ਏ.ਐਸ ਕਾਲਜ ( ਲੜਕੀਆਂ) ਖੰਨਾ ਵਿਖੇ ਡਾ. ਬਲਰਾਮ ਸ਼ਰਮਾ ਵੱਲੋਂ ਸਵੀਪ ਪ੍ਰੋਗਰਾਮ ਤਹਿਤ ਭਾਸ਼ਣ ਦੀ ਪੇਸ਼ਕਾਰੀ
-ਨੌਜਵਾਨ ਪੀੜ੍ਹੀ ਦੇਸ਼ ਦੇ ਭਵਿੱਖ ਦੀ ਨਿਰਮਾਤਾ– ਡਾ. ਬਲਰਾਮ ਸ਼ਰਮਾ
ਏ.ਐਸ ਹਾਈ ਸਕੂਲ ਖੰਨਾ ਟਰਸਟ ਅਤੇ ਮੈਨੇਜਮੈਂਟ ਸੁਸਾਇਟੀ ਦੀ ਦੇਖ ਰੇਖ ਹੇਠ ਚੱਲ ਰਹੇ ਏ.ਐਸ ਕਾਲਜ ਫਾਰ ਵਿਮਨ ਖੰਨਾ ਵਿਖੇ ਕਾਲਜ ਪ੍ਰਿੰਸੀਪਲ ਡਾ.ਪ੍ਰਭਜੀਤ ਕੌਰ ਤੇ ਨੋਡਲ ਅਫਸਰ ਡਾ. ਅਮਰਦੀਪ ਦੀ ਅਗਵਾਈ ਵਿੱਚ ਸਵੀਪ ਪ੍ਰੋਗਰਾਮ ਤਹਿਤ ਕਾਲਜ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵੋਟਰ ਜਾਗਰੂਕਤਾ ਮੁਹਿੰਮ ਸੰਬੰਧੀ ਭਾਸ਼ਣ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪ੍ਰਮੁੱਖ ਬੁਲਾਰੇ ਵਜੋਂ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਨੇ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਦਾ ਆਯੋਜਨ ਚੋਣਕਾਰ ਰਜਿਸਟ੍ਰੇਸ਼ਨ ਅਫਸਰ 057 ਖੰਨਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਡਾ. ਬਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਵਿਧਾਨ ਸਭਾ ਹਲਕਾ ਖੰਨਾ ਦੇ ਸਵੀਪ ਨੋਡਲ ਅਫਸਰ ਪ੍ਰਿੰਸੀਪਲ ਵਿਸ਼ਾਲ ਵਸ਼ਿਸ਼ਟ ਦੀ ਅਗਵਾਈ ਵਿਚ ਉਲੀਕਿਆ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਡਾ. ਬਲਰਾਮ ਸ਼ਰਮਾ ਨੇ ਕਿਹਾ ਕਿ ਭਾਰਤ ਵਰਗੇ ਲੋਕਤੰਤਰਿਕ ਦੇਸ਼ ਵਿੱਚ ਵੋਟ ਦੇ ਅਧਿਕਾਰ ਦਾ ਸਭ ਤੋਂ ਵਧੇਰੇ ਮਹੱਤਵ ਹੈ ਸਾਡੀ ਨੌਜਵਾਨ ਪੀੜ੍ਹੀ ਦੇਸ਼ ਦੇ ਭਵਿੱਖ ਦੀ ਨਿਰਮਾਤਾ ਹੈ ਉਨਾਂ ਕਿਹਾ ਕਿ ਵੋਟ ਦੇ ਅਧਿਕਾਰ ਦੀ ਤਾਕਤ ਦੇ ਨਾਲ ਅਸੀਂ ਬਿਨਾਂ ਹਥਿਆਰਾਂ ਅਤੇ ਖੂਨ ਖਰਾਬੇ ਤੋਂ ਰਾਜਨੀਤਿਕ ਸਤਾ ਦਾ ਪਰਿਵਰਤਨ ਕਰਕੇ ਇਸ ਵਿਚਲੀਆਂ ਵਿਸੰਗਤੀਆਂ ਨੂੰ ਦੂਰ ਕਰ ਸਕਦੇ ਹਾਂ। ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਅਸੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਲੋਭ,ਲਾਲਚ, ਡਰ ,ਭੈਅ,ਰੰਗ, ਨਸਲ, ਨਸ਼ੇ ਧਰਮ ਅਤੇ ਜਾਤੀ ਦੇ ਪ੍ਰਭਾਵ ਤੋਂ ਕਰੀਏ। ਉਹਨਾਂ ਵੱਲੋਂ ਸਾਰੀਆਂ ਲੜਕੀਆਂ ਨੂੰ ਆਪਣੀ ਵੋਟ ਬਣਾਉਣ ਅਤੇ ਇਸ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕਿਹਾ ਗਿਆ। ਇਸ ਮੌਕੇ ਡਾ. ਚਮਕੌਰ ਸਿੰਘ ਦੁਆਰਾ ਬਲਰਾਮ ਸ਼ਰਮਾ ਵੱਲੋਂ ਦਿੱਤੇ ਗਏ ਵਿਸ਼ੇਸ਼ ਭਾਸ਼ਣ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਲੜਕੀਆਂ ਨੂੰ ਰਾਜਨੀਤਿਕ ਰੂਪ ਵਿੱਚ ਜਾਗ੍ਰਿਤ ਹੋਣ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਕਾਲਜ ਦੀ ਪ੍ਰਿੰਸੀਪਲ ਡਾ. ਪ੍ਰਭਜੀਤ ਕੌਰ ਅਤੇ ਪ੍ਰਬੰਧਕਾਂ ਵੱਲੋਂ ਡਾ. ਬਲਰਾਮ ਸ਼ਰਮਾ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਉਕਤ ਤੋਂ ਇਲਾਵਾ ਡਾ.ਰਜਨੀ ਛਾਬੜਾ, ਪ੍ਰੋ.ਸਵਿਤਾ ਖੰਨਾ, ਪ੍ਰੋ. ਸੋਨੀਆ, ਪ੍ਰੋ. ਕਮਲਜੀਤ ਸਿੰਘ, ਪ੍ਰੋ. ਹਰਿੰਦਰ ਕੌਰ, ਪ੍ਰੋ.ਰਣਜੀਤ ਕੌਰ ਤੇ ਵੱਡੀ ਗਿਣਤੀ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਮੌਜੂਦ ਸਨ।ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਸ਼ਵਿੰਦਰ ਸਿੰਘ, ਉਪ ਪ੍ਰਧਾਨ ਸੁਸ਼ੀਲ ਕੁਮਾਰ, ਜਨਰਲ ਸਕੱਤਰ ਐਡਵੋਕੇਟ ਬਰਿੰਦਰ ਡੈਵਿਡ ਅਤੇ ਐਡਵੋਕੇਟ ਅਮਿਤ ਵਰਮਾ ਵੱਲੋਂ ਕਾਲਜ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਗਈ।
ਕੈਪਸ਼ਨ-ਸਵੀਪ ਪ੍ਰੋਗਰਾਮ ਤਹਿਤ ਵਿਸ਼ੇਸ਼ ਭਾਸ਼ਣ ਲਈ ਡਾ. ਬਲਰਾਮ ਸ਼ਰਮਾ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਡਾ. ਪ੍ਰਭਜੀਤ ਕੌਰ, ਨੋਡਲ ਅਫਸਰ ਡਾ.ਅਮਰਦੀਪ ਸਿੰਘ ਅਤੇ ਪ੍ਰਬੰਧਕ।