ਵਿਭਾਗੀ ਮੰਗਾਂ ਦੇ ਹੱਲ ਲਈ 18 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵੱਲ ਰੁੱਖ ਕਰੇਗਾ ਡੀ.ਟੀ.ਐੱਫ

ਵਿਭਾਗੀ ਮੰਗਾਂ ਦੇ ਹੱਲ ਲਈ 18 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵੱਲ ਰੁੱਖ ਕਰੇਗਾ ਡੀ.ਟੀ.ਐੱਫ

ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੇ ਮਸਲੇ ਹੱਲ ਹੋਣ ਦੀ ਥਾਂ ਕੇਵਲ ਹੁੰਦੀ ਹੈ ਡੰਗ ਟਪਾਈ: ਡੀ.ਟੀ.ਐੱਫ.

ਸਕੂਲ ਸਿੱਖਿਆ ਵਿਭਾਗ ਦੀ ਅਲਗਰਜ਼ੀ ਕਾਰਨ ਬਿਨਾਂ ਤਰੱਕੀ ਸੇਵਾ ਮੁਕਤ ਹੋ ਰਹੇ ਨੇ ਹਜ਼ਾਰਾਂ ਅਧਿਆਪਕ: ਡੀ.ਟੀ.ਐੱਫ.

ਨਰਿੰਦਰ ਭੰਡਾਰੀ ਅਤੇ ਰਵਿੰਦਰ ਕੰਬੋਜ ਦੀ ਪੈਂਡਿੰਗ ਕਨਫਰਮੇਸ਼ਨ ਤੇ ਰੈਗੂਲਰਾਇਜੇਸ਼ਨ ਪੂਰੀ ਕਰਨ ਦੀ ਮੰਗ

15 ਫਰਵਰੀ, ਅੰਮ੍ਰਿਤਸਰ( ); ਸਿੱਖਿਆ ਨੂੰ ਪ੍ਰਮੁੱਖਤਾ ਦੱਸਣ ਵਾਲੀ ‘ਆਪ’ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਤੋਂ ਖ਼ਫ਼ਾ ਹੋਏ ਅਧਿਆਪਕਾਂ ਵੱਲੋਂ ਹੁਣ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਬੈਨਰ ਹੇਠ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵੱਲ ਮੁੜ ਸੰਘਰਸ਼ੀ ਰੁੱਖ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਮੁੱਢਲੇ ਪੜਾਅ ਵਜੋਂ ਡੀ.ਟੀ.ਐੱਫ. ਵੱਲੋਂ 18 ਫਰਵਰੀ ਨੂੰ 100 ਤੋਂ ਵਧੇਰੇ ਆਗੂਆਂ ਦੇ ਇੱਕ ਵੱਡੇ ਵਫ਼ਦ ਦੇ ਰੂਪ ਵਿੱਚ ਸਿੱਖਿਆ ਮੰਤਰੀ ਦੇ ਪਿੰਡ ਪੁੱਜਣ ਅਤੇ ਅਧਿਆਪਕਾਂ ਦੇ ਵੱਖ-ਵੱਖ ਵਿਭਾਗੀ ਮਸਲੇ ਹੱਲ ਨਾ ਹੋਣ ਕਾਰਨ ਰੋਸ ਪੱਤਰ ਸੌਪਣ ਦਾ ਫੈਸਲਾ ਕੀਤਾ ਹੈ।
ਇਸ ਸੰਬੰਧੀ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਮੌਜੂਦਾ ਸਰਕਾਰ ਨੇ ਦੋ ਸਾਲਾਂ ਦੇ ਕਾਰਜਕਾਲ ਵਿੱਚ ਮਸਲਿਆਂ ਦਾ ਸਮਾਂਬੱਧ ਹੱਲ ਕਰਨ ਦੀ ਥਾਂ ਪੰਜ-ਪੰਜ ਸਿੱਖਿਆ ਡਾਇਰੈਕਟਰ (ਸੈਕੰਡਰੀ) ਤਬਦੀਲ ਕਰਕੇ ਮੰਗਾਂ ਨੂੰ ਮਿੱਟੀ ਘੱਟੇ ਰੋਲਣ ਦੇ ਮੀਲ ਪੱਥਰ ਹੀ ਸਥਾਪਿਤ ਕੀਤੇ ਹਨ। ਉਨ੍ਹਾਂ ਦੱਸਿਆ ਕੇ ਜਥੇਬੰਦੀ ਵੱਲੋਂ ਕਪੂਰਥਲਾ ਜਿਲ੍ਹੇ ਦੇ 8886 ਅਸਾਮੀਆਂ ਨਾਲ ਸਬੰਧਿਤ ਅਧਿਆਪਕ ਸਾਥੀ ਨਰਿੰਦਰ ਭੰਡਾਰੀ ਨੂੰ ਸਿੱਖਿਆ ਵਿਭਾਗ ਵੱਲੋਂ ਜ਼ਾਰੀ ਗੈਰ ਵਾਜਿਬ ਟਰਮੀਨੇਸ਼ਨ ਤਜ਼ਵੀਜ ਵਾਪਸ ਲੈਣ ਬਾਰੇ ਕਈ ਵਾਰ ਮੰਗ ਉਠਾਉਣ ਦੇ ਬਾਵਜੂਦ ਸੇਵਾਵਾਂ ਕਨਫਰਮ ਨਾ ਹੋਣ ਕਾਰਨ ਉਕਤ ਅਧਿਆਪਕ ਪਿਛਲੇ 6 ਸਾਲ ਤੋਂ ਨਿਗੁਣੀ ਤਨਖਾਹ ‘ਤੇ ਹੀ ਗੁਜ਼ਾਰਾ ਕਰ ਰਿਹਾ ਹੈ। ਇਸੇ ਢੰਗ ਨਾਲ 3442 ਭਰਤੀ ਦਾ ਅਧਿਆਪਕ ਰਵਿੰਦਰ ਕੰਬੋਜ (ਪਟਿਆਲਾ) ਵੀ ਬੇਇਨਸਾਫ਼ੀ ਦਾ ਸ਼ਿਕਾਰ ਹੋਇਆ ਪਿਛਲੇ 11 ਸਾਲਾਂ ਤੋਂ ਆਪਣੇ ਰੈਗੂਲਰ ਆਰਡਰਾਂ ਦੀ ਉਡੀਕ ਵਿੱਚ ਸੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਪਿਛਲੇ ਛੇ ਸਾਲ ਤੋਂ ਦੱਬ ਕੇ ਰੱਖੀ ਈ.ਟੀ.ਟੀ. ਤੋਂ ਮਾਸਟਰ ਕਾਡਰ ਦੀ ਪੈਂਡਿੰਗ ਤਰੱਕੀ, ਮਾਸਟਰ, ਲੈਕਚਰਾਰ, ਹੈਡਮਾਸਟਰ, ਪ੍ਰਿੰਸੀਪਲਾਂ, ਸੀ.ਐਂਡ.ਵੀ. ਅਤੇ ਨਾਨ ਟੀਚਿੰਗ ਕਾਡਰਾਂ ਦੀਆਂ ਲਟਕੀਆਂ ਤਰੱਕੀਆਂ ਨੇਪਰੇ ਚਾੜਣ, ਇਓ.ਡੀ.ਐੱਲ ਦੇ ਰਹਿੰਦੇ ਆਰਡਰ ਜਾਰੀ ਕਰਵਾਉਣ, ਪਹਿਲਾ ਹੋਈਆਂ ਬਦਲੀਆਂ ਨੂੰ ਲਾਗੂ ਕਰਵਾਉਣ ਅਤੇ ਬਦਲੀ ਪ੍ਰਕਿਰਿਆ ਸ਼ੁਰੂ ਕਰਵਾਉਣ , ਇਸੇ ਢੰਗ ਨਾਲ 3582 ਅਤੇ 4161 ਭਰਤੀਆਂ ‘ਤੇ ਨਿਯੁਕਤ ਅਧਿਆਪਕਾਂ ਲਈ ਕ੍ਰਮਵਾਰ 16 ਜੁਲਾਈ 2018 ਅਤੇ 9 ਮਈ 2022 ਤੋਂ ਸਾਰੇ ਆਰਥਿਕ ਲਾਭ ਲੈਣ, 5178, 3442, 7654 ਅਸਾਮੀਆਂ ‘ਤੇ ਨਿਯੁਕਤ ਅਧਿਆਪਕਾਂ ਨੂੰ ਮੁੱਢਲੀ ਨਿਯੁਕਤੀ ਵਿਚਲੀ ਚੋਣ ਮੈਰਿਟ ਅਨੁਸਾਰ ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਵਿੱਚ ਸਥਾਨ ਦੇਣ, ਪ੍ਰਾਇਮਰੀ ਦੀਆਂ ਪੈਂਡਿੰਗ 5994, 2364 ਭਰਤੀਆਂ ਨੂੰ ਫੌਰੀ ਮੁਕੰਮਲ ਕਰਕੇ ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ, ਪੁਰਸ਼ ਅਧਿਆਪਕਾਂ ਨੂੰ ਸਲਾਨਾ ਮਿਲਣਯੋਗ ਅਚਨਚੇਤ ਛੁੱਟੀਆਂ ਵਿੱਚ 10 ਤੋਂ 15 ਦਾ ਵਾਧਾ ਹੋਣ ਮੌਕੇ ਠੇਕਾ ਅਧਾਰਿਤ ਸੇਵਾ ਨੂੰ ਯੋਗ ਮੰਨਣ ਦਾ ਸਪੱਸ਼ਟੀਕਰਨ ਪੱਤਰ ਜ਼ਾਰੀ ਕਰਨ, ਸਿੱਧੀ ਭਰਤੀ ਵਾਲੇ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਾਂ ਨੂੰ ਉਚੇਰੀ ਜਿੰਮੇਵਾਰੀ ਇਨਕਰੀਮੈਂਟ ਦੇਣ, ਭ੍ਰਿਸ਼ਟਾਚਾਰ ਅਤੇ ਵੱਡੀਆਂ ਬੇਨਿਯਮੀਆਂ ਲਈ ਦੋਸ਼ੀ ਬੀ.ਪੀ.ਈ.ਓ. ਜਖਵਾਲੀ (ਫਤਹਿਗੜ੍ਹ ਸਾਹਿਬ) ‘ਤੇ ਬਣਦੀ ਕਾਰਵਾਈ ਕਰਨ ਅਤੇ ਸਲਾਨਾ ਪ੍ਰਵੀਨਤਾ ਤਰੱਕੀ ਨਾਲ ਸੰਬੰਧਿਤ ਫਤਹਿਗੜ੍ਹ ਸਾਹਿਬ ਜਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ ਦੇ ਮਾਮਲੇ ਹੱਲ ਕਰਨ ਦੀ ਥਾਂ ਸਿੱਖਿਆ ਵਿਭਾਗ ਵੱਲੋਂ ਕੇਵਲ ਡੰਗ ਟਪਾਈ ਵਾਲੀ ਨੀਤੀ ਤੋਂ ਕੰਮ ਲਿਆ ਜਾ ਰਿਹਾ ਹੈ। ਅਜਿਹੇ ਦਰਮਿਆਨ ਆਗੂਆਂ ਗੁਰਬਿੰਦਰ ਸਿੰਘ ਖਹਿਰਾ, ਜਰਮਨਜੀਤ ਸਿੰਘ, ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਸੁਖਜਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਨਾਭਾ, ਕੰਵਲਜੀਤ ਸਿੰਘ, ਨਰੇਸ਼ ਕੁਮਾਰ, ਵਿੱਪਨ ਰਿਖੀ, ਗੁਰਿੰਦਰਜੀਤ ਸਿੰਘ ਮਾਨਾਂਵਾਲਾ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ ਵਰਨਾਲੀ, ਡਾਕਟਰ ਗੁਰਦਿਆਲ ਸਿੰਘ, ਪਰਮਿੰਦਰ ਸਿੰਘ ਰਾਜਾਸਾਂਸੀ, ਬਲਦੇਵ ਮੰਨਣ, ਵਿਕਾਸ ਕੁਮਾਰ, ਕੰਵਰਜੀਤ ਸਿੰਘ, ਮੁਨੀਸ਼ ਪੀਟਰ, ਬਲਜਿੰਦਰ ਸਿੰਘ ਆਦਿ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਪੱਧਰ ਦੇ ਮਸਲੇ ਫੌਰੀ ਹੱਲ ਕਰਨ ਦੀ ਮੰਗ ਲਈ ਜਥੇਬੰਦੀ ਵੱਲੋਂ 18 ਫਰਵਰੀ ਨੂੰ ਵੱਡੇ ਵਫ਼ਦ ਦੇ ਰੂਪ ਵਿੱਚ ਸਿੱਖਿਆ ਮੰਤਰੀ ਦੇ ਪਿੰਡ ਪੁੱਜਣ ਅਤੇ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਕੇ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਪਿੰਡ ਗੰਭੀਰਪੁਰ ਵਿਖੇ ਹੀ ਪਿਛਲੇ ਚਾਰ ਮਹੀਨੇ ਤੋਂ 5994 ਈ.ਟੀ.ਟੀ. ਭਰਤੀ ਨੂੰ ਮੁਕੰਮਲ ਕਰਵਾਉਣ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਦੇ ਧਰਨੇ ਵਿੱਚ ਵੀ ਸ਼ਮੂਲੀਅਤ ਕੀਤੀ ਜਾਵੇਗੀ।

Scroll to Top