
*ਪੰਚਾਇਤੀ ਚੋਣਾਂ ਦੀ ਰਿਹਾਸਲ ਦੁਸਹਿਰੇ ਵਾਲੇ ਦਿਨ ਨਾ ਰੱਖਣ ਲਈ ਡੀ ਟੀ ਐੱਫ ਦਾ ਵਫਦ ਡੀ ਸੀ ਫਾਜ਼ਿਲਕਾ ਨੂੰ ਮਿਲਿਆ।**ਏ.ਡੀ. ਸੀ. ਵਿਕਾਸ ਵੱਲੋਂ ਰਿਹਾਸਲ ਦੀ ਤਾਰੀਖ ਬਦਲਣ ਦਾ ਦਿੱਤਾ ਗਿਆ ਭਰੋਸਾ।*ਅੱਜ ਡੀ ਟੀ ਐੱਫ ਵੱਲੋਂ ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਫਾਜ਼ਿਲਕਾ ਨਾਲ ਮੁਲਾਕਾਤ ਕੀਤੀ ਗਈ। ਜਥੇਬੰਦੀ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਤਿਉਹਾਰ ਦੁਸਹਿਰੇ ਵਾਲੇ ਦਿਨ ਚੋਣ ਰਿਹਾਸਲ ਨਾ ਰੱਖਣ ਅਤੇ ਪੰਚਾਇਤੀ ਚੋਣ ਡਿਊਟੀਆਂ ਦੇ ਸਨਮੁੱਖ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੀਟਿੰਗ ਦੌਰਾਨ ਡੀ ਟੀ ਐੱਫ ਦੇ ਵਫ਼ਦ ਨੇ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਦੁਹਸਿਰੇ ਵਾਲੇ ਦਿਨ ਚੋਣ ਰਿਹਾਸਲ ਨਾ ਰੱਖਣ ਦੀ ਅਪੀਲ ਕੀਤੀ ਕਿਉਂਕਿ ਦੁਸਹਿਰਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਤਿਉਹਾਰ ਹੈ, ਇਸ ਲਈ ਪ੍ਰਸ਼ਾਸ਼ਨ ਵੱਲੋਂ ਚੋਣ ਰਿਹਾਸਲ ਦਾ ਪ੍ਰਬੰਧ ਕਿਸੇ ਹੋਰ ਦਿਨ ਕੀਤਾ ਜਾਣਾ ਚਾਹੀਦਾ ਹੈ।ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਚੋਣਾਂ ਦੌਰਾਨ ਮੁਲਾਜਮਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸੰਬੰਧੀ ਵੀ ਆਪਣਾ ਪੱਖ ਰੱਖਿਆ ਗਿਆ।ਜਥੇਬੰਦੀ ਨੇ ਮੰਗ ਕੀਤੀ ਕਿ ਹਰੇਕ ਵੋਟਿੰਗ ਕੇਂਦਰ ‘ਤੇ ਢੁੱਕਵੀਂ ਗਿਣਤੀ ਵਿੱਚ ਸੁਰੱਖਿਆ ਕਰਮੀ ਲਗਾਏ ਜਾਣ ਤਾਂ ਜੋ ਡਿਊਟੀ ਮੁਲਾਜਮਾਂ ਦੀ ਸੁਰੱਖਿਆ ਦੇ ਨਾਲ-ਨਾਲ ਨਿਰਪੱਖ ਚੋਣ ਯਕੀਨੀ ਹੋ ਸਕੇ। ਵੋਟਾਂ ਦੀ ਗਿਣਤੀ ਦਾ ਕੰਮ ਵੋਟਿੰਗ ਸਟਾਫ਼ ਤੋਂ ਵੱਖਰੇ ਗਿਣਤੀ ਸਟਾਫ ਲਗਾ ਕੇ ਬਲਾਕ ਪੱਧਰ ‘ਤੇ ਵੱਖਰੇ ਕੇਂਦਰੀਕ੍ਰਿਤ ਕੇਂਦਰ ਸਥਾਪਿਤ ਕਰਕੇ ਚੋਣਾਂ ਤੋਂ ਦੋ ਦਿਨ ਦੇ ਵਕਫ਼ੇ ਤੋਂ ਬਾਅਦ ਵਧੇਰੇ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਇਆ ਜਾਵੇ। ਸਾਰੀਆਂ ਚੋਣ ਡਿਊਟੀਆਂ ਮੁਲਾਜਮਾਂ ਦੇ ਸੰਬੰਧਿਤ ਰਿਹਾਇਸ਼ੀ /ਵਰਕਿੰਗ ਬਲਾਕ ਦੇ ਅੰਦਰ ਹੀ ਲਗਾਈਆਂ ਜਾਣ। ਵਿਧਵਾ,ਤਲਾਕਸ਼ੁਦਾ,ਛੋਟੇ ਬੱਚਿਆਂ ਦੀਆਂ ਮਾਵਾਂ, ਗਰਭਵਤੀ ਮਹਿਲਾਵਾਂ,ਬੀ.ਐੱਲ.ਓਜ. ਦਿਵਿਆਂਗ, ਕਰੋਨੀਕਲ ਬਿਮਾਰੀਆਂ ਤੋਂ ਪੀੜਿਤ, ਅਤੇ ਸੇਵਾ ਮੁਕਤੀ ਦੇ ਅਖੀਰਲੇ ਛੇ ਮਹੀਨੇ ਦੇ ਸਮੇਂ ਵਿਚਲੇ ਮੁਲਾਜਮਾਂ ਨੂੰ ਡਿਊਟੀ ਤੋਂ ਪੂਰਨ ਛੋਟ ਦਿੱਤੀ ਜਾਵੇ। ਕੱਪਲ ਕੇਸ ਵਿੱਚ ਦੋਨਾਂ ਵਿੱਚੋ ਇੱਕ ਮੁਲਾਜਮ ਦੀ ਹੀ ਚੋਣ ਡਿਊਟੀ ਲਗਾਈ ਜਾਵੇ।ਇਸ ਤੋਂ ਇਲਾਵਾ ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਚਾਇਤੀ ਚੋਣਾਂ ਦੌਰਾਨ ਚੋਣ ਡਿਊਟੀ ਤੇ ਤੈਨਾਤ ਅਮਲੇ ਨੂੰ ਆਪਣੀ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਜੋ ਕਿ ਲੋਕਤੰਤਰ ਦਾ ਘਾਣ ਹੈ। ਉਹਨਾਂ ਕਿਹਾ ਚੋਣ ਡਿਊਟੀ ਤੇ ਤੈਨਾਤ ਮੁਲਾਜਮਾਂ ਨੂੰ ਆਪਣਾ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ।ਇਸ ਮੌਕੇ ਜਥੇਬੰਦੀ ਦੇ ਮੀਤ ਪ੍ਰਧਾਨ ਨੋਰੰਗ ਲਾਲ,ਸਹਾਇਕ ਸਕੱਤਰ ਬਲਜਿੰਦਰ ਗਰੇਵਾਲ, ਪ੍ਰੈਸ ਸਕੱਤਰ ਹਰੀਸ਼ ਕੁਮਾਰ, ਸੁਭਾਸ਼ ਕੌੜਿਆਂ ਵਾਲੀ, ਵਿਕਰਮ ਕੌੜਿਆਂ ਵਾਲੀ, ਰਮੇਸ਼ ਸੁਧਾ, ਅਸ਼ਵਨੀ ਸਹਿਗਲ, ਲਕਸ਼ਮੀ ਨਰਾਇਣ ਅਤੇ ਹੋਰ ਅਧਿਆਪਕ ਸਾਥੀ ਮੌਜੂਦ ਸਨ।