ਸਰਵੇਖਣ ਵਿੱਚ ਵਧੀਆ ਪ੍ਰਦਰਸ਼ਨ ਦਿਖਾਉਣ ਲਈ ਅਧਿਆਪਕਾਂ ਤੇ ਦਬਾਅ ਬਣਾਉਣਾ ਬੰਦ ਕਰੇ ਵਿਭਾਗ: ਡੀ ਟੀ ਐੱਫ ਵਿਭਾਗ ਨੇ ਪਰਖ ਸਰਵੇਖਣ ‘ਚ ਵਧੀਆ ਪ੍ਰਦਰਸ਼ਨ ਲਈ ਸਿੱਖਿਆ ਲੀਹੋਂ ਲਾਹੀ : ਡੀ ਟੀ ਐੱਫ ਸ਼੍ਰੀ ਮੁਕਤਸਰ ਸਾਹਿਬ, 18 ਨਵੰਬਰ ਦਸੰਬਰ ਮਹੀਨੇ ਦੇ ਪਹਿਲੇ ਹਫਤੇ (4 ਦਸੰਬਰ) ਕਰਵਾਏ ਜਾਣ ਵਾਲੇ ਦੇਸ਼ ਪੱਧਰੀ ਪਰਖ PARAKH ( Performance Assessment, Review, and Analysis of Knowledge for Holistic Development) ਨਾਂ ਦੇ ਸਰਵੇਖਣ ਵਿੱਚ ਪੰਜਾਬ ਦੀ ਸਿੱਖਿਆ ਦਾ ਵਧੀਆ ਪ੍ਰਦਰਸ਼ਨ ਦਿਖਾਉਣ ਲਈ ਸਿਲੇਬਸ ਨੂੰ ਤਿਲਾਂਜਲੀ ਦੇ ਕੇ ਸਿੱਖਿਆ ਵਿਭਾਗ ਅਧਿਆਪਕਾਂ ਰਾਹੀਂ ਵਿਦਿਆਰਥੀਆਂ ਨੂੰ ਰੱਟੇ ਲੁਆਉਣ ਅਤੇ ਵਰਕਸ਼ੀਟਾਂ ਤੋਂ ਕੰਮ ਕਰਾਉਣ ਅਤੇ ਅਧਿਆਪਕਾਂ ਤੇ ਦਬਾਅ ਬਣਾਉਣ ਲਈ ਅਧਿਆਪਕਾਂ ਨੂੰ ਮੁਅੱਤਲ ਕਰਨ ਤੱਕ ਦੀਆਂ ਕਾਰਵਾਈਆਂ ਦੇ ਕੁਰਾਹੇ ਪਿਆ ਹੋਇਆ ਹੈ। ਵਿਭਾਗ ਦੇ ਅਜਿਹੇ ਕਾਰਨਾਮਿਆਂ ਦੀ ਨਿਖੇਧੀ ਕਰਦਿਆਂ ਡੀ ਟੀ ਐੱਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਪ੍ਰੈੱਸ ਸਕੱਤਰ ਪਵਨ ਕੁਮਾਰ ਅਤੇ ਸੂਬਾ ਕਮੇਟੀ ਮੈਂਬਰ ਪਰਮਾਤਮਾ ਸਿੰਘ ਨੇ ਦੱਸਿਆ ਕਿ ਸੈਸ਼ਨ ਦੇ ਸ਼ੁਰੂ ਵਿੱਚ ਪਹਿਲੇ ਤਿੰਨ ਮਹੀਨੇ ਵਿਭਾਗ ਵੱਲੋਂ ਸਮਰੱਥ ਮਿਸ਼ਨ ਚਲਾਇਆ ਗਿਆ ਜਿਸ ਵਿੱਚ ਮੁੱਢਲੇ ਗਿਆਨ ਵਿੱਚ ਪੱਛੜੇ ਵਿਦਿਆਰਥੀਆਂ ਨੂੰ ਦੂਸਰਿਆਂ ਦੇ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਜਾਣੀ ਸੀ, ਪਰ ਇਸਦਾ ਨੁਕਸਾਨ ਇਹ ਹੋਇਆ ਕਿ ਪਹਿਲਾਂ ਤੋਂ ਹੀ ਮੁੱਢਲੇ ਗਿਆਨ ਵਿੱਚ ਪਰਪੱਕ ਵਿਦਿਆਰਥੀਆਂ ਦਾ ਨੁਕਸਾਨ ਹੋਇਆ ਅਤੇ ਉਨ੍ਹਾਂ ਨੂੰ ਸਿਲੇਬਸ ਦਾ ਕੰਮ ਨਹੀਂ ਕਰਵਾਇਆ ਜਾ ਸਕਿਆ। ਇਸ ਤੋਂ ਬਾਅਦ ਜੁਲਾਈ ਤੋਂ ਲੈ ਕੇ ਹੁਣ ਤੱਕ ਪਰਖ ਨਾਂ ਦੇ ਸਰਵੇਖਣ ਲਈ ਸਿਲੇਬਸ ਨੂੰ ਤਿਲਾਂਜਲੀ ਦੇ ਕੇ ਸਰਵੇਖਣ ਵਿੱਚ ਵਧੀਆ ਪ੍ਰਦਰਸ਼ਨ ਦੇ ਉਦੇਸ਼ ਨਾਲ ਪੰਜਾਬ ਦੇ ਸਿੱਖਿਆ ਵਿਭਾਗ ਦੁਆਰਾ ਸੀ ਈ ਪੀ (ਕੰਪੀਟੈਂਸੀ ਇਨਹੈਂਸਮੈਂਟ ਪਲਾਨ) ਰਾਹੀਂ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਅਧਿਆਪਕਾਂ ਦੁਆਰਾ ਸਰਵੇਖਣ ਵਿੱਚ ਆਉਣ ਵਾਲੇ ਪ੍ਰਸ਼ਨਾਂ ਦੇ ਹਿਸਾਬ ਨਾਲ ਤਿਆਰੀ ਕਰਵਾਈ ਜਾ ਰਹੀ ਹੈ। ਇਸ ਵਿੱਚ ਸਿਰਫ ਬਹੁ ਚੋਣਵੀਂ ਉੱਤਰਾਂ ਵਾਲੇ ਪ੍ਰਸ਼ਨਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ, ਜਿਸ ਵਿੱਚ ਰੱਟਾ ਸਿਸਟਮ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਆਗੂਆਂ ਰਵੀ ਕੁਮਾਰ, ਜਸਵੰਤ ਸਿੰਘ, ਰਵਿੰਦਰ ਸਿੰਘ, ਕੰਵਲਜੀਤ ਪਾਲ, ਸੁਰਿੰਦਰ ਕੁਮਾਰ, ਰਜਿੰਦਰ ਸਿੰਘ, ਮੋਹਿਤ ਕੁਮਾਰ, ਮਨਦੀਪ ਸਿੰਘ, ਵਕੀਲ ਸਿੰਘ, ਗੁਰਦੇਵ ਸਿੰਘ, ਕੁਲਵੰਤ ਸਿੰਘ, ਵਿਨੋਦ ਕੁਮਾਰ, ਗੁਰਮੀਤ ਸਿੰਘ, ਸੁਖਜਿੰਦਰ ਸਿੰਘ, ਨਰਿੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਤੱਕ ਸਾਰੀਆਂ ਜਮਾਤਾਂ ਨੂੰ ਸੀ ਈ ਪੀ ਤਹਿਤ ਪੜ੍ਹਾਉਣ ਵਾਲੇ ਸਿੱਖਿਆ ਵਿਭਾਗ ਵਿਭਾਗ ਨੂੰ ਪਰਖ ਸਰਵੇਖਣ ਦੀਆਂ ਜਮਾਤਾਂ ਬਾਰੇ ਜਾਣਕਾਰੀ ਮਿਲਣ ਤੇ ਵਿਭਾਗ ਨੇ ਤੀਜੀ, ਛੇਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਸ ਪਲਾਨ ਤਹਿਤ ਤਿਆਰੀ ਕਰਾਉਣ ਦੇ ਆਦੇਸ਼ ਦਿੱਤੇ ਹਨ, ਬਾਕੀ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਨਵੇਂ ਆਦੇਸ਼ਾਂ ਵਿੱਚ ਹੁਣ ਸਿਲੇਬਸ ਵਾਰ ਸਿੱਖਿਆ ਦੇਣ ਲਈ ਕਿਹਾ ਗਿਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਅੱਠਵੀਂ ਵਰਗੀ ਬੋਰਡ ਦੀ ਜਮਾਤ ਹੋਣ ਦੇ ਬਾਵਜੂਦ ਅਤੇ ਬਾਕੀ ਹੋਰ ਜਮਾਤਾਂ ਦੇ ਅਧਿਆਪਕਾਂ ਨੂੰ ਸਿਲੇਬਸ ਨਾ ਕਰਾਉਣ ਦੇਣ ਕਾਰਨ ਵਿਦਿਆਰਥੀ ਸਿਲੇਬਸ ਵਿੱਚ ਪੱਛੜ ਗਏ ਹਨ ਜਿਸ ਦਾ ਨੁਕਸਾਨ ਉਨ੍ਹਾਂ ਨੂੰ ਸਲਾਨਾ ਪ੍ਰੀਖਿਆ ਵਿੱਚ ਹੋਵੇਗਾ। ਇਸਤੋਂ ਇਲਾਵਾ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਅਧਿਆਪਕਾਂ ਨੂੰ ਚੋਣ ਡਿਊਟੀਆਂ, ਪਰਾਲੀ ਸਾੜਨ ਵਰਗੀਆਂ ਗੈਰ ਵਿੱਦਿਅਕ ਡਿਊਟੀਆਂ ਵਿੱਚ ਉਲਝਾਈ ਰੱਖਿਆ ਗਿਆ ਹੈ। ਅਜਿਹੇ ਹਾਲਤਾਂ ਵਿੱਚ ਅਧਿਆਪਕਾਂ ਨੂੰ ਸੀ ਈ ਪੀ ਰਾਹੀਂ ਵਧੀਆ ਨਤੀਜੇ ਸਾਹਮਣੇ ਲਿਆਉਣ ਦੀ ਸ਼ਰਤ ਤਹਿਤ ਮਾਨਸਿਕ ਤੌਰ ਪ੍ਰਤਾੜਿਤ ਕੀਤਾ ਜਾ ਰਿਹਾ ਹੈ ਅਤੇ ਇਸ ਪਰਖ ਸਰਵੇਖਣ ਦੇ ਅਸਲ ਨਤੀਜੇ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਬਦਲਾਅ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਜਦੋਂ ਸੱਤਾ ਵਿੱਚ ਨਹੀਂ ਸੀ ਉਦੋਂ ਦੂਸਰੀ ਪਾਰਟੀ ਦੀ ਸਰਕਾਰ ਦੇ ਕਰਵਾਏ ਗਏ ਅਜਿਹੇ ਸਰਵੇਖਣ ਤੇ ਪ੍ਰਸ਼ਨ ਉਠਾਉਂਦੀ ਸੀ ਅਤੇ ਹੁਣ ਆਪ ਉਸੇ ਰਾਹ ਪਈ ਹੋਈ ਹੈ। ਆਗੂਆਂ ਨੇ ਮੰਗ ਕੀਤੀ ਕਿ ਅਜਿਹੇ ਗੈਰ ਮਨੋਵਿਗਿਆਨਕ ਅਤੇ ਬੇਲੋੜੇ ਪ੍ਰੋਜੈਕਟ ਬੰਦ ਕਰਕੇ ਪੰਜਾਬ ਰਾਜ ਦੀ ਆਪਣੀ ਸਿੱਖਿਆ ਨੀਤੀ ਬਣਾਉਂਦੇ ਹੋਏ, ਅਧਿਆਪਕਾਂ ਨੂੰ ਸਲਾਨਾ ਕੈਲੰਡਰ ਅਨੁਸਾਰ ਕੰਮ ਕਰਨ ਦੀ ਖੁੱਲ੍ਹ ਦਿੰਦੇ ਹੋਏ ਸਕੂਲੀ ਸਿੱਖਿਆ ਨੂੰ ਲੀਹ ਤੇ ਲਿਆਉਣ ਦੀ ਲੋੜ ਹੈ।