29 ਹੈੱਡ ਮਾਸਟਰਾਂ ਨੂੰ ਫਾਰਗ ਕਰਨ ਦਾ ਫੈਸਲਾ ਵਾਪਸ ਲਵੇ ਸਰਕਾਰ -ਮਾਸਟਰ ਕੇਡਰ ਯੂਨੀਅਨ

29 ਹੈੱਡ ਮਾਸਟਰਾਂ ਨੂੰ ਫਾਰਗ ਕਰਨ ਦਾ ਫੈਸਲਾ ਵਾਪਸ ਲਵੇ ਸਰਕਾਰ -ਮਾਸਟਰ ਕੇਡਰ ਯੂਨੀਅਨ ਘਰ ਘਰ ਰੁਜਗਾਰ ਦੇਣ ਦੀ ਗੱਲ ਕਰਨ ਵਾਲੀ ਸਰਕਾਰ ਮਿਲਿਆ ਰੁਜਗਾਰ ਵੀ ਖੋਹਣ ਲੱਗੀ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਫਾਜਿਲਕਾ ਦੇ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ਜਿਲਾ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਜੋ ਘਰ ਘਰ ਰੁਜ਼ਗਾਰ ਦੇਣ ਦੀ ਦਾਅਵੇ ਕਰਦੀ ਨਹੀਂ ਥੱਕਦੀ ਅਤੇ ਰੋਜਾਨਾ ਅਖਬਾਰਾਂ ਵਿੱਚ ਲੱਖਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਇਹ ਦਾਅਵੇ ਕਰਦੀ ਹੈ ਕਿ ਅਸੀਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ ਅੱਜ ਇਸੇ ਸਰਕਾਰ ਨੇ ਸਮੱਗਰਾ ਸਿੱਖਿਆ ਅਧੀਨ ਕੰਟਰੈਕਟ ਤੇ ਰੱਖੇ ਮੁੱਖ ਅਧਿਆਪਕਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਵਾਅਦੇ ਕਰਦੀ ਸੀ ਕਿ ਅਸੀਂ ਸਾਰੇ ਅਧਿਆਪਕ ਰੈਗੂਲਰ ਕਰਾਂਗੇ। ਵਰਨਣ ਯੋਗ ਹੈ ਕਿ ਸਰਕਾਰ ਨੇ 2013 ਵਿੱਚ ਮੁੱਖ ਅਧਿਆਪਕਾਂ ਨੂੰ ਭਰਤੀ ਕਰਨ ਦਾ ਇਸ਼ਤਿਹਾਰ ਦਿੱਤਾ ਸੀ।ਜਿਸ ਵਿੱਚ ਭਰਤੀ ਕਰਨ ਸਮੇਂ ਵਿਭਾਗ ਤੋਂ ਤਰੁੱਟੀਆਂ ਰਹੀਆਂ । ਹਾਈ ਕੋਰਟ ਦੇ ਸਿੰਗਲ ਬੈਂਚ ਨੇ ਇਹਨਾਂ 29 ਹੈੰਡਮਾਸਟਰਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆ 2020 ਵਿੱਚ ਇਹਨਾਂ ਨੂੰ ਭਰਤੀ ਕਰਨ ਦਾ ਹੁਕਮ ਦਿੱਤਾ ਸੀ। ਦੂਸਰੀ ਧਿਰ ਨੇ ਇਨ੍ਹਾਂ ਦੇ ਖਿਲਾਫ ਹਾਈ ਕੋਰਟ ਚ ਡਬਲ ਬੈਂਚ ਤੇ ਕੇਸ ਲਗਾਇਆ। ਡਬਲ ਬੈਂਚ ਦਾ ਫੈਸਲਾ ਇਹਨਾਂ 29 ਹੈੱਡਮਾਸਟਰਾਂ ਦੇ ਖਿਲਾਫ ਆਇਆ। ਇਹ ਅਧਿਆਪਕ ਆਪਣੀ ਅਰਜੋਈ ਲੈ ਕੇ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਦੇ ਫੈਸਲੇ ਦੀ ਬਿਨਾਂ ਉਡੀਕ ਕੀਤਿਆਂ 29 ਸਕੂਲ ਮੁੱਖੀਆਂ ਨੂੰ ਰੁਜ਼ਗਾਰ ਤੋਂ ਵਾਂਝੇ ਕਰ ਦਿੱਤਾ। ਸਰਕਾਰ ਨੇ ਇਨਾ ਅਧਿਆਪਕਾਂ ਦਾ ਰੁਜ਼ਗਾਰ ਖੋਹ ਕੇ ਆਪਣੀਆਂ ਕਮਜ਼ੋਰੀਆਂ ਤੇ ਪਰਦਾ ਪਾਇਆ ਹੈ।ਮਾਸਟਰ ਕੇਡਰ ਜ਼ਿਲ੍ਹਾ ਇਕਾਈ ਦੇ ਅਹੁਦੇਦਾਰਾ ਨੇ ਸਰਕਾਰ ਦੇ ਇਸ ਕਦਮ ਦੀ ਜੋਰਦਾਰ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਸਰਕਾਰ ਦੋਵਾਂ ਧਿਰਾਂ ਨੂੰ ਇਨ੍ਹਾਂ ਪੋਸਟਾਂ ਤੇ ਰੈਗੂਲਰ ਕਰੇ। ਸਰਕਾਰ ਇਹਨਾਂ 29 ਹੈੱਡਮਾਸਟਰਾਂ ਦੀ ਜ਼ਿੰਦਗੀ ਦੇ ਪੰਜ ਸਾਲ ਖੂਹ ਖਾਤੇ ਵਿੱਚ ਪਾ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਜਿਹੜੇ ਵੀ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਜਾਂਦਾ ਹੈ , ਸਰਕਾਰ ਨੈਤਿਕ ਜਿੰਮੇਵਾਰੀ ਸਮਝਦੀ ਹੋਈ ਉਹਨਾਂ ਕੇਸਾਂ ਵਿੱਚ ਹਮਦਰਦੀ ਨਾਲ ਵਿਚਾਰ ਕਰੇ । ਭਰਤੀ ਦੀ ਉਮਰ ਲੰਘਾਅ ਚੁੱਕੇ ਅਧਿਆਪਕ ਹੁਣ ਕਿੱਧਰ ਜਾਣ ? ਉਹਨਾਂ ਕਿਹਾ ਕਿ ਸਕੂਲ ਮੁਖੀ ਅਧਿਆਪਕਾਂ ਨੇ ਆਪਣੇ ਬੱਚਿਆਂ ਦੀਆਂ ਪੜ੍ਹਾਈਆਂ ਲਈ ਅਤੇ ਮਕਾਨ ਬਣਾਉਣ ਲਈ ਆਪਣੀ ਨੌਕਰੀ ਦੇ ਅਨੁਸਾਰ ਕਰਜੇ ਚੁੱਕੇ ਹੋਏ ਸਨ। ਇਹ ਪਰਿਵਾਰ ਹੁਣ ਗੰਭੀਰ ਆਰਥਿਕ ਸੰਕਟ ਵਿੱਚ ਫ਼ਸ ਜਾਣਗੇ।ਜਿਲਾ ਆਗੂਆਂ ਨੇ ਕਿਹਾ ਕਿ ਸਰਕਾਰ ਇਹਨਾਂ 29 ਹੈੱਡਮਾਸਟਰਾਂ ਨੂੰ ਫਾਰਗ ਕਰਨ ਦਾ ਫੈਸਲਾ ਤੁਰੰਤ ਵਾਪਸ ਲਵੇ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਇੱਹ ਤੁਗਲ਼ਕੀ ਫੈਸਲਾ ਵਾਪਸ ਨਾ ਲਿਆ ਤਾਂ ਮਾਸਟਰ ਕੇਡਰ ਯੂਨੀਅਨ ਆਉਂਦੇ ਸਮੇਂ ਇਕ ਤਕੜਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ । ਇਸ ਸਮੇਂ ਉਹਨਾਂ ਨਾਲ ਧਰਮਿੰਦਰ ਗੁਪਤਾ ਪਰਮਿੰਦਰ ਸਿੰਘ ਮੋਹਨ ਲਾਲ ਸਰਬਜੀਤ ਕੰਬੋਜ਼ ਵਿਨੋਦ ਕੁਮਾਰ ਤੇ ਐਗਜੈਕਟਿਵ ਮੈਂਬਰ ਆਦਿ ਹਾਜਰ ਸਨ।

Scroll to Top