
07ਅਗੱਸਤ ਨੂੰ ਫ਼ਗਵਾੜਾ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕ ਰੋਸ ਪ੍ਰਦਰਸ਼ਨ ਵਿੱਚ ਪੈਨਸ਼ਨਰ ਹੋਣਗੇ ਸ਼ਾਮਲ : ਪੈਨਸ਼ਨਰ ਆਗੂ ਫ਼ਗਵਾੜਾ:03 ਅਗੱਸਤ ( ) ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵਲੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਦੇ ਆਗੂਆਂ ਨਾਲ ਸੁਖਾਵੇਂ ਮਾਹੌਲ ਵਿੱਚ ਦੋ ਧਿਰੀ ਗੱਲਬਾਤ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਲਈ ਮੀਟਿੰਗ ਕਰਨ ਤੋਂ ਵਾਰ -ਵਾਰ ਟਾਲਾ ਵੱਟਿਆ ਜਾ ਰਿਹਾ ਹੈ ਅਤੇ ਆਪਣੇ ਵਲੋਂ ਮੀਟਿੰਗ ਕਰਨ ਦੇ ਦਿੱਤੇ ਭਰੋਸੇ ਨੂੰ, ਵਾਰ ਵਾਰ ਮੀਟਿੰਗ ਦੀ ਦਿੱਤੀ ਮਿਤੀ ਨੂੰ ਕੋਰਟ ਕੇਸਾਂ ਵਾਂਗ ਮੀਟਿੰਗ ਦੀ ਅਗਲੀ ਮਿਤੀ ਦੇ ਕੇ ਆਪਣੇ ਭਰੋਸੇ ਨੂੰ ਬੇਭਰੋਸਗੀ ਵਿੱਚ ਬਦਲਿਆ ਜਾ ਰਿਹਾ ਹੈ। ਹੁਣ ਫਿਰ ਮੁੱਖ ਮੰਤਰੀ ਪੰਜਾਬ ਵਲੋਂ 02 ਅਗੱਸਤ ਦੀ ਮੀਟਿੰਗ ਰੱਦ ਕਰਦੇ ਹੋਏ 22 ਅਗੱਸਤ ਦੀ ਮਿਤੀ ਦੇ ਦਿੱਤੀ ਗਈ ਹੈ।ਜਿਸ ਦੇ ਭਾਰੀ ਰੋਸ ਵਜੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ 05-06 ਅਗੱਸਤ ਨੂੰ ਸਮੁੱਚੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਪੁਤਲੇ, ਅਰਥੀਆਂ ਅਤੇ ਲਾਰਿਆਂ ਦੀਆਂ ਪੰਡਾਂ ਫੂਕ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨ ਦੇ ਦਿੱਤੇ ਗਏ ਸੱਦੇ ਅਨੁਸਾਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਫ਼ਗਵਾੜਾ ਵਲੋਂ 07 ਅਗੱਸਤ ਨੂੰ ਫ਼ਗਵਾੜਾ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਪ੍ਰਧਾਨ ਮੋਹਣ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਸੀਤਲ ਰਾਮ ਬੰਗਾ,ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ,ਵਿੱਤ ਸਕੱਤਰ ਹਰਿੰਦਰ ਸਿੰਘ,ਜੁਆਇੰਟ ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ, ਜੁਆਇੰਟ ਪ੍ਰੈੱਸ ਸਕੱਤਰ ਗੁਰਦੀਪ ਕੁਮਾਰ ਜੱਸੀ, ਨਿਰਮੋਲਕ ਸਿੰਘ ਹੀਰਾ ਆਦਿ ਆਗੂਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫ਼ਗਵਾੜਾ ਵਿਖੇ 07 ਅਗੱਸਤ ਨੂੰ ਠੀਕ 2: 30 ਵਜੇ ਨਗਰ ਨਿਗਮ ਫ਼ਗਵਾੜਾ ਦਫ਼ਤਰ ਦੇ ਪਾਰਕ ਵਿੱਚ(ਟਾਊਨ ਹਾਲ ਫਗਵਾੜਾ) ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ 07ਅਗੱਸਤ ਨੂੰ ਦਿੱਤੇ ਗਏ ਸਮੇਂ ਅਨੁਸਾਰ ਟਾਊਨ ਹਾਲ ਫਗਵਾੜਾ ਦੇ ਪਾਰਕ ਵਿੱਚ ਪੁੱਜ ਕੇ, ਆਪਣੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਨੂੰ ਮੰਨਵਾਉਣ ਅਤੇ ਲਾਗੂ ਕਰਵਾਉਣ ਲਈ ਸੰਘਰਸ਼ ਵਿੱਚ ਬਣਦਾ ਯੋਗਦਾਨ ਪਾਓ ਜੀ ਤਾਂ ਜੋ ਪੰਜਾਬ ਸਰਕਾਰ ਵੱਲੋਂ ਮੀਟਿੰਗ ਕਰਨ ਪ੍ਰਤੀ ਦਿਖਾਈ ਜਾ ਰਹੀ ਬੇਭਰੋਸਗੀ ਪ੍ਰਤੀ ਗੁੱਸੇ ਅਤੇ ਰੋਹ ਦਾ ਪ੍ਰਗਟਾਵਾ ਸਫ਼ਲਤਾ ਪੂਰਵਕ ਕੀਤਾ ਜਾ ਸਕੇ। ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੋਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਜੇ ਅਤਿ ਜ਼ਰੂਰੀ ਰੁਝੇਵਿਆਂ ਕਾਰਨ ਮੁੱਖ ਮੰਤਰੀ ਸਾਹਿਬ ਕੋਲ ਮੀਟਿੰਗ ਕਰਨ ਦਾ ਸਮਾਂ ਨਹੀਂ ਹੈ ਤਾਂ ਉਹ ਬਿਨਾਂ ਮੀਟਿੰਗ ਕੀਤੇ ਤੋਂ ਹੀ ਮੁਲਾਜ਼ਮਾਂ ਦੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਨੂੰ ਮੰਨਣ ਅਤੇ ਤੁਰੰਤ ਲਾਗੂ ਕਰਨ ਦਾ 15 ਅਗੱਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਐਲਾਨ ਕਰਨ ਕਿਉਂਕਿ ਸਮੂਹ ਮੰਗਾਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਉੱਚ ਪੱਧਰੀ ਕਮੇਟੀ ਨਾਲ ਬਹੁਤ ਵਾਰ ਵਿਚਾਰ ਚਰਚਾ ਹੋ ਚੁੱਕੀ ਹੈ। ਪ੍ਰੈੱਸ ਬਿਆਨ ਜਾਰੀ ਕਰਨ ਸਮੇਂ ਹੋਰਨਾਂ ਤੋਂ ਇਲਾਵਾ ਕ੍ਰਿਸ਼ਨ ਗੋਪਾਲ ਚੋਪੜਾ, ਸਤਪਾਲ ਸਿੰਘ ਖੱਟਕੜ, ਪਿਆਰਾ ਰਾਮ ਪਲਾਹੀ,ਕੇ ਕੇ ਪਾਂਡੇ, ਅਸ਼ਵਨੀ ਕੁਮਾਰ,ਰਤਨ ਸਿੰਘ, ਬਲਵੀਰ ਸਿੰਘ ਆਦਿ ਸਾਥੀ ਹਾਜ਼ਰ ਸਨ।