
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਹਰਿੰਦਰ ਕੌਰ ਦੀ ਪ੍ਰਵਾਨਗੀ ਅਤੇ ਉਪ-ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਟਿਆਲਾ ਡਾ: ਰਵਿੰਦਰਪਾਲ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਕੂਲ ਦੇ ਡੀਡੀਓ ਰਾਜੀਵ ਕੁਮਾਰ ਹੈੱਡ ਮਾਸਟਰ ਦੀ ਸ਼ੁਭਕਾਮਨਾਵਾਂ ਨਾਲ ਸਰਕਾਰੀ ਹਾਈ ਸਮਾਰਟ ਸਕੂਲ ਰਾਜਪੁਰਾ ਟਾਊਨ (ਪਟਿਆਲਾ) ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਇੱਕ ਦਿਨ ਵਿੱਦਿਅਕ ਟੂਰ ਸ੍ਰੀ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਲਿਜਾਇਆ ਗਿਆ ਜਿਸ ਦੇ ਇੰਚਾਰਜ ਸਾਂਝੇ ਤੌਰ ਤੇ ਸਕੂਲ ਇੰਚਾਰਜ ਸੰਗੀਤਾ ਵਰਮਾ ਸਾਇੰਸ ਮਿਸਟ੍ਰੈਸ ਅਤੇ ਰਾਜਿੰਦਰ ਸਿੰਘ ਚਾਨੀ ਸਸ ਮਾਸਟਰ ਅਤੇ ਸਕਾਊਟ ਮਾਸਟਰ ਸਨ। ਇਸ ਟੂਰ ਦੌਰਾਨ ਗੁਰਜਿੰਦਰ ਕੌਰ ਪੰਜਾਬੀ ਮਿਸਟ੍ਰੈਸ, ਜਸਵਿੰਦਰ ਕੌਰ ਸਾਇੰਸ ਮਿਸਟ੍ਰੈਸ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਿੱਖਿਆ ਸ਼ਾਸ਼ਤਰੀ ਕੁਲਦੀਪ ਵਰਮਾ ਨੇ ਵੀ ਵਿਦਿਆਰਥੀਆਂ ਦੀ ਅਗਵਾਈ ਕੀਤੀ।ਟੂਰ ਅਰਦਾਸ ਉਪਰੰਤ ਸਕੂਲ ਤੋਂ ਰਵਾਨਾ ਹੋਇਆ ਅਤੇ ਅੰਬਾਲਾ, ਜਗਾਧਰੀ, ਯਮੁਨਾਨਗਰ ਹੁੰਦਿਆਂ ਸ੍ਰੀ ਪਾਉਂਟਾ ਸਾਹਿਬ ਪਹੁੰਚਿਆ। ਇੱਥੇ ਸਮੂਹ ਵਿਦਿਆਰਥੀ ਅਤੇ ਅਧਿਆਪਕ ਸ੍ਰੀ ਪਾਉਂਟਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵੱਖ-ਵੱਖ ਸਥਾਨਾਂ ਬਾਰੇ ਜਾਣਕਾਰੀ ਲੈਂਦਿਆਂ ਨਤਮਸਤਕ ਹੋਏ। ਵਿਦਿਆਰਥੀਆਂ ਨੇ ਕੁਝ ਸਮਾਂ ਰਸ-ਭਿੰਨਾ ਕੀਰਤਨ ਸਰਵਨ ਕੀਤਾ ਅਤੇ ਲੰਗਰ ਹਾਲ ਵਿੱਚ ਲੰਗਰ ਦੀ ਸੇਵਾ ਵੀ ਕੀਤੀ। ਇਸ ਉਪਰੰਤ ਯਮੁਨਾ ਨਦੀ ਦੇ ਕਿਨਾਰੇ ਤੇ ਰਹਿ ਕੇ ਨਜਦੀਕ ਦੀਆਂ ਪਹਾੜੀਆਂ ਨੂੰ ਦੇਖਿਆ। ਰਾਜਿੰਦਰ ਸਿੰਘ ਚਾਨੀ ਸਸ ਮਾਸਟਰ ਨੇ ਸਮੂਹ ਹਾਜ਼ਰ ਵਿਦਿਆਰਥੀਆਂ ਨੂੰ ਸ੍ਰੀ ਪਾਉਂਟਾ ਸਾਹਿਬ, ਯਮੁਨਾ ਨਦੀ ਅਤੇ ਇਲਾਕੇ ਦੀਆਂ ਭੁਗੋਲਿਕ ਸਥਿਤੀਆਂ ਬਾਰੇ ਚਾਨਣਾ ਪਾਇਆ। ਸਤਾਰਵੀਂ ਸਦੀ ਦੇ ਆਖਰੀ 2 ਦਹਾਕਿਆਂ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਮਹੱਤਵਪੂਰਨ ਲੜਾਈਆਂ ਜਿਹਨਾਂ ਵਿੱਚ ਭੰਗਾਣੀ ਦੇ ਯੁੱਧ ਅਤੇ ਪੀਰ ਬੁੱਧੂ ਸ਼ਾਹ ਜੀ ਦੇ ਸਢੌਰਾ ਵਿਖੇ ਸਾਥ ਦੇਣ ਸੰਬੰਧੀ ਜਾਣਕਾਰੀ ਵੀ ਦਿੱਤੀ। ਇਸਦੇ ਨਾਲ ਹੀ ਵਣਾਂ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਵਿਦਿਆਰਥੀਆਂ ਨੂੰ ਜਹਾਜ ਦੀ ਬਣਤਰ ਸਮਝਾਉਣ ਲਈ ਜਹਾਜ ਪਾਰਕ ਵਿੱਚ ਵੀ ਲਿਜਾਇਆ ਗਿਆ ਜਿੱਥੇ ਬੱਚਿਆਂ ਨੇ ਹਵਾਈ ਜਹਾਜ ਅਤੇ ਹੈਲੀਕਾਪਟਰ ਦੇ ਨਮੂਨਿਆਂ ਅੰਦਰ ਜਾ ਕੇ ਦੇਖਿਆ ਅਤੇ ਆਨੰਦ ਵੀ ਮਾਣਿਆ।ਸਮੂਹ ਵਿਦਿਆਰਥੀਆਂ ਨੇ ਸਕੂਲ ਦੇ ਡੀਡੀਓ ਸ੍ਰੀ ਰਾਜੀਵ ਕੁਮਾਰ ਜੀ ਹੈੱਡ ਮਾਸਟਰ, ਸ਼੍ਰੀਮਤੀ ਸੰਗੀਤਾ ਵਰਮਾ ਜੀ ਸਕੂਲ ਇੰਚਾਰਜ ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਪਾਉਂਟਾ ਸਾਹਿਬ ਦਾ ਵਿੱਦਿਅਕ ਟੂਰ ਇਤਿਹਾਸਕ ਘਟਨਾਵਾਂ ਦੀ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਰਿਹਾ ਹੈ। ਰਸਤੇ ਵਿੱਚ ਵਿਦਿਆਰਥੀਆਂ ਨੂੰ ਫਲ, ਸਨੈਕਸ-ਚਾਹ, ਖਾਣਾ ਆਦਿ ਦੀ ਵੀ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।