ਪੰਜਾਬ ਸਰਕਾਰ ਦੇ ਪੈਨਸ਼ਨਰਾਂ ਦੀ ਮੀਟਿੰਗ ਵਿੱਚ ਬਾਲ ਕ੍ਰਿਸ਼ਨ ਨੂੰ ਪ੍ਰਧਾਨ ਅਤੇ ਗੁਰਨਾਮ ਚੰਦ ਨੂੰ ਜਨਰਲ ਸਕੱਤਰ ਚੁਣਿਆ ਗਿਆ।

**ਪੰਜਾਬ ਸਰਕਾਰ ਦੇ ਪੈਨਸ਼ਨਰਾਂ ਦੀ ਮੀਟਿੰਗ ਵਿੱਚ ਬਾਲ ਕ੍ਰਿਸ਼ਨ ਨੂੰ ਪ੍ਰਧਾਨ ਅਤੇ ਗੁਰਨਾਮ ਚੰਦ ਨੂੰ ਜਨਰਲ ਸਕੱਤਰ ਚੁਣਿਆ ਗਿਆ।**ਜਲੰਧਰ:21 ਜੂਨ ( )ਪੰਜਾਬ ਸਰਕਾਰ ਦੇ ਪੈਨਸ਼ਨਰਾਂ ਦੀ ਇੱਕ ਮੀਟਿੰਗ ਬਲਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ‌। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਅਤੇ ਬਲਵਿੰਦਰ ਕੁਮਾਰ ਪ੍ਰਧਾਨ ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫਿਲੌਰ ਨੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਨੂੰ ਸਾਂਝੇ ਕਰਦੇ ਹੋਏ, ਉਹਨਾਂ ਦੀਆਂ ਸਮੱਸਿਆਵਾਂ ਅਤੇ ਸਾਂਝੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਤੀਰੇ ਬਾਰੇ ਵੀ ਵਿਸਥਾਰ ਵਿੱਚ ਦੱਸਿਆ। ਉਹਨਾਂ ਨੇ ਕਿਹਾ ਕਿ ਪੈਨਸ਼ਨਰਾਂ ਨੂੰ ਪੈਂਨਸ਼ਨ ਰੀਵਾਈਜ ਲਈ 2.59 ਦਾ ਗੁਣਾਂਕ ,13 ਪ੍ਰਤੀਸ਼ਤ ਦੀਆਂ ਡੀ ਏ ਦੀਆਂ ਕਿਸ਼ਤਾਂ ਅਤੇ ਪਿਛਲੇ ਬਕਾਏ,ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ ਇੱਕੋ ਵਾਰ ਨਾ ਦੇਣ, ਮੈਡੀਕਲ ਭੱਤਾ 2000/- ਰੁਪਏ ਨਾ ਕਰਨ, ਮੈਡੀਕਲ ਕਲੇਮ ਦੇ ਬਿੱਲ ਲੰਬੇ ਸਮੇਂ ਤੱਕ ਅਦਾ ਨਾ ਕਰਨ ਆਦਿ ਮੰਗਾਂ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਲਾਰੇ ਲੱਪੇ ਦੀ ਨੀਤੀ ਤੇ ਚੱਲਦੇ ਹੋਏ ਆਪਣਾ ਟਾਈਮ ਪਾਸ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਉਪਰੋਕਤ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਵਾਉਣ ਲਈ ਹਰ ਪੱਧਰ ‘ਤੇ ਪੈਨਸ਼ਨਰਾਂ ਦਾ ਜਥੇਬੰਦ ਹੋਣਾ ਅਤੇ ਚੱਲ ਰਹੇ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨੀ ਸਮੇਂ ਦੀ ਬਹੁਤ ਹੀ ਅਹਿਮ ਲੋੜ ਹੈ।ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਗੰਭੀਰਤਾ ਨਾਲ ਵਿਚਾਰ ਚਰਚਾ ਕਰਦੇ ਹੋਏ ਜਲੰਧਰ ਤਹਿਸੀਲ ਦੀ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ। ਐਸੋਸੀਏਸ਼ਨ ਦੀ ਕੀਤੀ ਗਈ ਚੋਣ ਅਨੁਸਾਰ ਸ਼੍ਰੀ ਬਾਲ ਕ੍ਰਿਸ਼ਨ ਬੀ ਪੀ ਈ ਓ ਨੂੰ ਪ੍ਰਧਾਨ, ਸ਼੍ਰੀ ਗੁਰਨਾਮ ਚੰਦ ਹੈਲਥ ਵਿਭਾਗ ਨੂੰ ਜਨਰਲ ਸਕੱਤਰ, ਸ਼੍ਰੀ ਅਵਤਾਰ ਸਿੰਘ ਬੀ ਪੀ ਈ ਓ ਨੂੰ ਵਿੱਤ ਸਕੱਤਰ, ਸ਼੍ਰੀ ਸੂਰਤੀ ਲਾਲ ਬੀ ਪੀ ਈ ਓ ਨੂੰ ਪ੍ਰੈੱਸ ਸਕੱਤਰ ਅਤੇ ਸ੍ਰੀ ਪਰਮਜੀਤ ਸਿੰਘ ਹੈਲਥ ਵਿਭਾਗ ਨੂੰ ਜਥੇਬੰਦਕ ਸਕੱਤਰ ਸਰਬ ਸੰਮਤੀ ਨਾਲ ਚੁਣਿਆ ਗਿਆ। ਪ੍ਰਧਾਨ ਬਾਲ ਕ੍ਰਿਸ਼ਨ ਜੀ ਨੂੰ ਭਵਿੱਖ ਵਿੱਚ ਐਸੋਸੀਏਸ਼ਨ ਦੀ ਕਮੇਟੀ ਦਾ ਹੋਰ ਵਿਸਥਾਰ ਕਰਨ ਦੇ ਅਧਿਕਾਰ ਦਿੱਤੇ ਗਏ। ਚੁਣੇ ਗਏ ਅਹੁਦੇਦਾਰਾਂ ਨੇ ਐਸੋਸੀਏਸ਼ਨ ਦੀ ਮੈਂਬਰਸ਼ਿਪ ਦੀ ਮੁਹਿੰਮ ਨੂੰ ਤੇਜ਼ ਕਰਨ ਦਾ ਭਰੋਸਾ ਦਿੰਦੇ ਹੋਏ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਮੀਟਿੰਗਾਂ ਵਿੱਚ ਆਪ ਅਤੇ ਹੋਰ ਸਾਥੀਆਂ ਨੂੰ ਵੀ ਸ਼ਾਮਿਲ ਕਰਵਾਉਣ ਲਈ ਅਪੀਲ ਕੀਤੀ।ਇਸ ਸਮੇਂ ਹੋਰਨਾਂ ਤੋਂ ਇਲਾਵਾ ਬਾਲ ਕ੍ਰਿਸ਼ਨ, ਸੂਰਤੀ ਲਾਲ, ਗੁਰਨਾਮ ਚੰਦ, ਅਵਤਾਰ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਕੁਮਾਰ, ਮੁਖਤਿਆਰ ਸਿੰਘ, ਸੁੱਚਾ ਰਾਮ, ਕਸ਼ਮੀਰੀ ਲਾਲ,ਬਾਲ ਬਹਾਦਰ ਰਮੇ, ਸੁਰਿੰਦਰ ਪਾਲ,ਤਾਰਾ ਸਿੰਘ ਬੀਕਾ,ਚਰਨ ਦਾਸ, ਸ਼ਿਵ ਦਾਸ, ਸਤਪਾਲ ਮਹਿਮੀ,ਰਤਨ ਸਿੰਘ, ਕੁਲਦੀਪ ਸਿੰਘ ਕੌੜਾ ਆਦਿ ਪੈਨਸ਼ਨਰ ਸਾਥੀ ਹਾਜ਼ਰ ਹੋਏ।

Scroll to Top