ਸਾਂਝੇ ਅਧਿਆਪਕ ਮੋਰਚੇ ਵੱਲੋਂ 10 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ
28 ਅਪ੍ਰੈਲ ਤੋਂ 3 ਮਈ ਤੱਕ ਪੁਤਲੇ ਫੂਕਣ ਦਾ ਫੈਸਲਾ
ਸਿੱਖਿਆ ਕ੍ਰਾਂਤੀ ਦੇ ਸਰਕਾਰੀ ਡਰਾਮੇ ਦਾ ਸਖਤ ਵਿਰੋਧ
ਜਲੰਧਰ 16 ਅਪ੍ਰੈਲ ( ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਵਰਚੁਅਲ ਮੀਟਿੰਗ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੁਖਵਿੰਦਰ ਸਿੰਘ ਚਾਹਲ, ਹਰਵਿੰਦਰ ਸਿੰਘ ਬਿਲਗਾ, ਰਵਿੰਦਰਜੀਤ ਸਿੰਘ ਪੰਨੂ, ਸੁਰਿੰਦਰ ਕੰਬੋਜ, ਬਾਜ ਸਿੰਘ ਖਹਿਰਾ, ਬਲਜੀਤ ਸਿੰਘ ਸਲਾਣਾ, ਗੁਰਜੰਟ ਸਿੰਘ ਵਾਲੀਆ, ਹਰਜੀਤ ਸਿੰਘ ਜੁਨੇਜਾ, ਅਮਨਬੀਰ ਸਿੰਘ ਗੁਰਾਇਆ, ਗੁਰਿੰਦਰ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਬੰਗਾ, ਨਵਪ੍ਰੀਤ ਸਿੰਘ ਬੱਲੀ, ਗੁਰਬਿੰਦਰ ਸਿੰਘ ਸਸਕੌਰ, ਜਿੰਦਰ ਪਾਇਲਟ ਆਦਿ ਸ਼ਾਮਿਲ ਹੋਏ।
ਸੂਬਾ ਕੁਆਰਡੀਨੇਟਰ ਕੁਲਦੀਪ ਸਿੰਘ ਦੌੜਕਾ ਅਤੇ ਐਨਡੀ ਤਿਵਾੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਸਾਂਝੇ ਅਧਿਆਪਕ ਮੋਰਚੇ ਨਾਲ ਮੀਟਿੰਗ ਕਰਨ ਦਾ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਵਾਰ-ਵਾਰ ਟਾਲਾ ਵੱਟਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਂਝੇ ਅਧਿਆਪਕ ਮੋਰਚੇ ਵੱਲੋਂ 8 ਮਾਰਚ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।ਜਿਸ ਉਪਰੰਤ ਅਧਿਕਾਰੀਆਂ ਵੱਲੋਂ 19 ਮਾਰਚ ਨੂੰ 11:00 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ ਸੀ।ਪਰ 18 ਮਾਰਚ ਨੂੰ ਅਧਿਕਾਰੀਆਂ ਵੱਲੋਂ ਪੱਤਰ ਜਾਰੀ ਕਰਦੇ ਹੋਏ 19 ਮਾਰਚ ਦੀ ਮੀਟਿੰਗ ਮੁਲਤਵੀ ਕਰਨ ਅਤੇ 7 ਅਪ੍ਰੈਲ ਨੂੰ ਮੀਟਿੰਗ ਕਰਨ ਦਾ ਅਗਲਾ ਸਮਾਂ ਦਿੱਤਾ ਗਿਆ ਸੀ। 7 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ਵੀ ਮੁਲਤਵੀ ਕਰਦੇ ਹੋਏ 16 ਅਪ੍ਰੈਲ ਨੂੰ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ।ਪਰ ਹੁਣ ਇਸ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਅਧਿਕਾਰੀਆਂ ਵੱਲੋਂ ਫੋਨ ਸੰਦੇਸ਼ ਰਾਹੀਂ 16 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ ਕਰਦੇ ਹੋਏ ਅਗਲੀ ਮੀਟਿੰਗ ਦਾ ਸਮਾਂ ਦੇਣ ਦੇ ਲਾਰੇ ਲਾਏ ਜਾ ਰਹੇ ਹਨ।
ਸਿੱਖਿਆ ਵਿੱਚ ਇਨਕਲਾਬੀ ਸੁਧਾਰ ਕਰਨ ਦੇ ਨਾਂ ਤੇ ਹੋਂਦ ਵਿੱਚ ਆਈ ਆਪ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਸਲੇ ਲਟਕਾਉਣ ਕਾਰਨ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ 28 ਅਪ੍ਰੈਲ ਤੋਂ 3 ਮਈ ਤੱਕ ਸਿੱਖਿਆ ਮੰਤਰੀ ਦੇ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਪੁਤਲੇ ਫੂਕੇ ਜਾਣਗੇ ਅਤੇ 10 ਮਈ ਨੂੰ ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਰੋਹ ਭਰਪੂਰ ਝੰਡਾ ਮਾਰਚ ਕੀਤਾ ਜਾਵੇਗਾ।
ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਕੋਈ ਵੀ ਅਧਿਆਪਕ ਭਰਤੀ ਪੂਰੀ ਨਹੀਂ ਕੀਤੀ ਹੈ, ਸਕੂਲਾਂ ਦੇ ਵਿਦਿਆਰਥੀਆਂ ਨੂੰ ਹਾਲੇ ਤੱਕ ਪੂਰੀਆਂ ਕਿਤਾਬਾਂ ਨਹੀਂ ਦਿੱਤੀਆਂ ਗਈਆਂ, ਢਾਈ ਮਹੀਨਿਆਂ ਤੋਂ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ ਹਨ ਅਤੇ ਸਰਕਾਰ ਸਿੱਖਿਆ ਕ੍ਰਾਂਤੀ ਦਾ ਡਰਾਮਾ ਕਰਕੇ ਜਨਤਕ ਸਿੱਖਿਆ ਵਿੱਚ ਕੀਤੇ ਜਾ ਰਹੇ ਘਾਣ ਤੇ ਪਰਦਾ ਪਾ ਰਹੀ ਹੈ। ਸਕੂਲਾਂ ਵਿੱਚ ਹਜਾਰਾਂ ਪੋਸਟਾਂ ਖਾਲੀ ਹਨ। ਨਵੀਂ ਭਰਤੀ ਕਰਨ ਦਾ ਸਰਕਾਰ ਦਾ ਕੋਈ ਇਰਾਦਾ ਨਜਰ ਨਹੀਂ ਆ ਰਿਹਾ। ਸਿੱਖਿਆ ਮੰਤਰੀ 20 ਹਜਾਰ ਅਧਿਆਪਕ ਭਰਤੀ ਕੀਤੇ ਜਾਣ ਦਾ ਝੂਠ ਫੈਲਾ ਰਿਹਾ ਹੈ। ਅਧਿਆਪਕਾਂ ਦੀ ਪ੍ਰਮੋਸ਼ਨ ਪ੍ਰਕਿਰਿਆ ਈ.ਟੀ.ਟੀ. ਅਧਿਆਪਕ ਤੋਂ ਹੈੱਡ ਟੀਚਰ, ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਤੋਂ ਬੀ.ਪੀ.ਈ.ਓ. ਈ.ਟੀ.ਟੀ.ਟੀਚਰ ਅਤੇ ਹੈੱਡ ਟੀਚਰ ਤੋਂ ਮਾਸਟਰ ਕਾਡਰ, ਮਾਸਟਰ ਤੋਂ ਲੈਕਚਰਾਰ, ਲੈਕਚਰਾਰ ਤੋਂ ਪ੍ਰਿੰਸੀਪਲ, ਮਾਸਟਰ ਕਾਡਰ ਤੋਂ ਹੈੱਡ ਮਾਸਟਰ ਆਦਿ ਹਰ ਵਰਗ ਦੀਆਂ ਤਰੱਕੀਆਂ 75% ਕੋਟੇ ਅਨੁਸਾਰ ਕਰਨ ਦੀ ਮੰਗ ਕੀਤੀ ਗਈ। ਸਿੱਖਿਆ ਕ੍ਰਾਂਤੀ ਦੇ ਡਰਾਮੇ ਕਰਨ ਵਾਲੀ ਸਰਕਾਰ ਸਕੂਲ ਮੈਨੇਜਮੈਂਟ ਕਮੇਟੀਆਂ ਤੋਂ ਵਰਦੀਆਂ ਦੀ ਖ਼ਰੀਦ ਦਾ ਅਧਿਕਾਰ ਖੋਹਣ ਜਾ ਰਹੀ ਹੈ। ਅਜਿਹੀ ਕੋਝੀ ਕੋਸ਼ਿਸ਼ ਕਾਂਗਰਸ ਦੀ ਹਕੂਮਤ ਸਮੇਂ ਵੀ ਕੀਤੀ ਗਈ ਸੀ।
ਮੀਟਿੰਗ ਵਿੱਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਸਿੱਖਿਆ ਕ੍ਰਾਂਤੀ ਦੇ ਸਰਕਾਰੀ ਡਰਾਮੇ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹੋਏ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦੇ ਮਸਲਿਆਂ ਦਾ ਹੱਲ ਕਰਨ ਲਈ ਮੀਟਿੰਗ ਕਰਨ ਤੋਂ ਵਾਰ-ਵਾਰ ਟਾਲਾ ਵੱਟਣ ਦੀ ਨਿਖੇਧੀ ਕੀਤੀ ਗਈ।