
ਇੱਕ ਵਾਰ ਇੱਕ ਸੰਤ ਜੀ ਸਮੁੰਦਰ ਕਿਨਾਰੇ ਚਲ ਰਹੇ ਸਨ। ਉਹਨਾਂ ਨੇ ਇੱਕ ਬਿੱਛੂ ਦੇਖਿਆ ਜੋ ਵਾਰ ਵਾਰ ਬਾਹਰ ਆ ਰਿਹਾ ਸੀ। ਸੰਤ ਜੀ ਨੇ ਉਸ ਨੂੰ ਜਦ ਸਮੁੰਦਰ ਵਿਚ ਦੁਬਾਰਾ ਭੇਜਣ ਲਈ ਚੁੱਕਿਆ ਤਾਂ ਬਿੱਛੂ ਨੇ ਡੰਗ ਮਾਰਿਆ। ਦੁਬਾਰਾ ਫਿਰ ਬਿੱਛੂ ਬਾਹਰ ਆ ਗਿਆ ਤੇ ਸੰ ਜੀ ਨੇ ਫੇਰ ਚੁੱਕਿਆ ਤੇ ਸਮੁੰਦਰ ਵਿੱਚ ਸੁੱਟਿਆ। ਪਰ ਬਿੱਛੂ ਨੇ ਫਿਰ ਡੰਗ ਮਾਰਿਆ। ਵਾਰ ਵਾਰ ਸੰਤ ਜੀ ਬਿੱਛੂ ਨੂੰ ਸਮੁੰਦਰ ਵਿਚ ਵਾਪਸ ਸੁੱਟਣ ਲਈ ਚੁੱਕਦੇ ਰਹੇ ਤੇ ਬਿੱਛੂ ਡੰਗ ਮਾਰਦਾ ਰਿਹਾ। ਨਾਲ ਰਹਿੰਦੇ ਚੇਲੇ ਨੇ ਸੰਤ ਜੀ ਨੂੰ ਇਹ ਸਭ ਕਰਦੇ ਧਿਆਨ ਨਾਲ ਦੇਖਿਆ ਅਤੇ ਜਦੋਂ ਵਾਰ ਵਾਰ ਡੰਗ ਵੱਜਣ ਮਗਰੋਂ ਸੰਤ ਜੀ ਦੇ ਹੱਥ ਵਿੱਚੋਂ ਖੂਨ ਨਿਕਲਦਾ ਦੇਖਿਆ ਤਾਂ ਚੇਲੇ ਨੂੰ ਵੀ ਦਰਦ ਹੋਇਆ। ਉਸ ਤੋਂ ਰਿਹਾ ਨਾ ਗਿਆ ਅਤੇ ਕਿਹਾ, “ਸੰਤ ਜੀ, ਉਸ ਬਿੱਛੂ ਦਾ ਤੁਸੀਂ ਭਲਾ ਕਰ ਰਹੇ ਹੋ ਤੇ ਉਹ ਤੁਹਾਡਾ ਨੁਕਸਾਨ ਕਰ ਰਿਹਾ ਹੈ। ਤੁਸੀਂ ਇਸ ਨੂੰ ਚੁੱਕਣਾ ਬੰਦ ਕਿਉਂ ਨਹੀ ਕਰ ਰਹੇ?” ਤਾਂ ਸੰਤ ਜੀ ਨੇ ਜਵਾਬ ਦਿੱਤਾ, “ਜੇ ਬਿੱਛੂ ਆਪਣੀ ਆਦਤ ਨਹੀਂ ਛੱਡ ਰਿਹਾ ਤਾਂ ਸਮਝਦਾਰ ਹੁੰਦਿਆਂ ਮੈਂ ਆਪਣੀ ਚੰਗੀ ਆਦਤ ਕਿਵੇਂ ਛੱਡ ਸਕਦਾ ਹਾਂ।”