ਡੀ ਟੀ ਐੱਫ ਵੱਲੋਂ ਤਰੱਕੀਆਂ ਅਤੇ ਬਦਲੀਆਂ ਦੀਆਂ ਬੇਨਿਯਮੀਆਂ ਸਬੰਧੀ ਭੇਜਿਆ ਰੋਸ ਪੱਤਰ25 ਸਤੰਬਰ, ਸ਼੍ਰੀ ਮੁਕਤਸਰ ਸਾਹਿਬ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਮਾਸਟਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਅਤੇ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਸਬੰਧੀ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ਹੇਠ ਜਿਲ੍ਹਾ ਸਿੱਖਿਆ ਅਫਸਰ, (ਸੈ ਸਿੱ /ਐ ਸਿ ) ਸ਼੍ਰੀ ਜਸਪਾਲ ਮੋਂਗਾ ਰਾਹੀਂ ਸਿੱਖਿਆ ਮੰਤਰੀ ਪੰਜਾਬ ਨੂੰ ਰੋਸ ਪੱਤਰ ਭੇਜ ਕੇ ਇੰਨ੍ਹਾਂ ਮਸਲਿਆਂ ਦਾ ਉੱਚਿਤ ਹੱਲ ਕੱਢਣ ਦੀ ਮੰਗ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਜ਼ਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਾਸਟਰ ਤੋਂ ਲੈਕਚਰਾਰ ਕਾਡਰ ਦੀ ਤਰੱਕੀ ਲਈ ਸ਼ੁਰੂ ਕੀਤੀ ਪ੍ਰਕਿਰਿਆ ਦੌਰਾਨ ਵਿਸ਼ਿਆਂ ਵਿੱਚ ਮੁੱਖ ਤੌਰ ‘ਤੇ ਸਕੂਲ ਆੱਫ ਐਮੀਨੈਂਸ ਸਮੇਤ ਕੁਝ ਕੁ ਚੋਣਵੇਂ ਸਕੂਲਾਂ ਨੂੰ ਸਟੇਸ਼ਨ ਚੋਣ ਲਈ ਪੇਸ਼ ਕੀਤਾ ਜਾ ਰਿਹਾ ਹੈ। ਜਦਕਿ ਪੰਜਾਬ ਦੇ ਬਾਕੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੀ ਲੈਕਚਰਾਰ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ ਇਸ ਫੈਸਲੇ ਨਾਲ ਜਿੱਥੇ ਕਈ ਸਾਲਾਂ ਤੋਂ ਤਰੱਕੀ ਦੀ ਉਡੀਕ ਕਰ ਰਹੇ ਅਧਿਆਪਕਾਂ ਨੂੰ ਦੂਰ-ਦੁਰਾਡੇ ਦੇ ਸਟੇਸ਼ਨ ਮਿਲਣ ਕਾਰਨ ਤਰੱਕੀਆਂ ਛੱਡਣ ਲਈ ਮਜਬੂਰ ਹੋਣਾ ਪਵੇਗਾ, ਉੱਥੇ ਕੁਝ ਚੋਣਵੇਂ ਸਕੂਲਾਂ ਨੂੰ ਤਰਜੀਹ ਦੇਣ ਨਾਲ ਬਾਕੀ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਦਾ ਨੁਕਸਾਨ ਹੋਵੇਗਾ। ਇਸੇ ਤਰ੍ਹਾਂ 2024-25 ਵਿੱਚ ਅਗਸਤ ਮਹੀਨੇ ਸ਼ੁਰੂ ਕੀਤੀ ਆਨਲਾਈਨ ਬਦਲੀ ਪ੍ਰਕਿਰਿਆ ਦੌਰਾਨ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਨਿਰਪੱਖਤਾ, ਪਾਰਦਰਸ਼ਤਾ ਅਤੇ ਸਮਾਨਤਾ ਬਰਕਰਾਰ ਰੱਖਣ ਲਈ ਜਿੰਮੇਵਾਰੀ ਨਾ ਨਿਭਾਉਣ ਕਾਰਨ ਅਧਿਆਪਕਾਂ ਵਿੱਚ ਵਿਆਪਕ ਰੋਸ ਹੈ। ਇਸ ਵਾਰ ਬਦਲੀਆਂ ਸਬੰਧੀ ਬਣਦੇ ਅੰਕਾਂ ਦੀਆਂ ਸੂਚੀਆਂ ਤੱਕ ਜਾਰੀ ਨਹੀਂ ਕੀਤੀਆਂ ਗਈਆਂ ਜੋ ਇਨ੍ਹਾਂ ਬਦਲੀਆਂ ਵਿੱਚ ਹੋਈਆਂ ਬੇਨਿਯਮੀਆਂ ਵੱਲ ਇਸ਼ਾਰਾ ਕਰਦਾ ਹੈ। ਡੀ ਟੀ ਐੱਫ ਆਗੂਆ ਮੰਗ ਕੀਤੀ ਕਿ ਲੈਕਚਰਾਰ ਦੇ ਵੱਖ ਵੱਖ ਵਿਸ਼ਿਆਂ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਕੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਖਾਲੀ ਸਟੇਸ਼ਨ ਤਰੱਕੀ ਲਈ ਪੇਸ਼ ਕੀਤੇ ਜਾਣ, ਪਹਿਲਾਂ ਵਾਂਗ ਸਿਟਿੰਗ ਸਟੇਸ਼ਨ ਦੀ ਸਹੂਲਤ ਦਿੱਤੀ ਜਾਵੇ ਅਤੇ ਦੂਰ ਦੇ ਸਟੇਸ਼ਨ ਲੈਣ ਲਈ ਮਜਬੂਰ ਹੋਏ ਅਧਿਆਪਕਾਂ ਨਾਲ ਇਨਸਾਫ ਕੀਤਾ ਜਾਵੇ। ਜਨਰਲ ਬਦਲੀਆਂ ਦੇ ਦੂਜੇ ਰਾਉਂਡ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਅਤੇ ਡਾਟਾ ਮਿਸ ਮੈਚ ਕਾਰਨ ਬਦਲੀਆਂ ਤੋਂ ਵਾਂਝੇ ਰਹਿ ਗਏ ਅਧਿਆਪਕਾਂ ਨੂੰ ਵੀ ਬਰਾਬਰ ਮੌਕਾ ਦਿੱਤਾ ਜਾਵੇ। ਜਿੰਨ੍ਹਾਂ ਅਧਿਆਪਕਾਂ ਤੇ ਨਾਨ ਟੀਚਿੰਗ ਮੁਲਾਜ਼ਮਾਂ ਦਾ ਪਰਖ ਸਮਾਂ/ਸਟੇਅ ਇਸੇ ਵਿਦਿਅਕ ਸੈਸ਼ਨ 2024-25 ਵਿੱਚ ਪੂਰੀ ਹੁੰਦੀ ਹੈ, ਉਹਨਾਂ ਸਾਰੇ ਦੇ ਸਾਰੇ ਕਰਮਚਾਰੀਆਂ ਨੂੰ ਬਦਲੀਆਂ ਦੀ ਮੌਜੂਦਾ ਪ੍ਰਕਿਰਿਆ ਵਿੱਚ ਹੀ ਇੱਕ ਸਮਾਨ ਮੌਕਾ ਦਿੱਤਾ ਜਾਵੇ ਅਤੇ ਅਜਿਹੇ ਮਾਮਲਿਆਂ ਵਿੱਚ ਹੋਈਆਂ 569 ਲੈਕਚਰਾਰਾਂ ਤੇ 693 ਲਾਈਬ੍ਰੇਰੀਅਨਾਂ ਦੀਆਂ ਬਦਲੀਆਂ ਨੂੰ ਲਾਗੂ ਕੀਤਾ ਜਾਵੇ। ਇਸ ਸਮੇਂ ਰਵੀ ਕੁਮਾਰ, ਕੰਵਲਜੀਤ ਪਾਲ, ਰਜਿੰਦਰ ਸਿੰਘ ਗਿੱਦੜਬਾਹਾ, ਰਣਜੀਤ ਸਿੰਘ, ਹਰਨੇਕ ਸਿੰਘ ਗਿੱਦੜਬਾਹਾ, ਮੁਕੇਸ਼ ਗੋਇਲ, ਸਰਬਜੀਤ ਸਿੰਘ, ਵਿਸ਼ੂ ਛਾਬੜਾ, ਮਨਿੰਦਰ ਸਿੰਘ, ਭੁਪਿੰਦਰ ਕੁਮਾਰ, ਰੋਸ਼ਨ ਸਿੰਘ, ਮਨਪ੍ਰੀਤ ਸਿੰਘ, ਸੰਦੀਪ ਕਾਠਪਾਲ ਆਦਿ ਹਾਜ਼ਰ ਸਨ।