
ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗਿੱਦੜਾਂਵਾਲੀ,ਸਰਕਾਰੀ ਹਾਈ ਸਕੂਲ ਕਟੈਹੜਾ ਅਤੇ ਸਰਕਾਰੀ ਮਿਡਲ ਸਕੂਲ ਦੌਲਤਪੁਰਾ ਨੇ ਜਿੱਤਿਆ ਜਿਲੇ ਦੇ ਬੈਸਟ ਸਕੂਲ ਦਾ ਅਵਾਰਡ
ਸਿੱਖਿਆ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਸਮੇ ਦੇ ਹਾਣੀ ਬਣਾਉਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈ ਰਿਹਾਂ ਹੈ। ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਫਾਜਿਲਕਾ ਸਤੀਸ਼ ਕੁਮਾਰ , ਉੱਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਪੰਕਜ਼ ਕੁਮਾਰ ਅੰਗੀ ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਲਗਾਤਾਰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੇ ਚਲਦਿਆਂ ਜਿਲ੍ਹੇ ਦੇ ਸਕੂਲਾਂ ਦਾ ਚੌਹਤਰਫੀ ਵਿਕਾਸ ਹੋ ਰਿਹਾ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਇੱਕ ਸਰਵਾ ਕਰਵਾ ਕੇ ਸਰਕਾਰੀ ਸੀਨੀਅਰ ਸਕੈਂਡਰੀ ਗਿੱਦੜਾਂਵਾਲੀ ਨੂੰ ਜਿਲ੍ਹੇ ਦਾ ਬੈਸਟ ਸੀਨੀਅਰ ਸੈਕੰਡਰੀ ਸਕੂਲ ਐਲਾਨ ਕੇ ਦਸ ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਹੈ। ਇਸ ਤਰ੍ਹਾਂ ਸਰਕਾਰੀ ਹਾਈ ਸਕੂਲ ਕਟੈਹੜਾ ਨੂੰ ਜਿਲ੍ਹੇ ਦਾ ਬੈਸਟ ਹਾਈ ਸਕੂਲ ਐਲਾਨ ਕੇ ਸਾਢੇ ਸੱਤ ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਹੈ। ਉੱਥੇ ਸਰਕਾਰੀ ਮਿਡਲ ਸਕੂਲ ਦੌਲਤਪੁਰਾ ਨੂੰ ਜਿਲ੍ਹੇ ਦਾ ਬੈਸਟ ਮਿਡਲ ਸਕੂਲ ਐਲਾਨ ਕੇ ਪੰਜ ਲੱਖ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਹੈ। ਉਹਨਾਂ ਦੱਸਿਆ ਕੀ ਇਹਨਾਂ ਸਕੂਲਾਂ ਨੇ ਸਕੂਲ ਮੁੱਖੀਆਂ ਦੀ ਯੋਗ ਅਗਵਾਈ ਵਿੱਚ ਬੁਨਿਆਦੀ ਢਾਂਚੇ, ਵਿਦਿਆਰਥੀਆਂ ਦੇ ਦਾਖਲੇ , ਸਕੂਲ ਰਿਜ਼ਲਟ, ਖੇਡਾ,ਸਕੂਲ ਕੈਂਪਸ ਦਾ ਸੁੰਦਰੀਕਰਨ,ਸਮਾਜ ਦਾ ਸਹਿਯੋਗ ਅਤੇ ਸਿੱਖਿਆ ਸਹਾਇਕ ਗਤੀਵਿਧੀਆਂ ਸਮੇਤ ਹਰ ਖੇਤਰ ਵਿੱਚ ਮੱਲਾ ਮਾਰ ਕੇ ਇਹ ਉਪਲੱਬਧੀ ਹਾਸਲ ਕੀਤੀ ਹੈ।ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਦਫਤਰ ਵਿੱਚ ਇੱਕ ਸਾਦਾ ਸਮਾਗਮ ਕਰਵਾਕੇ ਪ੍ਰਿਸੀਪਲ ਜਸਵਿੰਦਰ ਸਿੰਘ, ਹੈੱਡ ਮਿਸਟਰਸ ਗੀਤੂ ਚਗਤੀ ਅਤੇ ਸਕੂਲ ਇੰਚਾਰਜ ਸੰਜੀਵ ਕੁਮਾਰ ਨੂੰ ਸਰਕਾਰ ਵੱਲੋਂ ਭੇਜੀ ਇਨਾਮੀ ਰਾਸ਼ੀ ਦੇ ਚੈੱਕ ਦਿੱਤੇ ਗਏ। ਉਹਨਾਂ ਨੂੰ ਅਵਾਰਡ ਲਈ ਵਧਾਈਆਂ ਅਤੇ ਸ਼ੁਭਕਾਮਨਾਵਾ ਦਿੱਤੀਆਂ। ਪ੍ਰਿਸੀਪਲ ਜਸਵਿੰਦਰ ਸਿੰਘ, ਮੈਡਮ ਗੀਤੂ ਚਗਤੀ ਅਤੇ ਸਕੂਲ ਇੰਚਾਰਜ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਯੋਗ ਅਗਵਾਈ ਅਤੇ ਸਾਡੇ ਸਕੂਲਾਂ ਦੇ ਸਮੂਹ ਸਟਾਫ ਦੀ ਮੇਹਨਤ ਦਾ ਨਤੀਜਾ ਹੈ। ਇਹ ਰਾਸ਼ੀ ਸਕੂਲਾਂ ਦੀ ਹੋਰ ਬੇਹਤਰੀ ਲਈ ਕੰਮ ਆਵੇਗੀ। ਉਹਨਾਂ ਸਾਝੇ ਰੂਪ ਵਿੱਚ ਕਿਹਾ ਕਿ ਇਸ ਪ੍ਰਾਪਤੀ ਨਾਲ ਉਹਨਾਂ ਦੀ ਜਿੰਮੇਵਾਰੀ ਹੋਰ ਵਧ ਗਈ ਹੈ। ਉਹ ਆਪਣੇ ਸਕੂਲਾਂ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਉਣ ਲਈ ਯਤਨਸ਼ੀਲ ਰਹਿਣਗੇ।
ਇਸ ਮੌਕੇ ਤੇ ਗੁਰਛਿੰਦਰਪਾਲ ਸਿੰਘ, ਵਿਜੇ ਕੁਮਾਰ, ਵਿਵੇਕ ਅਨੇਜਾ,ਮਨੋਜ ਗੁਪਤਾ,ਸੁਰਿੰਦਰ ਕੰਬੋਜ,ਸਮੂਹ ਦਫ਼ਤਰੀ ਅਮਲੇ,ਸਮੇਤ ਸਮੂਹ ਬੀਐਨਓ,ਸਮੂਹ ਬੀਪੀਈਓ ,ਸਮੂਹ ਪ੍ਰਿਸੀਪਲਜ, ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋ ਅਵਾਰਡ ਜੇਤੂ ਸਕੂਲਾਂ ਦੇ ਮੁੱਖੀਆਂ ਅਤੇ ਸਟਾਫ ਨੂੰ ਇਸ ਸਾਨਾਮੱਤੀ ਪ੍ਰਾਪਤੀ ਲਈ ਵਧਾਈਆਂ ਅਤੇ ਸ਼ੁਭਕਾਮਨਾਵਾ ਦਿੱਤੀਆ।