰਨ ਲਈ ਮਨ ਆਈਆਂ ਕਾਰਵਾਈਆਂ ਕਰ ਰਹੀ ਹੈ। ਇਸ ਸਰਕਾਰ ਵੱਲੋਂ ਦੇਸ਼ ਦੇ ਬੇਸ਼ਕੀਮਤੀ ਖ਼ਜ਼ਾਨੇ ਨੂੰ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਲੁਟਾ ਦਿੱਤਾ ਹੈ ਅਤੇ ਦੇਸ਼ ਦੀ ਆਮ ਜਨਤਾ ਨੂੰ ਬੇਰੁਜ਼ਗਾਰੀ ਅਤੇ ਮਹਿੰਗਾਈ ਦੀ ਦਲਦਲ ਵੱਲ ਧੱਕ ਦਿੱਤਾ ਗਿਆ ਹੈ।

ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਕਾਰਪੋਰੇਟਾਂਂ ਨੂੰ ਵੇਚਣ ਨਾਲ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਸਰਕਾਰੀ ਨੌਕਰੀਆਂ ਰਾਹੀਂ ਰੁਜ਼ਗਾਰ ਦੇ ਮੌਕੇ ਖਤਮ ਹੋਣ ਦੇ ਨਾਲ ਨਾਲ ਰਾਖਵਾਂਕਰਨ ਰਾਹੀਂ ਮਿਲਦੀਆਂ ਸਹੂਲਤਾਂ ਦਾ ਅੰਤ ਕਰ ਦਿੱਤਾ ਗਿਆ ਹੈ।

ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਸੰਵਿਧਾਨ ਦੀ ਥਾਂ ਪਿਛਾਖੜੀ ਵਹਿਮਾਂ ਭਰਮਾਂ ਅਤੇ ਮਨੁੱਖੀ ਸਮਾਜ ਵਿੱਚ ਵੰਡੀਆਂ ਪਾਉਣ ਵਾਲੀ ਮਨੂੰ ਸਿਮਰਤੀ ਲਾਗੂ ਕਰਕੇ ਹਿੰਦੂ ਰਾਸ਼ਟਰ ਬਣਾਉਣ ਦੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਘੱਟ ਗਿਣਤੀ ਧਰਮ ਦੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਤੇ ਹਮਲੇ ਕੀਤੇ ਜਾ ਰਹੇ ਹਨ। ਘੱਟ ਗਿਣਤੀ ਧਰਮਾਂ ਵਿਰੁੱਧ ਫ਼ਿਰਕੂ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਦੇਸ਼ ਵਿੱਚ ਫਿਰਕੂ ਵੰਡ ਤਿੱਖੀ ਹੋ ਰਹੀ ਹੈ। ਉਨ੍ਹਾਂ ਦੇਸ਼ ਦੀ ਆਜ਼ਾਦੀ ਨੂੰ ਬਚਾਉਣ, ਸੰਵਿਧਾਨ ਦੀ ਰਾਖੀ ਕਰਨ, ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਖੱਬੀਆਂ ਪਾਰਟੀਆਂ ਦੇ ਨਾਲ-ਨਾਲ ਦੇਸ਼ ਦੀਆਂ ਜਮਹੂਰੀ ਤੇ ਧਰਮਨਿਰਪੱਖ ਪਾਰਟੀਆਂ ਨੂੰ ਇਕੱਠਿਆਂ ਹੋ ਕੇ ਫ਼ਿਰਕੂ ਫਾਸ਼ੀਵਾਦੀ ਤਾਕਤਾਂ ਨੂੰ ਹਰਾਉਣ ਦਾ ਸੱਦਾ ਦਿੱਤਾ।

ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਨਵੀਂ ਸਿੱਖਿਆ ਨੀਤੀ ਦੀ ਆਲੋਚਨਾ ਕਰਦਿਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਪੈਦਾ ਕਰਨ ਵਾਲੀ ਸਿੱਖਿਆ ਨੀਤੀ ਲਾਗੂ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਕੂਲੀ ਸਿਲੇਬਸ ਵਿੱਚੋਂ ਆਜ਼ਾਦੀ ਸੰਗਰਾਮ ਦੇ ਇਤਿਹਾਸ, ਦੇਸ਼ ਭਗਤਾਂ ਦੀਆਂ ਜੀਵਨੀਆਂ ਸਮੇਤ ਚਾਰਲਸ ਡਾਰਵਿਨ ਦੇ ਜੀਵ ਉਤਪਤੀ ਦੇ ਸਿਧਾਂਤ ਨੂੰ ਕੱਢ ਕੇ ਬੱਚਿਆਂ ਨੂੰ ਵਿਗਿਆਨਕ ਲੀਹਾਂ ਤੋਂ ਲਾਹੁਣ ਲਈ ਸਰਕਾਰ ਤੇਜ਼ੀ ਨਾਲ ਉਪਰਾਲੇ ਕਰ ਰਹੀ ਹੈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਹਰੀ ਬਿਲਾਸ ਵਲੋਂ ਨਿਭਾਈ ਗਈ। ਸ਼ਰਧਾਂਜਲੀ ਸਮਾਗਮ ਸਮੇਂ ਬੀਕਾ ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਲੰਗਰ ਲਗਾਇਆ ਗਿਆ ਅਤੇ ਅਗਾਂਹਵਧੂ ਸਾਹਿਤ ਦਾ ਸਟਾਲ ਵੀ ਲਗਾਇਆ ਗਿਆ। ਅੰਤ ਵਿੱਚ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ ਨੇ ਬੀਕਾ ਪਰਿਵਾਰ ਵੱਲੋਂ ਪਾਰਟੀ ਨੂੰ ਦਿੱਤੀ ਸਹਾਇਤਾ ਅਤੇ ਸਹਿਯੋਗ ਸਮੇਤ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਬੀਬੀ ਚਰਨ ਕੌਰ, ਦਵਿੰਦਰ ਕੌਰ ਪਿੰਕੀ, ਕਰਨੈਲ ਸਿੰਘ ਰਾਹੋਂ, ਹਰਨੇਕ ਬੀਕਾ, ਸੋਢੀ ਰਾਮ, ਬਲਕਾਰ ਸਿੰਘ, ਬਹਾਦਰ ਸਿੰਘ, ਕਰਨੈਲ ਸਿੰਘ, ਸੋਹਣ ਸਿੰਘ, ਹਰਵਿੰਦਰ ਸਿੰਘ ਥੋਪੀਆਂ, ਪਾਲ, ਕਮਲ, ਅਮਰਜੀਤ ਸਿੰਘ, ਲਸ਼ਕਰੀ ਰਾਮ, ਦੇਬੀ, ਵਿਜੈ ਕੁਮਾਰ, ਮਦਨ ਲਾਲ, ਪਰਮਜੀਤ, ਕੁਲਦੀਪ ਦੀਪਕ ਆਦਿ ਹਾਜ਼ਰ ਸਨ।

Scroll to Top