
ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ) ਦੀ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ ਦੀ ਅਗਵਾਈ ਵਿੱਚ ਮੀਟਿੰਗ ਹੋਈ। ਜਿਸ ਵਿੱਚ ਸਰਵ (ਸਮੱਗਰਾ) ਸਿੱਖਿਆ ਅਭਿਆਨ /ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ, ਪੰਜਾਬ ਦੀ 4 ਦਸੰਬਰ ਤੋਂ ਚਲ ਰਹੀ ਕਲਮ ਛੋੜ ਹੜਤਾਲ ਦੀ ਹਮਾਇਤ ਕੀਤੀ ਗਈ ਅਤੇ 1158 ਸਹਾਇਕ ਪ੍ਰੋਫੈਸਰ ਦੇ ਸੰਘਰਸ਼ ਦੀ ਹਮਾਇਤ ਕੀਤੀ ਗਈ।ਪੀ.ਟੀ.ਆਈ.ਅਤੇ ਏ.ਸੀ.ਟੀ.ਅਧਿਆਪਕਾਂ ਦੀ ਗਰੇਡ ਪੇ ਘਟਾਉਣ ਅਤੇ ਰਿਕਵਰੀ ਦੇ ਹੁਕਮਾਂ ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਗਈ।ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ, ਸੂਬਾ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਾਅਦੇ ਬਹੁਤ ਵੱਡੇ ਕੀਤੇ ਜਾ ਰਹੇ ਹਨ, ਵੱਡੇ-ਵੱਡੇ ਇਸ਼ਤਿਹਾਰਾਂ ਦੇ ਵਿੱਚ 45000 ਨਵੀ ਨੌਕਰੀ ਦੇਣ ਦੇ ਖੋਖਲੇ ਦਾਅਵੇ ਕੀਤੇ ਜਾ ਰਹੇ ਹਨ, ਪਰ ਅਸਲ ਵਿੱਚ 20 ਸਾਲਾ ਤੋਂ ਸਰਵ ਸਿੱਖਿਆ ਅਭਿਆਨ ਤਹਿਤ ਟੈਸਟਾਂ ਰਾਹੀ ਪਾਸ ਹੋਏ ਇਹ ਦਫ਼ਤਰੀ ਮੁਲਾਜ਼ਮ ਹੁਣ ਤੱਕ ਪੱਕੇ ਨਹੀਂ ਕੀਤੇ ਗਏ ਜਦੋਂ ਕਿ ਸਰਵ ਸਿੱਖਿਆ ਅਭਿਆਨ ਤਹਿਤ ਲੱਗੇ ਅਧਿਆਪਕ ਸਿੱਖਿਆ ਵਿਭਾਗ ਵਿੱਚ 2018 ਤੋਂ ਰੈਗੂਲਰ ਕਰ ਦਿੱਤੇ ਗਏ ਸਨ ਤੇ ਉਹੀ ਨਿਯਮ ਇਨ੍ਹਾਂ ਤੇ ਵੀ ਲਾਗੂ ਹੋਣੇ ਚਾਹੀਦੇ ਸਨ ਪਰ ਹੁਣ ਤੱਕ ਵੀ ਇਹ ਦਫਤਰੀ ਕਰਮਚਾਰੀ ਵਿਭਾਗ ਵਿੱਚ ਪੱਕੇ ਤੌਰ ਤੇ ਰੈਗੂਲਰ ਨਹੀਂ ਕੀਤੇ ਗਏ। ਪੰਜਾਬ ਸਰਕਾਰ ਵੱਲੋਂ ਨਾਮਜ਼ਦ ਸਬ ਕਮੇਟੀ ਵੀ ਇਨ੍ਹਾਂ ਦੀਆਂ ਮੰਗਾਂ ਮੰਨ ਚੁੱਕੀ ਹੈ ਪਰ ਅਜੇ ਤੱਕ ਇਹਨਾਂ ਨੂੰ ਸਿਰਫ ਲਾਰੇ ਹੀ ਮਿਲੇ ਹਨ। ਸਗੋਂ ਉਲਟਾ 2020 ਵਿੱਚ ਇਨ੍ਹਾਂ ਵਿੱਚੋਂ ਕੁਝ ਕੈਟਾਗਰੀਜ਼ ਦੇ 600 ਮੁਲਾਜ਼ਮਾਂ ਦੀ 5000 ਰੁਪਏ ਤਨਖ਼ਾਹ ਘਟਾ ਦਿੱਤੀ ਗਈ ਸੀ ਜੋ ਪੰਜਾਬ ਸਰਕਾਰ ਵੱਲੋਂ ਵਿਸ਼ਵਾਸ ਦਵਾਉਣ ਦੇ ਬਾਵਜੂਦ ਹੁਣ ਤਕ ਕਟੌਤੀ ਵਾਪਸ ਨਹੀਂ ਲਈ ਗਈ ਹੈ। ਇਹਨਾਂ ਨੂੰ 2014 ਤੋਂ ਗਰੇਡ ਪੇ ਅਤੇ ਮਹਿੰਗਾਈ ਭੱਤਾ ਜੋੜ ਕੇ ਤਨਖ਼ਾਹ ਦਿੱਤੀ ਜਾਂਦੀ ਸੀ ਪਰ ਸਤੰਬਰ 2020 ਤੋਂ 600 ਮੁਲਾਜ਼ਮਾਂ ਦੀ ਇਹ ਬੰਦ ਕਰ ਦਿੱਤੀ ਗਈ ਜੋ ਅਜੇ ਤੱਕ ਜਾਰੀ ਨਹੀਂ ਕੀਤੀ ਗਈ। ਇੱਕੋ ਵਿਭਾਗ ਵਿੱਚ ਇੱਕੋ ਕਾਡਰ ਨੂੰ ਵੱਖਰੀ-ਵੱਖਰੀ ਤਨਖ਼ਾਹ ਦਿੱਤੀ ਜਾ ਰਹੀ ਹੈ। 22ਨਵੰਬਰ 2023 ਤੋਂ ਪੰਜਾਬ ਸਰਕਾਰ ਵੱਲੋਂ ਬਣਾਈ ਸਬ ਕਮੇਟੀ ਨਾਲ ਹੁਣ ਤੱਕ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਹਰ ਵਾਰ ਇਕ ਮਹੀਨੇ ਵਿੱਚ ਪੱਕਾ ਕਰਨ ਦੇ ਸਿਰਫ ਲਾਰੇ ਹੀ ਲਾਏ ਜਾ ਰਹੇ ਹਨ। ਹੁਣ ਤੱਕ ਜੋ ਵੀ ਫੈਸਲੇ ਸਬ ਕਮੇਟੀ ਨੇ ਮੰਨੇ ਹਨ ਉਨ੍ਹਾਂ ਨੂੰ ਵੀ ਅਮਲੀ ਜਾਮਾ ਅਜੇ ਤੱਕ ਨਹੀਂ ਪਹਿਨਾਇਆ ਗਿਆ। ਜਥੇਬੰਦੀ ਮੰਗ ਕਰਦੀ ਹੈ ਕਿ ਸਰਵ ਸਿੱਖਿਆ ਅਭਿਆਨ /ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ, ਇਨ੍ਹਾਂ ਨੂੰ ਵਿਭਾਗ ਵਿੱਚ ਪੂਰੇ ਗ੍ਰੇਡਾਂ ‘ਤੇ ਰੈਗੂਲਰ ਕੀਤਾ ਜਾਵੇ। ਇਨ੍ਹਾਂ ਦੇ ਰਹਿੰਦੇ ਬਕਾਏ ਦਿੱਤੇ ਜਾਣ। ਜੀਟੀਯੂ ਪੰਜਾਬ (ਵਿਗਿਆਨਿਕ) ਇਨ੍ਹਾਂ ਦੀ ਕਲਮ ਛੋੜ ਹੜਤਾਲ ਦਾ ਪੁਰ-ਜ਼ੋਰ ਸਮਰਥਨ ਕਰਦੀ ਹੈ। ਇਸ ਮੌਕੇ ਸੂਬਾ ਵਿੱਤ ਸਕੱਤਰ ਸੋਮ ਸਿੰਘ, ਕੰਵਲਜੀਤ ਸੰਗੋਵਾਲ, ਗੁਰਜੀਤ ਸਿੰਘ ਮੋਹਾਲੀ, ਜਤਿੰਦਰ ਸਿੰਘ ਸੋਨੀ, ਸੁੱਚਾ ਸਿੰਘ ਚਾਹਲ, ਸੁਰਮੁਖ ਸਿੰਘ ਲੋਟੇ, ਪਰਗਟ ਸਿੰਘ ਜੰਬਰ, ਸ੍ਰੀ ਜਰਨੈਲ ਸਿੰਘ ਜੰਡਾਲੀ, ਜਗਦੀਪ ਸਿੰਘ, ਇਤਬਾਰ ਸਿੰਘ, ਰਜਨੀ ਪ੍ਰਕਾਸ਼ , ਧਰਮਿੰਦਰ ਠਾਕਰੇ, ਰੇਸ਼ਮ ਸਿੰਘ ਅਬੋਹਰ , ਜਗਤਾਰ ਸਿੰਘ ਖਮਾਣੋ ਸ਼ਾਮਿਲ ਸਨ।