ਸਕੂਲੀ ਸਿਲੇਬਸ ਵਿੱਚੋਂ ਦੇਸ਼ ਭਗਤਾਂ ਦੀਆਂ ਜੀਵਨੀਆਂ ਸਮੇਤ ਆਜ਼ਾਦੀ ਸੰਗਰਾਮ ਦਾ ਇਤਿਹਾਸ ਅਤੇ ਜੀਵ ਉਤਪਤੀ ਦਾ ਸਿਧਾਂਤ ਕੱਢਣ ਦੀ ਜ਼ੋਰਦਾਰ ਨਿਖੇਧੀ
ਤਨਖਾਹ ਕਮਿਸ਼ਨ ਦੀ ਸ਼ਿਫਾਰਸ਼ ਅਨੁਸਾਰ ਪੈਨਸ਼ਨਾਂ ਸੋਧੀਆਂ ਜਾਣ
7 ਮਈ ਦੇ ਐਲਾਨੇ ਝੰਡਾ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਦਾ ਫੈਸਲਾ
ਨਵਾਂ ਸ਼ਹਿਰ 6 ਮਈ ( ) ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸੋਮ ਲਾਲ ਜੀ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂ ਸ਼ਹਿਰ ਵਿਖੇ ਹੋਈ। ਜ਼ਿਲ੍ਹਾ ਸਕੱਤਰ ਜੀਤ ਲਾਲ ਗੋਹਲੜੋਂ, ਕਰਨੈਲ ਸਿੰਘ ਰਾਹੋਂ, ਅਸ਼ੋਕ ਕੁਮਾਰ, ਰਾਮ ਪਾਲ, ਰੇਸ਼ਮ ਲਾਲ, ਸੁੱਚਾ ਰਾਮ, ਸਰਵਣ ਰਾਮ, ਅਮਰਜੀਤ ਸਿੰਘ, ਦੇਸ ਰਾਜ ਬੱਜੋਂ, ਹਰਭਜਨ ਸਿੰਘ ਭਾਵੜਾ ਅਤੇ ਕੁਲਦੀਪ ਸਿੰਘ ਦੌੜਕਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੋਲਡ ਮੈਡਲ ਪ੍ਰਾਪਤ ਕਰਕੇ ਸੰਸਾਰ ਵਿੱਚ ਦੇਸ਼ ਦਾ ਨਾਂ ਚਮਕਾਉਣ ਵਾਲੀਆਂ ਧੀਆਂ ਦਾ ਜਿਣਸੀ ਸ਼ੋਸ਼ਣ ਕਰਨ ਵਾਲੇ ਭਾਜਪਾ ਦੇ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਣ ਸਿੰਘ ਨੂੰ ਤੁਰੰਤ ਬਰਖਾਸਤ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਲੋਕਾਂ ਨੂੰ ਜ਼ਬਰਦਸਤੀ ਮਨ ਕੀ ਬਾਤ ਸੁਣਾਉਣ ਵਾਲਾ ਪ੍ਰਧਾਨ ਮੰਤਰੀ ਆਪਣੇ ਨਿਵਾਸ ਦੇ ਨੇੜੇ ਬੈਠੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀ ਆਵਾਜ਼ ਸੁਣਨ ਤੋਂ ਇਨਕਾਰੀ ਹੈ ਤਾਂ ਦੇਸ਼ ਦੀਆਂ ਗਰੀਬ ਧੀਆਂ ਆਪਣੇ ਨਾਲ ਹੋ ਰਹੇ ਜ਼ੁਲਮਾਂ ਦੇ ਦੁੱਖ ਕਿਸ ਨੂੰ ਸੁਣਾਉਣਗੀਆਂ। ਦੇਸ਼ ਦੇ ਵੱਖ-ਵੱਖ ਥਾਵਾਂ ਤੇ ਗਰੀਬ ਧੀਆਂ ਨਾਲ ਹੁੰਦੇ ਜ਼ੁਲਮਾਂ ਖਾਸ ਕਰਕੇ ਬਲਾਤਕਾਰੀਆਂ ਨੂੰ ਬਚਾਉਣ ਲਈ ਭਾਜਪਾ ਦੀ ਸਰਕਾਰ ਦੀਆਂ ਘਿਨਾਉਣੀਆਂ ਹਰਕਤਾਂ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ।

ਪੈਨਸ਼ਨਰ ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਵੱਖ-ਵੱਖ ਸਮੇਂ ਤੇ ਬੱਚਿਆਂ ਦੇ ਸਿਲੇਬਸ ਵਿੱਚੋਂ ਦੇਸ਼ ਭਗਤਾਂ ਦੀਆਂ ਜੀਵਨੀਆਂ ਸਮੇਤ ਆਜ਼ਾਦੀ ਸੰਗਰਾਮ ਦਾ ਇਤਿਹਾਸ ਕੱਢ ਦਿੱਤਾ ਗਿਆ ਹੈ। ਹੁਣ ਦੁਨੀਆਂ ਭਰ ਦੇ ਜੀਵ ਵਿਗਿਆਨੀਆਂ ਵੱਲੋਂ ਲੰਬੇ ਖੋਜ ਕਾਰਜ ਬਾਅਦ ਚਾਰਲਸ ਡਾਰਵਿਨ ਦੇ ਨਾਂ ਨਾਲ ਜਾਣਿਆ ਜਾਂਦਾ ਜੀਵ ਉਤਪਤੀ ਦੇ ਸਿਧਾਂਤ ਨੂੰ ਸਿਲੇਬਸ ਵਿੱਚੋਂ ਕੱਢ ਕੇ ਬੱਚਿਆਂ ਦੇ ਭਵਿੱਖ ਨੂੰ ਅੰਧਵਿਸ਼ਵਾਸ ਦੇ ਹਨ੍ਹੇਰੇ ਵਿੱਚ ਧੱਕਣ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਸਰਕਾਰ ਵੱਲੋਂ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਪੈਨਸ਼ਨਾਂ ਸੋਧਣ, ਕੈਸ਼ਲੈਸ ਹੈਲਥ ਸਕੀਮ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਤਨਖਾਹ ਦੁਹਰਾਈ ਅਤੇ ਕਮਾਈ ਛੁੱਟੀ ਦੇ ਬਕਾਏ ਆਦਿ ਦੇਣ ਦੀ ਮੰਗ ਕੀਤੀ।
ਮੀਟਿੰਗ ਵਿੱਚ ਜਲੰਧਰ ਦੀ ਜ਼ਿਮਨੀ ਚੋਣ ਦੌਰਾਨ ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ 23 ਅਪ੍ਰੈਲ ਨੂੰ ਆਦਮਪੁਰ ਅਤੇ 30 ਅਪ੍ਰੈਲ ਨੂੰ ਨਕੋਦਰ ਵਿਖੇ ਕੀਤੇ ਝੰਡਾ ਮਾਰਚਾਂ ਬਾਅਦ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲੇ ਹੱਲ ਨਾ ਕਰਨ ‘ਤੇ ਪੈਨਸ਼ਨਰਾਂ ਵੱਲੋਂ 7 ਮਈ ਨੂੰ ਜਲੰਧਰ ਸ਼ਹਿਰ ਵਿੱਚ ਐਲਾਨੇ ਝੰਡਾ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਅਵਤਾਰ ਸਿੰਘ, ਰਾਮ ਲਾਲ, ਹਰਭਜਨ ਸਿੰਘ, ਜੋਗਾ ਸਿੰਘ,ਧਰਮ ਪਾਲ, ਸੁਰਜੀਤ ਰਾਮ, ਜੋਗਿੰਦਰ ਪਾਲ, ਮਹਿੰਗਾ ਰਾਮ, ਭਾਗ ਸਿੰਘ, ਪਾਲ ਸਿੰਘ, ਜਰਨੈਲ ਸਿੰਘ, ਸਰੂਪ ਲਾਲ, ਕ੍ਰਿਸ਼ਨ ਲਾਲ, ਕੇਵਲ ਰਾਮ, ਹਰਭਜਨ ਸਿੰਘ, ਧਰਮ ਪਾਲ, ਅਮਰਜੀਤ ਲਾਲ, ਗੁਰਦਿਆਲ ਸਿੰਘ, ਬਖ਼ਤਾਵਰ ਸਿੰਘ, ਅਮਰਜੀਤ ਸਿੰਘ, ਰਾਵਲ ਸਿੰਘ, ਅਵਤਾਰ ਸਿੰਘ, ਅਮਰ ਨਾਥ, ਮਹਿੰਗਾ ਰਾਮ, ਤੇਜਾ ਸਿੰਘ, ਗੁਰਦਿਆਲ ਸਿੰਘ, ਈਸ਼ਵਰ ਚੰਦਰ, ਸੰਤੋਖ ਸਿੰਘ, ਲਲਿਤ ਸ਼ਰਮਾ, ਜੋਗਿੰਦਰ ਪਾਲ, ਰਾਮ ਕੁਮਾਰ, ਰਾਮ ਸਿੰਘ, ਜਰਨੈਲ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।