**ਪੂਰੀ ਜ਼ਿੰਦਗੀ ਸੰਘਰਸ਼ਾਂ ਦੇ ਮੋਹਰੀ ਆਗੂ ਰਹੇ ਸੰਘਰਸ਼ੀ ਯੋਧੇ ਪ੍ਰੀਤਮ ਸਿੰਘ ਆਜ਼ਾਦ ਨੂੰ ਪੈਂਨਸ਼ਨਰ ਦਿਵਸ ‘ਤੇ ਕੀਤਾ ਸਨਮਾਨਿਤ**
ਫ਼ਗਵਾੜਾ:24ਦਸੰਬਰ ਪਿਛਲੇ ਦਿਨੀਂ ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਵਲੋਂ ਪੈਂਨਸ਼ਨਰ ਦਿਵਸ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਪੈਂਨਸ਼ਨਰ ਦਿਵਸ ਮਨਾਉਣ ਸਮੇਂ ਜ਼ਿੰਦਗੀ ਦੀਆਂ ਅੱਸੀ ਤੋਂ ਉੱਪਰ ਬਹਾਰਾਂ ਮਾਣ ਚੁੱਕੇ ਪੈਂਨਸ਼ਨਰ ਸਾਥੀਆਂ ਦਾ ਸਨਮਾਨ ਕੀਤਾ ਗਿਆ ਸੀ।ਉਸ ਦਿਨ ਸਾਥੀ ਪ੍ਰੀਤਮ ਸਿੰਘ ਆਜ਼ਾਦ ਕਿਸੇ ਮਜ਼ਬੂਰੀ ਵੱਸ ਪੈਂਨਸ਼ਨਰ ਦਿਵਸ ਸਮਾਗਮ ਵਿੱਚ ਸ਼ਿਰਕਤ ਨਹੀਂ ਕਰ ਸਕੇ ਸਨ। ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਵਲੋਂ ਕੀਤੇ ਗਏ ਸਰਬਸੰਮਤੀ ਦੇ ਫੈਸਲੇ ਅਨੁਸਾਰ ਪ੍ਰਧਾਨ ਮੋਹਣ ਸਿੰਘ ਭੱਟੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਸੂਬਾਈ ਪੈਂਨਸ਼ਨਰ ਆਗੂ ਕਰਨੈਲ ਸਿੰਘ ਸੰਧੂ, ਹਰਭਜਨ ਲਾਲ ਕੌਲ, ਸਤਪਾਲ ਸਿੰਘ,ਪ੍ਰਭਾਤ ਕੁਮਾਰ ਆਦਿ ਸਾਥੀਆਂ ਨੇ ਪੂਰੀ ਜ਼ਿੰਦਗੀ ਸੰਘਰਸ਼ਾਂ ਦੇ ਮੋਹਰੀ ਰਹੇ ਸੰਘਰਸ਼ੀ ਯੋਧੇ ਸਾਥੀ ਪ੍ਰੀਤਮ ਸਿੰਘ ਆਜ਼ਾਦ ਨੂੰ ਮਾਣ ਤੇ ਸਤਿਕਾਰ ਸਹਿਤ ਇਨਕਲਾਬੀ ਭਾਵਨਾਵਾਂ ਨਾਲ ਨਿੱਘੇ ਦਿਲੋਂ ਸਨਮਾਨਿਤ ਕੀਤਾ। ਸਨਮਾਨਿਤ ਹੋਣ ਸਮੇਂ ਉਹਨਾਂ ਦੇ ਚਿਹਰੇ ‘ਤੇ ਅਥਾਹ ਖੁਸ਼ੀ ਅਤੇ ਰੌਣਕਾਂ ਝਲਕਾਂ ਮਾਰ ਰਹੀ ਸੀ। ਪੂਰੀ ਤਰ੍ਹਾਂ ਮਾਨਸਿਕ ਤੌਰ ‘ਤੇ ਮਜ਼ਬੂਤ ਦਿਖਾਈ ਦਿੰਦੇ ਸਾਥੀ ਪ੍ਰੀਤਮ ਸਿੰਘ ਆਜ਼ਾਦ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ਾਂ ਦੀ ਸਾਂਝ ਪਾਉਂਦੇ ਦੱਸਿਆ ਕਿ ਕਿਵੇਂ ਉਹਨਾਂ ਨੇ 1950 ਤੋਂ ਗੌਰਮਿੰਟ ਟੀਚਰਜ਼ ਯੂਨੀਅਨ ਦੀਆਂ ਸਰਗਰਮੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕੀਤਾ।1952-53 ਵਿੱਚ ਪੈਪਸੂ ਦੀ ਸਰਕਾਰ ਵਲੋਂ ਟ੍ਰੇਨਿੰਗ ਤੇ ਭੇਜੇ ਗਏ ਅਧਿਆਪਕਾਂ ਦੀਆਂ ਰੋਕੀਆਂ ਤਨਖਾਹਾਂ ਨੂੰ ਬਹਾਲ ਕਰਵਾਉਣ ਲਈ ਸੰਘਰਸ਼ੀ ਜਿੱਤ ਪ੍ਰਾਪਤ ਕੀਤੀ। 50ਵਿਆਂ ਵਿੱਚ ਹੀ ਉਹ ਕਮਿਊਨਿਸਟ ਪਾਰਟੀ ਦੇ ਸੰਪਰਕ ਵਿੱਚ ਆ ਗਏ। ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈਣ ਕਰਕੇ ਆਪ ਨੂੰ ਸਰਕਾਰੀ ਨੋਕਰੀ ਤੋਂ ਪੈਪਸੂ ਸਰਕਾਰ ਵਲੋਂ ਸਸਪਐਂਡ ਵੀ ਕੀਤਾ ਗਿਆ। ਉਹਨਾਂ ਦੀ ਜ਼ਿੰਦਗੀ ਦੇ ਸੰਘਰਸ਼ਾਂ ਦੀ ਗਾਥਾ ਸੁਣ ਕੇ ਸਨਮਾਨਿਤ ਕਰਨ ਗਏ ਪੈਂਨਸ਼ਨਰ ਆਗੂਆਂ ਨੂੰ ਵੀ ਉਤਸ਼ਾਹ ਮਿਲਿਆ ਕਿ ਆਪਣੇ ਬੁਢੇਪੇ ਦੀ ਡੰਗੋਰੀ ਪੁਰਾਣੀ ਪੈਂਨਸ਼ਨ ਨੂੰ ਬਹਾਲ ਰੱਖਣ ਲਈ ਮੌਜੂਦਾ ਸਰਕਾਰਾਂ ਦੇ ਵਿਰੁੱਧ ਲਗਾਤਾਰ ਸੰਘਰਸ਼ ਕਰਨਾ ਹੀ ਪੈਣਾ ਹੈ ਕਿਉਂਕਿ ਮੌਜੂਦਾ ਸਰਕਾਰਾਂ ਨੇ 2004 ਤੋਂ ਨਿਯੁਕਤ ਮੁਲਾਜ਼ਮਾਂ ਦੀ ਪੁਰਾਣੀ ਪੈਂਨਸ਼ਨ ਬੰਦ ਕਰ ਕੇ ਨਿਊ ਪੈਨਸ਼ਨ ਸਕੀਮ ਚਾਲੂ ਕੀਤੀ ਹੋਈ ਹੈ,ਜੋ ਸਿਰਫ਼ ਤੇ ਸਿਰਫ਼ ਨਾਂ ਦੀ ਹੀ ਪੈਂਨਸ਼ਨ ਹੈ ਅਤੇ ਵਿੱਚ ਕੁੱਝ ਵੀ ਨਹੀਂ ਹੈ।97ਵੇਂ ਵਰ੍ਹੇ ਵਿੱਚ ਦਾਖਲ ਸਾਥੀ ਪ੍ਰੀਤਮ ਸਿੰਘ ਆਜ਼ਾਦ ਨੂੰ ਸਨਮਾਨਿਤ ਕਰਕੇ ਅਸੀਂ ਵੀ ਮਾਣ ਮਹਿਸੂਸ ਕਰ ਰਹੇ ਹਾਂ ਅਤੇ ਕਾਮਨਾ ਕਰਦੇ ਹਾਂ ਕਿ ਉਹ ਤੰਦਰੁਸਤੀ ਅਤੇ ਖੁਸ਼ੀਆਂ ਭਰਪੂਰ ਜ਼ਿੰਦਗੀ ਮਾਣਦੇ ਹੋਏ 100 ਸਾਲ ਜ਼ਿੰਦਗੀ ਦੇ ਪੂਰੇ ਕਰਨ ਅਤੇ ਅਸੀਂ ਫਿਰ ਉਹਨਾਂ ਨੂੰ ਖੁਸ਼ੀ ਖੁਸ਼ੀ ਸਨਮਾਨਿਤ ਕਰੀਏ।