ਮਾਪੇ-ਅਧਿਆਪਕ ਮਿਲਣੀ ਦੌਰਾਨ ਡੀਈਓ ਰਵਿੰਦਰ ਕੌਰ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ

ਮਾਪੇ-ਅਧਿਆਪਕ ਮਿਲਣੀ ਦੌਰਾਨ ਡੀਈਓ ਰਵਿੰਦਰ ਕੌਰ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ(ਔਸ਼ਧੀ ਗੁਣਾਂ ਵਾਲੇ ਪੌਦੇ: ਸਿਹਤ ਤੇ ਵਾਤਾਵਰਣ ਲਈ ਲਾਹੇਵੰਦ – ਰਵਿੰਦਰ ਕੌਰ)

ਲੁਧਿਆਣਾ, 31 ਮਈ: ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਸਾਰੇ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਛੁੱਟੀਆਂ ਦੌਰਾਨ ਦਿੱਤਾ ਜਾਣ ਵਾਲਾ ਘਰ ਦਾ ਕੰਮ ਪ੍ਰਿੰਟ ਰੂਪ ਵਿੱਚ ਮੁਹੱਈਆ ਕਰਵਾਉਣਾ ਅਤੇ ਸੰਸਾਰ ਵਾਤਾਵਰਣ ਦਿਵਸ ਸਬੰਧੀ

ਜਾਗਰੂਕਤਾ ਫੈਲਾਉਣਾ ਸੀ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਰਵਿੰਦਰ ਕੌਰ ਵੱਲੋਂ ਚਾਰ ਬਲਾਕਾਂ ਦੇ ਪੰਜ ਸਕੂਲਾਂ—ਸਰਕਾਰੀ ਪ੍ਰਾਇਮਰੀ ਸਕੂਲ ਰਤਨ (ਬਲਾਕ ਪੱਖੋਵਾਲ), ਸਪਸ ਦਾਦ (ਲੁਧਿਆਣਾ-2), ਸਪਸ ਜਗਰਾਉਂ ਬ੍ਰਿਜ, ਸਪਸ ਗੋਬਿੰਦ ਨਗਰ (ਮਾਂਗਟ-1) ਆਦਿ—ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਮਾਪਿਆਂ ਨਾਲ ਗੱਲਬਾਤ ਕਰਕੇ ਘਰ ਦੇ ਕੰਮ ਦੀ ਜ਼ਿੰਮੇਵਾਰੀ ਅਤੇ ਬਾਰਕੋਡ ਦੁਆਰਾ ਵੀਡੀਓ ਦੇਖ ਕੇ ਗਤੀਵਿਧੀਆਂ ਕਰਵਾਉਣ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਵੱਲੋਂ ਦਾਦਾ-ਦਾਦੀਆਂ ਨੂੰ ਸਕੂਲ ਦੇ “ਬ੍ਰਾਂਡ ਅੰਬੈਸਡਰ” ਵਜੋਂ ਨਿਯੁਕਤ ਕਰਕੇ ਨੈਤਿਕ ਮੁੱਲਾਂ ਦੀ ਸਿੱਖਿਆ ਵਿੱਚ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ, ਸੰਸਾਰ ਵਾਤਾਵਰਣ ਦਿਵਸ ਦੇ ਮੌਕੇ ‘ਤੇ ਔਸ਼ਧੀ ਗੁਣਾਂ ਵਾਲੇ ਪੌਦਿਆਂ—ਨਿੰਮ, ਤੁਲਸੀ, ਸੁਹੰਜਣਾਂ, ਅਰਜਨ, ਗਲੋਅ, ਪਿੱਪਲ, ਬੋਹੜ, ਹਰੜ, ਬਹੇੜਾ ਅਤੇ ਆਂਵਲੇ—ਦੇ ਲਾਭ ਬਾਰੇ ਵੀ ਜਾਣੂ ਕਰਵਾਇਆ ਗਿਆ।ਸਿੱਖਿਆ ਅਫਸਰ ਵੱਲੋਂ ਮਾਪਿਆਂ ਅਤੇ ਬੱਚਿਆਂ ਨੂੰ ਕੱਪੜੇ ਦੇ ਬੈਗ ਅਤੇ ਔਸ਼ਧੀ ਗੁਣਾਂ ਵਾਲੇ ਬੂਟੇ ਤੋਹਫੇ ਵਜੋਂ ਵੰਡੇ ਗਏ। ਉਨ੍ਹਾਂ ਨੂੰ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਛੱਡ ਕੇ ਪ੍ਰਕ੍ਰਿਤੀ-ਮਿਤਰ ਵਿਕਲਪ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ।ਇਸ ਦੌਰਾਨ ਉਪ-ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਮਨੋਜ ਕੁਮਾਰ ਵੱਲੋਂ ਵੀ ਬਲਾਕ ਸੁਧਾਰ ਅਤੇ ਪੱਖੋਵਾਲ ਦੇ ਕਈ ਸਕੂਲਾਂ ਦਾ ਦੌਰਾ ਕਰਕੇ ਮਾਪਿਆਂ ਨਾਲ ਸੰਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਮਨਮੀਤਪਾਲ ਸਿੰਘ ਗਰੇਵਾਲ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

Scroll to Top