
ਵਧਦੀ ਅਬਾਦੀ ਸਿੱਖਿਆ ਤੇ ਸਿਹਤ ਲਈ ਵੱਡਾ ਖਤਰਾ: ਰਵਿੰਦਰ ਕੌਰ ( ਡੀ ਈ ੳ ਐਲੀਮੈਂਟਰੀ ਸਿੱਖਿਆ)
ਅੱਜ ਵਿਸ਼ਵ ਜਨਸੰਖਿਆ ਦਿਵਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਲੁਧਿਆਣਾ ਦੀ ਅਗਵਾਈ ਹੇਠ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੁਆਰਾ ਵਧਦੀ ਅਬਾਦੀ ਦੇ ਨੁਕਸਾਨਾਂ ਬਾਰੇ ਪੇਂਟਿੰਗ, ਕਵਿਤਾ, ਭਾਸ਼ਣ ਅਤੇ ਡਰਾਇੰਗ ਆਦਿ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ
ਜਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਰਵਿੰਦਰ ਕੌਰ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਸ਼ਵ ਜਨਸੰਖਿਆ ਦਿਵਸ ਤੇ ਬੱਚਿਆਂ ਨੂੰ ਵੱਧ ਰਹੀ ਅਬਾਦੀ ਦੇ ਨੁਕਸਾਨ ਦੱਸਣ ਲਈ ਅਧਿਆਪਕਾਂ ਦੁਆਰਾ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਸਾਡੇ ਦੇਸ਼ ਭਾਰਤ ਦੀ ਅਬਾਦੀ ਲੱਗਭਗ 144 ਕਰੋੜ ਦੇ ਕਰੀਬ ਹੋ ਗਈ ਹੈ ਤੇ ਇਸ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਬਾਦੀ ਦੇ ਵਾਧੇ ਕਾਰਨ ਲੋਕ ਜਰੂਰੀ ਸਹੂਲਤਾਂ ਜਿਵੇ ਸਿੱਖਿਆ ਅਤੇ ਸਿਹਤ ਤੋਂ ਵਾਂਝੇ ਹੋ ਰਹੇ ਹਨ। ਬੇਸ਼ੱਕ ਸਰਕਾਰਾਂ ਸਮੇਂ ਸਮੇਂ ਤੇ ਲੋਕ ਭਲਾਈ ਦੀਆਂ ਸਕੀਮਾਂ ਬਣਾ ਕੇ ਇਹ ਸਹੂਲਤਾਂ ਹਰ ਵਿਅਕਤੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਫਿਰ ਵੀ ਇੰਨੀ ਵੱਡੀ ਅਬਾਦੀ ਨੂੰ ਇਹ ਸਹੂਲਤਾਂ ਸਹੀ ਰੂਪ ਵਿੱਚ ਦੇਣਾ ਕਈ ਵਾਰ ਸਰਕਾਰਾਂ ਲਈ ਵੀ ਸਿਰਦਰਦੀ ਬਣ ਜਾਂਦਾ ਹੈ। ਇਸ ਲਈ ਸਾਨੂੰ ਇਹੋ ਜਿਹੇ ਵਿਸ਼ੇਸ਼ ਦਿਨਾਂ ਤੇ ਸਕੂਲੀ ਬੱਚਿਆਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਵੱਧਦੀ ਅਬਾਦੀ ਦੇ ਨੁਕਸਾਨਾਂ ਤੋਂ ਜਾਗਰੂਕ ਕਰਵਾਉਣਾ ਚਾਹੀਦਾ ਹੈ, ਤਾਂ ਜੋ ਸਿੱਖਿਆ ਤੇ ਸਿਹਤ ਵਰਗੀਆਂ ਜਰੂਰੀ ਸਹੂਲਤਾਂ ਹਰ ਵਿਅਕਤੀ ਤੱਕ ਪਹੁੰਚ ਸਕਣ।