
ਰਾਜਨੀਤਕ ਲਾਹੇ ਲਈ ਉਦਘਾਟਨ ਸਮਾਰੋਹ ਮੌਕੇ ਅਧਿਆਪਕਾਂ ਨੂੰ ਸੱਦਣਾ ਗੈਰ ਵਾਜਬ: ਡੀ ਟੀ ਐੱਫ ਅਧਿਆਪਕਾਂ ਨੂੰ ਦੂਰ ਦੁਰੇਡੇ ਸੱਦਣਾ ਸਿਆਸੀ ਹਿੱਤਾਂ ਤੋਂ ਪ੍ਰੇਰਿਤ : ਡੀ ਟੀ ਐੱਫ ਚੰਡੀਗੜ੍ਹ, 30 ਜੁਲਾਈ( )ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਸਕੂਲੀ ਸਿੱਖਿਆ ਵਿੱਚ ਜੋੜੇ ਗਏ ਨਵੇਂ ਪਾਠਕ੍ਰਮ ਸਬੰਧੀ ਪਹਿਲੀ ਅਗਸਤ ਨੂੰ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਐਮੀਨੈਂਸ ਸਕੂਲ ਅਰਨੀਵਾਲਾ ਸ਼ੇਖ ਸ਼ੁਭਾਨ ਵਿਖੇ ਉਦਘਾਟਨੀ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਇਕੱਠ ਦਿਖਾਉਣ ਲਈ ਫਾਜ਼ਿਲਕਾ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜ਼ਪੁਰ ਅਤੇ ਮੋਗਾ ਦੇ ਸਕੂਲ ਮੁਖੀਆਂ, ਅਧਿਆਪਕਾਂ, ਬਲਾਕ ਰਿਸੋਰਸ ਪਰਸਨ ਅਤੇ ਜ਼ਿਲ੍ਹਾ ਰਿਸੋਰਸ ਪਰਸਨ ਨੂੰ ਵੀ ਸੱਦਿਆ ਗਿਆ ਹੈ। ਅਧਿਆਪਕ ਜੱਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਨੇ ਹਜ਼ਾਰਾਂ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਦੂਰ ਦੁਰੇਡੇ ਸੱਦਣ ‘ਤੇ ਗੰਭੀਰ ਸਵਾਲ ਚੁੱਕਦੇ ਹੋਏ ਇਸ ਨੂੰ ਪੰਜਾਬ ਸਰਕਾਰ ਦਾ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਗੈਰ ਵਾਜਿਬ ਫੈਸਲਾ ਕਰਾਰ ਦਿੱਤਾ ਹੈਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਸਿੱਖਿਆ ਨੂੰ ਪਹਿਲ ਦੇਣ ਅਤੇ ਸਿੱਖਿਆ ਕ੍ਰਾਂਤੀ ਵਰਗੇ ਦਾਅਵੇ ਕੀਤੇ ਜਾਂਦੇ ਹਨ ਜਦ ਕਿ ਹਕੀਕਤ ਵਿੱਚ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਦੇ ਵਿੱਚ ਉਲਝਾਇਆ ਜਾਂਦਾ ਹੈ। ਉਹਨਾਂ ਨੂੰ ਗੈਰ ਵਿੱਦਿਅਕ ਕੰਮਾਂ ਲਈ ਵਾਰ-ਵਾਰ ਸਕੂਲ ਤੋਂ ਬਾਹਰ ਕੱਢ ਕੇ ਵਿਦਿਆਰਥੀਆਂ ਤੋਂ ਦੂਰ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਇਸਦੇ ਸਿੱਖਿਆ ਪ੍ਰਤੀ ਸੁਹਿਰਦ ਹੋਣ ‘ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦੀਆਂ ਹਨ। ਪਹਿਲਾਂ ਹੀ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਕੂਲਾਂ ਵਿੱਚੋਂ ਜਦੋਂ ਅਜਿਹੇ ਪ੍ਰੋਗਰਾਮਾਂ ਲਈ ਅਧਿਆਪਕਾਂ ਨੂੰ ਸੱਦਿਆ ਜਾਂਦਾ ਹੈ ਤਾਂ ਉਹਨਾਂ ਸਕੂਲਾਂ ਵਿੱਚ ਪਿੱਛੇ ਰਹਿ ਗਏ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣਾ ਨਿਸ਼ਚਿਤ ਹੈ। ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਲਿਸਟਾਂ ਜਾਰੀ ਕਰਕੇ ਕਈ ਸਕੂਲਾਂ ਵਿੱਚੋਂ 10 ਤੋਂ 15 ਅਧਿਆਪਕਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਹਦਾਇਤ ਕੀਤੀ ਗਈ ਹੈ। ਇਕੱਲੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 106 ਸਕੂਲ ਮੁਖੀਆਂ ਅਤੇ 562 ਅਧਿਆਪਕਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਸਮੇਤ 1000 ਤੋਂ ਵਧੇਰੇ ਅਧਿਆਪਕ ਅਤੇ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਅਤੇ ਮੋਗਾ ਤੋਂ 300 ਤੋਂ 400 ਅਧਿਆਪਕ ਪ੍ਰਤੀ ਜ਼ਿਲ੍ਹਾ ਸੱਦੇ ਜਾਣ ਦੀ ਸੂਚਨਾ ਮਿਲੀ ਹੈ।ਡੀ ਟੀ ਐੱਫ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹੋ ਜਿਹੀਆਂ ਸ਼ੋਸ਼ੇਬਾਜੀਆਂ ਨੂੰ ਛੱਡ ਕੇ ਜ਼ਮੀਨੀ ਪੱਧਰ ‘ਤੇ ਨਸ਼ਿਆਂ ਖ਼ਿਲਾਫ਼ ਜਾਗਰੁਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ ਅਤੇ ਰਾਜਨੀਤਕ ਲਾਹੇ ਲਈ ਇਕੱਠ ਵਿਖਾਉਣ ਲਈ ਸਕੂਲਾਂ ਦੇ ਵਿੱਦਿਅਕ ਮਾਹੌਲ ਨੂੰ ਲੀਹੋਂ ਲਾਹੁਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।