
**ਪੈਨਸ਼ਨਰ ਮੰਗਾਂ ਪ੍ਰਤੀ ਪੰਜਾਬ ਸਰਕਾਰ ਵਲੋਂ ਧਾਰੀ ਬੇਰੁਖੀ ਦੇ ਵਿਰੁੱਧ ਪੈਂਨਸ਼ਨਰ 07 ਫਰਵਰੀ ਨੂੰ ਕਰਨਗੇ ਇੱਕ ਦਿਨਾ ਭੁੱਖ ਹੜਤਾਲ****ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਣ ਸਿੰਘ ਅਤੇ ਪੈਨਸ਼ਨਰ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਸ਼ੋਕ ਥੂਲ ਨੂੰ ਕੀਤੀ ਸ਼ਰਧਾਂਜਲੀ ਭੇਟ****ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸੰਵਿਧਾਨ ਦੇ ਨਿਰਮਾਤਾ ਡਾ.ਬੀ ਆਰ ਅੰਬੇਡਕਰ ਜੀ ਦੇ ਕੀਤੇ ਅਪਮਾਨ ਦੀ ਕੀਤੀ ਤਿੱਖੀ ਨਿਖੇਧੀ****ਕੰਪਿਊਟਰ ਅਧਿਆਪਕਾਂ ਦੇ ਲਗਾਤਾਰ ਚੱਲ ਰਹੇ ਸੰਘਰਸ਼ ਦਾ ਕੀਤਾ ਸਮਰਥਨ**ਫ਼ਗਵਾੜਾ:19 ਜਨਵਰੀ ( )ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੀ ਮਾਸਿਕ ਮੀਟਿੰਗ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਣ ਸਿੰਘ ਅਤੇ ਕੁੱਲ ਹਿੰਦ ਰਾਜ ਸਰਕਾਰੀ ਪੈਨਸ਼ਨਰਜ਼ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਅਸ਼ੋਕ ਥੂਲ ਜੀ, ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਜਰਨਲ ਸਕੱਤਰ ਸੁਸ਼ੀਲ ਦੁਸਾਂਝ ਦੇ ਮਾਤਾ ਸ਼੍ਰੀਮਤੀ ਰਖਸ਼ਾ ਦੇਵੀ ਜੀ, ਜੰਡਿਆਲਾ ਮੰਜਕੀ ਦੇ ਖੱਬੀ ਜਮਹੂਰੀ ਲਹਿਰ ਦੇ ਆਗੂ ਮੱਖਣ ਪੱਲਣ ਦੇ ਮਾਤਾ ਸ਼੍ਰੀਮਤੀ ਸੁਹਾਗ ਰਾਣੀ ਜੀ, ਐੱਸ ਐੱਫ ਆਈ ਦੇ ਸਾਬਕਾ ਸੂਬਾ ਸਕੱਤਰ ਹਰਦੇਵ ਸਿੰਘ ਸੰਧੂ ਘੁੜਕਾ ਜੀ, ਐਸੋਸੀਏਸ਼ਨ ਦੇ ਮੈਂਬਰ ਅਤੇ ਸਾਬਕਾ ਸਰਪੰਚ ਭੁਲਾਰਾਈ ਮਾਸਟਰ ਹਰਭਜਨ ਜੀ ਦੀ ਜੀਵਨ ਸਾਥਣ ਸ਼੍ਰੀ ਮਤੀ ਅਵਤਾਰ ਕੌਰ ਜੀ, ਐਸੋਸੀਏਸ਼ਨ ਦੇ ਜੁਆਇੰਟ ਪ੍ਰੈੱਸ ਸਕੱਤਰ ਸ਼੍ਰੀ ਗੁਰਦੀਪ ਕੁਮਾਰ ਜੱਸੀ ਜੀ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪਹਿਲੇ ਮਤੇ ਰਾਹੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਡਾ.ਬੀ ਆਰ.ਅੰਬੇਦਕਰ ਜੀ ਦੇ ਕੀਤੇ ਅਪਮਾਨ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਕਿਹਾ ਕਿ ਜੇ ਸੰਵਿਧਾਨ ਦੀ ਸੌਂਹ ਖਾ ਕੇ ਬਣੇ ਦੇਸ਼ ਦੇ ਗ੍ਰਹਿ ਮੰਤਰੀ ਹੀ ਸੰਵਿਧਾਨ ਦੇ ਨਿਰਮਾਤਾ ਦਾ ਅਪਮਾਨ ਕਰਨਗੇ ਤਾਂ ਮੌਜੂਦਾ ਕੇਂਦਰ ਸਰਕਾਰ ਤੋਂ ਸੰਵਿਧਾਨ ਦੀ ਰਾਖੀ ਦੀ ਆਸ ਕਦਾਚਿੱਤ ਨਹੀਂ ਕੀਤੀ ਜਾ ਸਕਦੀ। ਦੂਜੇ ਮਤੇ ਰਾਹੀਂ ਸਿੱਖਿਆ ਵਿਭਾਗ ਵਿੱਚ ਸ਼ਾਮਲ ਹੋਣ ਲਈ ਸਮਾਂ ਕੰਪਿਊਟਰ ਅਧਿਆਪਕਾਂ ਦੇ ਚੱਲ ਰਹੇ ਸੰਘਰਸ਼ ਦਾ ਜ਼ੋਰਦਾਰ ਸਮਰਥਨ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਪੂਰੇ ਗਰੇਡਾਂ ਵਿੱਚ ਤੁਰੰਤ ਸਿੱਖਿਆ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਮਰਨ ਵਰਤ ਖ਼ਤਮ ਕਰਵਾਇਆ ਜਾਵੇ। ਤੀਜੇ ਮਤੇ ਰਾਹੀਂ ਜਿਹਨਾਂ ਪੈਨਸ਼ਨਰ ਭੈਣ ਭਰਾਵਾਂ ਦਾ ਜਨਵਰੀ ਵਿੱਚ ਜਨਮ ਦਿਨ ਹੈ, ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਉਹਨਾਂ ਦੀ ਤੰਦਰੁਸਤੀ ਅਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ। ਚੌਥੇ ਮਤੇ ਰਾਹੀਂ ਐਸੋਸੀਏਸ਼ਨ ਦੇ ਮੈਂਬਰ ਹਰਭਜਨ ਲਾਲ ਕੌਲ ਵਲੋਂ ਪੋਤੇ ਦੇ ਜਨਮ ਦਿਨ ਦੀ ਖੁਸ਼ੀ ਦੇ ਮੌਕੇ ‘ਤੇ ਐਸੋਸੀਏਸ਼ਨ ਨੂੰ 1100 ਰੁਪਏ ਸਹਾਇਤਾ ਦੇਣ ਲਈ ਉਹਨਾਂ ਦਾ ਧੰਨਵਾਦ ਕਰਦਾ ਮਤਾ ਪਾਸ ਕੀਤਾ ਗਿਆ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਸੀਨੀਅਰ ਮੀਤ ਪ੍ਰਧਾਨ ਸੀਤਲ ਰਾਮ ਬੰਗਾ, ਸੀਨੀਅਰ ਮੈਂਬਰ ਪ੍ਰਿੰਸੀਪਲ ਧਰਮਵੀਰ ਨਾਰੰਗ,ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰੀ ਸਾਜ਼ਿਸ਼ੀ ਚੁੱਪ ਅਤੇ ਬੇਰੁਖੀ ਅਤਿਅੰਤ ਨਿੰਦਣਯੋਗ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਸੰਬੰਧੀ ਪਹਿਲਾਂ ਰਾਜ ਕਰਦੀਆਂ ਪਾਰਟੀਆਂ ਤੋਂ ਵੀ ਵੱਧ ਨਿਕੰਮੀ ਸਾਬਤ ਹੋਈ ਹੈ। ਉਹਨਾਂ ਨੇ ਕਿਹਾ ਕਿ ਛੇਵੇਂ ਪੇ ਕਮਿਸ਼ਨ ਵੱਲੋਂ ਸਿਫਾਰਸ਼ ਕਰਨ ਦੇ ਬਾਵਜੂਦ ਵੀ ਪੈਂਨਸ਼ਨ ਰੀਵਾਈਜ ਲਈ 2.59 ਦਾ ਗੁਣਾਂਕ ਲਾਗੂ ਨਹੀਂ ਕੀਤਾ। ਸਾਢੇ ਪੰਜ ਸਾਲਾਂ ਦੇ ਪੇ ਕਮਿਸ਼ਨ ਦੇ ਅਤੇ ਡੀ ਏ ਦੀ ਰਹਿੰਦੀਆਂ ਕਿਸ਼ਤਾਂ ਅਤੇ ਉਹਨਾਂ ਦੇ ਬਣਦੇ ਬਕਾਏ ਨਹੀਂ ਦਿੱਤੇ ਜਾ ਰਹੇ। ਮੈਡੀਕਲ ਭੱਤਾ 2000/- ਰੁਪਏ, ਕੈਸ਼ ਲੈੱਸ ਹੈੱਲਥ ਸਕੀਮ ਸੋਧ ਕੇ ਲਾਗੂ ਕਰਨ ਅਤੇ ਚੋਣ ਵਾਅਦੇ ਅਨੁਸਾਰ ਪੁਰਾਣੀ ਪੈਂਨਸ਼ਨ ਤੁਰੰਤ ਬਹਾਲ ਨਹੀਂ ਕੀਤੀ ਜਾ ਰਹੀ। ਸਮੂਹ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੂਰੇ ਪੂਰੇ ਗਰੇਡਾਂ ਵਿੱਚ ਰੈਗੂਲਰ ਨਹੀਂ ਕੀਤਾ ਜਾ ਰਿਹਾ ਆਦਿ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੀ ਸਾਜ਼ਿਸ਼ੀ ਚੁੱਪ ਅਤੇ ਬੇਰੁਖੀ ਨੂੰ ਆਮ ਲੋਕਾਂ ਸਾਹਮਣੇ ਨੰਗਾ ਕਰਨ ਲਈ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ 07 ਫਰਵਰੀ ਨੂੰ ਸਮੁੱਚੇ ਪੰਜਾਬ ਵਿੱਚ ਪੈਨਸ਼ਨਰ ਜ਼ਿਲ੍ਹਾ ਪੱਧਰ ਤੇ ਇੱਕ ਦਿਨਾ ਭੁੱਖ ਹੜਤਾਲ ਕਰਦੇ ਹੋਏ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਵਿਖੇ ਕੀਤੀ ਜਾਣ ਵਾਲੀ ਸੂਬਾਈ ਪੈਨਸ਼ਨਰਜ਼ ਰੈਲੀ ਕਰਨ ਦਾ ਨੋਟਿਸ ਪੰਜਾਬ ਸਰਕਾਰ ਨੂੰ ਭੇਜਣਗੇ। ਆਗੂਆਂ ਨੇ ਮੀਟਿੰਗ ਵਿੱਚ ਸ਼ਾਮਲ ਅਤੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਫਰਵਰੀ ਵਿੱਚ ਹੋਣ ਵਾਲੇ ਐਕਸ਼ਨਾਂ ਵਿੱਚ ਸ਼ਾਮਲ ਹੋਣ ਲਈ ਆਪਣੇ ਆਪ ਨੂੰ ਮਾਨਸਿਕ ਤੌਰ ‘ਤੇ ਹੁਣ ਤੋਂ ਹੀ ਤਿਆਰ ਰੱਖਣ ਅਤੇ ਐਕਸ਼ਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ‘ਤੇ ਦਬਾਅ ਬਣਾਉਣ ਵਿੱਚ ਸਫ਼ਲ ਹੋ ਸਕੀਏ । ਆਗੂਆਂ ਨੇ ਫਰਵਰੀ ਵਿੱਚ ਐਸੋਸੀਏਸ਼ਨ ਦੀ ਹੋਣ ਵਾਲੀ ਚੋਣ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਲਈ ਫਰਵਰੀ ਮਹੀਨੇ ਦੀ ਮਾਸਿਕ ਮੀਟਿੰਗ ਵਿੱਚ ਵੀ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਮੀਟਿੰਗ ਵਿੱਚ ਐਸੋਸੀਏਸ਼ਨ ਦੀ ਦਸੰਬਰ ਤੱਕ ਆਮਦਨ, ਖਰਚ ਅਤੇ ਬਕਾਏ ਦੇ ਵੇਰਵੇ ਵੀ ਸਾਂਝੇ ਕੀਤੇ ਗਏ। ਆਖ਼ਰ ਵਿੱਚ ਪ੍ਰਧਾਨ ਮੋਹਣ ਸਿੰਘ ਭੱਟੀ ਨੇ ਮੀਟਿੰਗ ਵਿੱਚ ਸ਼ਾਮਲ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਫਰਵਰੀ ਵਿੱਚ ਹੋਣ ਵਾਲੇ ਐਕਸ਼ਨਾਂ ਵਿੱਚ ਸ਼ਮੂਲੀਅਤ ਕਰਨ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਕ੍ਰਿਸ਼ਨ ਗੋਪਾਲ ਚੋਪੜਾ, ਹਰਭਜਨ ਲਾਲ ਕੌਲ, ਸਤਪਾਲ ਸਿੰਘ ਖੱਟਕੜ,ਕੇ ਕੇ ਪਾਂਡੇ,ਰਤਨ ਸਿੰਘ ਗੁਰਾਇਆ ਆਦਿ ਹਾਜ਼ਰ ਹੋਏ।