ਡੀ ਟੀ ਐੱਫ ਵੱਲੋਂ ਤਰੱਕੀਆਂ ਅਤੇ ਬਦਲੀਆਂ ਦੀਆਂ ਬੇਨਿਯਮੀਆਂ ਸਬੰਧੀ ਭੇਜਿਆ ਵਿਰੋਧ ਪੱਤਰ

*ਡੀ ਟੀ ਐੱਫ ਵੱਲੋਂ ਤਰੱਕੀਆਂ ਅਤੇ ਬਦਲੀਆਂ ਦੀਆਂ ਬੇਨਿਯਮੀਆਂ ਸਬੰਧੀ ਭੇਜਿਆ ਵਿਰੋਧ ਪੱਤਰ*25 ਸਤੰਬਰ, ਫਾਜ਼ਿਲਕਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ

ਡੈਮੋਕ੍ਰੈਟਿਕ ਟੀਚਰਜ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ,ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਨੇ ਦੱਸਿਆ ਕਿ ਮਾਸਟਰ ਤੋਂ ਲੈਕਚਰਾਰ ਕਾਡਰ ਦੀ ਤਰੱਕੀ ਲਈ ਸ਼ੁਰੂ ਕੀਤੀ ਪ੍ਰਕਿਰਿਆ ਦੌਰਾਨ ਵਿਸ਼ਿਆਂ ਵਿੱਚ ਮੁੱਖ ਤੌਰ ‘ਤੇ ਸਕੂਲ ਆੱਫ ਐਮੀਨੈਂਸ ਸਮੇਤ ਕੁਝ ਕੁ ਚੋਣਵੇਂ ਸਕੂਲਾਂ ਨੂੰ ਸਟੇਸ਼ਨ ਚੋਣ ਲਈ ਪੇਸ਼ ਕੀਤਾ ਜਾ ਰਿਹਾ ਹੈ। ਜਦਕਿ ਪੰਜਾਬ ਦੇ ਬਾਕੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੀ ਲੈਕਚਰਾਰ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ ਇਸ ਫੈਸਲੇ ਨਾਲ ਜਿੱਥੇ ਕਈ ਸਾਲਾਂ ਤੋਂ ਤਰੱਕੀ ਦੀ ਉਡੀਕ ਕਰ ਰਹੇ ਅਧਿਆਪਕਾਂ ਨੂੰ ਦੂਰ-ਦੁਰਾਡੇ ਦੇ ਸਟੇਸ਼ਨ ਮਿਲਣ ਕਾਰਨ ਤਰੱਕੀਆਂ ਛੱਡਣ ਲਈ ਮਜਬੂਰ ਹੋਣਾ ਪਵੇਗਾ, ਉੱਥੇ ਕੁਝ ਚੋਣਵੇਂ ਸਕੂਲਾਂ ਨੂੰ ਤਰਜੀਹ ਦੇਣ ਨਾਲ ਬਾਕੀ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਦਾ ਨੁਕਸਾਨ ਹੋਵੇਗਾ। ਇਸੇ ਤਰ੍ਹਾਂ 2024-25 ਵਿੱਚ ਅਗਸਤ ਮਹੀਨੇ ਸ਼ੁਰੂ ਕੀਤੀ ਆਨਲਾਈਨ ਬਦਲੀ ਪ੍ਰਕਿਰਿਆ ਦੌਰਾਨ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਨਿਰਪੱਖਤਾ, ਪਾਰਦਰਸ਼ਤਾ ਅਤੇ ਸਮਾਨਤਾ ਬਰਕਰਾਰ ਰੱਖਣ ਲਈ ਜਿੰਮੇਵਾਰੀ ਨਾ ਨਿਭਾਉਣ ਕਾਰਨ ਅਧਿਆਪਕਾਂ ਵਿੱਚ ਵਿਆਪਕ ਰੋਸ ਹੈ। ਇਸ ਵਾਰ ਬਦਲੀਆਂ ਸਬੰਧੀ ਬਣਦੇ ਅੰਕਾਂ ਦੀਆਂ ਸੂਚੀਆਂ ਤੱਕ ਜਾਰੀ ਨਹੀਂ ਕੀਤੀਆਂ ਗਈਆਂ ਜੋ ਇਨ੍ਹਾਂ ਬਦਲੀਆਂ ਵਿੱਚ ਹੋਈਆਂ ਬੇਨਿਯਮੀਆਂ ਵੱਲ ਇਸ਼ਾਰਾ ਕਰਦਾ ਹੈ। ਡੀ ਟੀ ਐੱਫ ਦੇ ਆਗੂਆਂ ਨੇ ਮੰਗ ਕੀਤੀ ਕਿ ਲੈਕਚਰਾਰ ਦੇ ਵੱਖ ਵੱਖ ਵਿਸ਼ਿਆਂ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਕੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਖਾਲੀ ਸਟੇਸ਼ਨ ਤਰੱਕੀ ਲਈ ਪੇਸ਼ ਕੀਤੇ ਜਾਣ, ਪਹਿਲਾਂ ਵਾਂਗ ਸਿਟਿੰਗ ਸਟੇਸ਼ਨ ਦੀ ਸਹੂਲਤ ਦਿੱਤੀ ਜਾਵੇ ਅਤੇ ਦੂਰ ਦੇ ਸਟੇਸ਼ਨ ਲੈਣ ਲਈ ਮਜਬੂਰ ਹੋਏ ਅਧਿਆਪਕਾਂ ਨਾਲ ਇਨਸਾਫ ਕੀਤਾ ਜਾਵੇ। ਜਨਰਲ ਬਦਲੀਆਂ ਦੇ ਦੂਜੇ ਰਾਉਂਡ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਅਤੇ ਡਾਟਾ ਮਿਸ ਮੈਚ ਕਾਰਨ ਬਦਲੀਆਂ ਤੋਂ ਵਾਂਝੇ ਰਹਿ ਗਏ ਅਧਿਆਪਕਾਂ ਨੂੰ ਵੀ ਬਰਾਬਰ ਮੌਕਾ ਦਿੱਤਾ ਜਾਵੇ। ਜਿੰਨ੍ਹਾਂ ਅਧਿਆਪਕਾਂ ਤੇ ਨਾਨ ਟੀਚਿੰਗ ਮੁਲਾਜ਼ਮਾਂ ਦਾ ਪਰਖ ਸਮਾਂ/ਸਟੇਅ ਇਸੇ ਵਿਦਿਅਕ ਸੈਸ਼ਨ 2024-25 ਵਿੱਚ ਪੂਰੀ ਹੁੰਦੀ ਹੈ, ਉਹਨਾਂ ਸਾਰੇ ਦੇ ਸਾਰੇ ਕਰਮਚਾਰੀਆਂ ਨੂੰ ਬਦਲੀਆਂ ਦੀ ਮੌਜੂਦਾ ਪ੍ਰਕਿਰਿਆ ਵਿੱਚ ਹੀ ਇੱਕ ਸਮਾਨ ਮੌਕਾ ਦਿੱਤਾ ਜਾਵੇ ਅਤੇ ਅਜਿਹੇ ਮਾਮਲਿਆਂ ਵਿੱਚ ਹੋਈਆਂ 569 ਲੈਕਚਰਾਰਾਂ ਤੇ 693 ਲਾਈਬ੍ਰੇਰੀਅਨਾਂ ਦੀਆਂ ਬਦਲੀਆਂ ਨੂੰ ਲਾਗੂ ਕੀਤਾ ਜਾਵੇ। ਇਸ ਸਮੇਂ ਡੀ ਟੀ ਐੱਫ ਫਾਜ਼ਿਲਕਾ ਦੇ ਜਿਲ੍ਹਾ ਜਨਰਲ ਸਕੱਤਰ ਕੁਲਜੀਤ ਡੰਗਰ ਖੇੜਾ,ਮੀਤ ਪ੍ਰਧਾਨ ਨੋਰੰਗ ਲਾਲ, ਪ੍ਰੈਸ ਸਕੱਤਰ ਹਰੀਸ਼ ਕੁਮਾਰ,ਸਹਾਇਕ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ, ਵਿੱਤ ਸਕੱਤਰ ਰਿਸ਼ੂ ਸੇਠੀ,ਸ਼ੁਭਾਸ਼ ਕੌੜਿਆਂ ਵਾਲੀ, ਵਰਿੰਦਰ ਕੁਮਾਰ, ਰਮੇਸ਼ ਸੁਧਾ ਅਤੇ ਡੀ ਟੀ ਐੱਫ ਦੇ ਹੋਰ ਆਗੂ ਹਾਜ਼ਰ ਸਨ।

Scroll to Top