
ਈ.ਟੀ.ਟੀ. 5994 ਬੈਕਲਾਗ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪੰਜ ਆਗੂ ਰਿਹਾਅ, ਭਰਤੀ ਨੂੰ ਲੈ ਕੇ ਸੰਘਰਸ਼ ਜਾਰੀ
ਸੰਗਰੂਰ, 3 ਜੁਲਾਈ 2025 –
ਈ.ਟੀ.ਟੀ. 5994 ਬੈਕਲਾਗ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ 29 ਜੂਨ 2025 ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਘਿਰਾਓ ਕਰਨਾ ਨਿਰਧਾਰਤ ਕੀਤਾ ਗਿਆ ਸੀ। ਪਰ, ਵੇਰਕਾ ਮਿਲਕ ਪਲਾਂਟ ਵਿਖੇ ਇਕੱਠ ਹੋਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿੱਚ, ਬੇਰੁਜ਼ਗਾਰ ਅਧਿਆਪਕ ਬਬਨਪੁਰ ਨਹਿਰ ‘ਤੇ ਇਕੱਠੇ ਹੋਏ ਅਤੇ ਪ੍ਰਸ਼ਾਸਨ ਵਿਰੁੱਧ ਧਰਨਾ ਦਿੱਤਾ।
ਧਰਨੇ ਦੌਰਾਨ, ਪ੍ਰਸ਼ਾਸਨ ਨੇ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਅਤੇ ਭਰਤੀ ਮਾਮਲੇ ‘ਤੇ ਗੱਲਬਾਤ ਦਾ ਭਰੋਸਾ ਦਿੱਤਾ। ਪਰ ਸੜਕ ਖਾਲੀ ਕਰਨ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਨੂੰ ਮੁੜ ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਇੱਕ ਅਧਿਆਪਕ ਨੇ ਨਰਾਸ਼ ਹੋ ਕੇ ਨਹਿਰ ‘ਚ ਛਾਲ ਮਾਰ ਦਿੱਤੀ, ਜਿਸ ਨੂੰ ਬਚਾ ਕੇ ਥਾਣੇ ਲਿਜਾਇਆ ਗਿਆ।
ਇਨ੍ਹਾਂ ਵਿੱਚੋਂ ਕੁਝ ਅਧਿਆਪਕਾਂ ਨੂੰ ਸ਼ਾਮ ਨੂੰ ਰਿਹਾਅ ਕਰ ਦਿੱਤਾ ਗਿਆ, ਪਰ 37 ਅਧਿਆਪਕਾਂ ਨੂੰ ਵੱਖ-ਵੱਖ ਤਿੰਨ ਜੇਲ੍ਹਾਂ ‘ਚ ਭੇਜ ਦਿੱਤਾ ਗਿਆ। ਅਗਲੇ ਦਿਨ 32 ਸਾਥੀਆਂ ਨੂੰ ਰਿਹਾਅ ਕੀਤਾ ਗਿਆ, ਪਰ ਪੰਜ ਆਗੂ ਜੇਲ੍ਹ ‘ਚ ਹੀ ਰਹੇ। ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਮੁਲਾਕਾਤ ਕੀਤੀ ਗਈ, ਜਿੱਥੇ 3 ਜੁਲਾਈ ਤੱਕ ਰਿਹਾਈ ਦਾ ਭਰੋਸਾ ਦਿੱਤਾ ਗਿਆ।
ਯੂਨੀਅਨ ਨੇ ਸਾਫ ਕੀਤਾ ਕਿ ਜੇਕਰ 3 ਜੁਲਾਈ ਤੱਕ ਰਿਹਾਈ ਨਹੀਂ ਹੋਈ ਤਾਂ 4 ਜੁਲਾਈ ਤੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਹਾਲਾਂਕਿ, ਆਖਿਰਕਾਰ 3 ਜੁਲਾਈ ਨੂੰ ਪੰਜ ਆਗੂਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ।
ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਭਰਤੀ ਦੀ ਪ੍ਰਕਿਰਿਆ ਜਲਦੀ ਪੂਰੀ ਨਾ ਹੋਈ, ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਹ ਪਿਛਲੇ ਤਿੰਨ ਸਾਲਾਂ ਤੋਂ ਰੋਜ਼ਾਨਾ ਰੋਸ ਜਤਾਈ ਰਿਹਾ ਹਨ ਪਰ ਸਰਕਾਰ ਵੱਲੋਂ ਕੋਈ ਗੰਭੀਰਤਾ ਨਹੀਂ ਦਿਖਾਈ ਗਈ।
ਮੌਕੇ ‘ਤੇ ਹਾਜ਼ਰ ਜਥੇਬੰਦੀਆਂ ਵਿੱਚ ਸ਼ਾਮਿਲ ਸਨ:
ਜਮਹੂਰੀਅਤ ਅਧਿਕਾਰ ਸਭਾ: ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ
ਡੈਮੋਕਰੇਟਿਕ ਟੀਚਰਜ਼ ਫਰੰਟ (ਸੰਗਰੂਰ): ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਸਕੱਤਰ ਅਮਨ ਵਸ਼ਿਸ਼ਟ
ਮਨਜੀਤ ਲਹਿਰਾ, ਰਮਨ ਗੋਇਲ
SC-BC ਯੂਨੀਅਨ
ਗੌਰਮੈਂਟ ਟੀਚਰ ਯੂਨੀਅਨ
ਕਿਰਤੀ ਕਿਸਾਨ ਯੂਨੀਅਨ
ਡੀ ਟੀ ਐਫ
ਪੰਜਾਬ ਸਟੂਡੈਂਟ ਯੂਨੀਅਨ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ)