
**ਮਿੱਡ-ਡੇ-ਮੀਲ ਵਰਕਰਾਂ 16 ਅਗੱਸਤ ਦੀ ਸੰਗਰੂਰ ਰੈਲੀ ਵਿੱਚ ਕਰਨਗੀਆਂ ਭਰਵੀਂ ਸ਼ਮੂਲੀਅਤ****ਮਿੱਡ ਡੇ ਮੀਲ ਵਰਕਰਾਂ ਨੂੰ ਰੈਗੂਲਰ ਕਰਵਾਉਣ ਅਤੇ ਘੱਟੋ ਘੱਟ ਉਜਰਤ ਲਾਗੂ ਕਰਵਾਉਣਾ ਮੁੱਖ ਮੰਗਾਂ** ਗੁਰਾਇਆ:14 ਅਗੱਸਤ ( ) ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ, ਬਲਾਕ ਗੁਰਾਇਆ 01 ਅਤੇ 02 ਦੀ ਭਰਵੀਂ ਮੀਟਿੰਗ ਗੁਰਾਇਆ ਵਿਖੇ ਸਿਮਰਨ ਪਾਸਲਾ ਅਤੇ ਚਰਨਜੀਤ ਕੌਰ ਮਾਹਲਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ 16 ਅਗੱਸਤ ਨੂੰ ਸੰਗਰੂਰ ਵਿਖੇ ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਵੱਲੋਂ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਸ਼ਮੂਲੀਅਤ ਕਰਨ ਸੰਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ।ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਗੁਰਾਇਆ ਦੀਆਂ ਆਗੂਆਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਮਿੱਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਗੰਭੀਰਤਾ ਨਾ ਦਿਖਾਉਣ ਸੰਬੰਧੀ ਮਿੱਡ -ਡੇ-ਮੀਲ ਵਰਕਰਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ।ਆਮ ਆਦਮੀ ਪਾਰਟੀ ਦੀ ਸ.ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੇ ਸਾਢੇ ਤਿੰਨ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੀਤੇ ਗਏ ਚੋਣ ਵਾਅਦੇ ਅਨੁਸਾਰ ਮਿੱਡ-ਡੇ-ਮੀਲ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਨਹੀਂ ਕੀਤਾ। 16 ਅਗੱਸਤ ਦੀ ਸੂਬਾਈ ਰੈਲੀ ਦੀਆਂ ਮੁੱਖ ਮੰਗਾਂ ਮਿੱਡ ਡੇ ਮੀਲ ਵਰਕਰਾਂ ਨੂੰ ਰੈਗੂਲਰ ਕਰਵਾਉਣਾ ਅਤੇ ਉਹਨਾਂ ਤੇ ਘੱਟੋ ਘੱਟ ਉਜਰਤ ਨੂੰ ਲਾਗੂ ਕਰਵਾ ਕੇ 18000/- ਰੁਪਏ ਮਹੀਨਾ ਮਿਹਨਤਾਨਾ ਪ੍ਰਾਪਤ ਕਰਨਾ ਹੈ। ਜਦੋਂ ਤੱਕ ਰੈਗੂਲਰ ਕਰਨ ਅਤੇ ਘੱਟੋ ਘਟ ਉਜਰਤ ਲਾਗੂ ਨਹੀਂ ਹੁੰਦੀ ਉੱਥੋਂ ਤੱਕ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਚੋਣ ਵਾਅਦੇ ਅਨੁਸਾਰ ਆਪਣੇ ਮਾਣ ਭੱਤੇ ਨੂੰ ਦੁੱਗਣਾ ਕਰਵਾ ਕੇ ਮਾਣ ਭੱਤਾ 6000/- ਰੁਪਏ ਮਹੀਨਾ ਤੁਰੰਤ ਲਾਗੂ ਕਰਨ ਲਈ ਲਗਾਤਾਰ ਸੰਘਰਸ਼ ਚਲਾ ਕੇ ਪੰਜਾਬ ਸਰਕਾਰ ਨੂੰ ਅਤਿ ਮਜਬੂਰ ਕਰਨਾ ਹੈ।ਮਿੱਡ ਡੇ ਮੀਲ ਵਰਕਰਾਂ ਨੂੰ ਦਿੱਤਾ ਜਾਂਦਾ ਮਾਮੂਲੀ ਜਿਹਾ ਮਾਣ ਭੱਤਾ ਦੇਣ ਲਈ ਵਾਰ ਵਾਰ ਵੱਖ -ਵੱਖ ਬੈਂਕਾਂ ਵਿੱਚ ਖ਼ਾਤਾ ਖੋਲ੍ਹਣ ਲਈ ਖੱਜਲ ਖੁਆਰ ਕਰਨਾ ਵੀ ਬੰਦ ਕੀਤਾ ਜਾਵੇ ਅਤੇ ਜੋ ਪਹਿਲਾਂ ਹੀ ਬੈਂਕ ਖਾਤੇ ਚੱਲ ਰਹੇ ਹਨ, ਉਹਨਾਂ ਵਿੱਚ ਹੀ ਮਾਣ ਭੱਤਾ ਲਾਗਾਤਾਰ ਪਾਇਆ ਜਾਵੇ।ਸਾਲ ਦੌਰਾਨ ਦੋ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ,ਹਰ 25 ਬੱਚਿਆਂ ਪਿੱਛੇ ਇੱਕ ਹੋਰ ਵਾਧੂ ਵਰਕਰ ਨਹੀਂ ਰੱਖੀ ਜਾ ਰਹੀ,ਮਿੱਡ -ਡੇ-ਮੀਲ ਵਰਕਰਾਂ ਤੋਂ ਜ਼ਬਰੀ ਹੋਰ ਵਾਧੂ ਕੰਮ ਲੈਣੇ ਬੰਦ ਨਹੀਂ ਕੀਤੇ ਜਾ ਰਹੇ, ਸਰਵਿਸ ਬੁੱਕਾਂ ਨਹੀਂ ਲਗਾਈਆਂ ਜਾ ਰਹੀਆਂ, ਪਛਾਣ ਪੱਤਰ ਜਾਰੀ ਨਹੀਂ ਕੀਤੇ ਜਾ ਰਹੇ ਆਦਿ ਮੰਗਾਂ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। 16 ਅਗੱਸਤ ਦੀ ਸੰਗਰੂਰ ਸੂਬਾਈ ਰੈਲੀ ਵਿੱਚ ਸ਼ਾਮਲ ਹੋਣ ਲਈ ਬੱਸ ਸਟੈਂਡ ਗੁਰਾਇਆ ਤੋਂ ਠੀਕ 8:00 ਵਜੇ ਵਹੀਕਲ ਚਲਾਉਣ ਦਾ ਫੈਸਲਾ ਵੀ ਕੀਤਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਅਮਰਜੀਤ ਕੌਰ, ਸੱਤਿਆ ਦੇਵੀ, ਹਰਜਿੰਦਰ ਕੌਰ, ਕਸ਼ਮੀਰ ਕੌਰ, ਰਾਜ ਰਾਣੀ, ਜਸਵੀਰ ਕੌਰ,ਕਿਰਨ, ਮਨਜੋਤ,ਰੇਖਾ, ਸਿਮਰਜੀਤ, ਕਮਲਜੀਤ, ਅਮਨਦੀਪ ਕੌਰ ਆਦਿ ਤੋਂ ਇਲਾਵਾ ਮਿੱਡ -ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਸਲਾਹਕਾਰ ਅਤੇ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਬਲਾਕ ਗੁਰਾਇਆ 02 ਦੇ ਪ੍ਰਧਾਨ ਸੁਖਵਿੰਦਰ ਰਾਮ ਅਤੇ ਕੁਲਦੀਪ ਸਿੰਘ ਕੌੜਾ ਆਦਿ ਵੀ ਸ਼ਾਮਲ ਸਨ।