ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਮੀਟਿੰਗ ਉਪਰੰਤ ਸਕੂਲ ਜਾ ਰਹੇ ਬੀ.ਐਲ.ਓ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੁਖਦਾਈ ਤੇ ਨਿਖੇਧੀਯੋਗ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਮੀਟਿੰਗ ਉਪਰੰਤ ਸਕੂਲ ਜਾ ਰਹੇ ਬੀ.ਐਲ.ਓ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੁਖਦਾਈ ਤੇ ਨਿਖੇਧੀਯੋਗ
ਸਿੱਖਿਆ ਵਿਭਾਗ ਤੇ ਚੋਣ ਕਮਿਸ਼ਨ ਮਹਿਰੂਮ ਕਰਮਚਾਰੀ ਨੂੰ ਦਵੇ ਵਿੱਤੀ ਮੁਆਵਜ਼ਾ- ਡੀ.ਟੀ.ਐਫ
ਅੰਮ੍ਰਿਤਸਰ,…..(31.01.2024): ਅਗਾਮੀ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਮੱਦੇਨਜ਼ਰ ਚੱਲ ਰਹੀ ਕੇਸ਼ਧਾਰੀ ਸਿੱਖ ਵੋਟਰਾਂ ਦੀ ਰਜਿਸਟਰੇਸ਼ਨ ਸੰਬੰਧੀ ਕੰਮਾਂ ਦੀ ਪ੍ਰਗਤੀ ਬਾਰੇ ਬੀਤੇ ਕੁੱਝ ਦਿਨਾਂ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਵੱਖ-ਵੱਖ ਚੋਣ ਹਲਕਿਆਂ ਦੇ ਰਿਵਾਈਜ਼ਿੰਗ ਅਥਾਰਿਟੀਆਂ ਵੱਲੋਂ ਸੁਪਰਵਾਈਜ਼ਰ ਸਾਹਿਬਾਨਾਂ/ਬੂਥ ਲੈਵਲ ਅਫਸਰਾਂ ਤੇ ਵੱਧ ਤੋਂ ਵੱਧ ਵੋਟਰ ਰਜਿਸਟਰੇਸ਼ਨ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਵਿਰੁੱਧ ਬੀਤੇ ਦਿਨੀਂ ਬੀ.ਐਲ.ਓ ਯੂਨੀਅਨ ਵੱਲੋਂ ਡੀ.ਸੀ ਦਫ਼ਤਰ ਰਾਹੀਂ ਜ਼ਿਲ੍ਹਾ ਚੋਣ ਅਧਿਕਾਰੀ, ਅੰਮ੍ਰਿਤਸਰ ਦੇ ਨਾਂ ਮੰਗ ਪੱਤਰ ਵੀ ਸੌਂਪਿਆ ਗਿਆ ਸੀ। ਇਸ ਮੰਗ ਪੱਤਰ ਬਾਰੇ ਸੰਬੰਧਿਤ ਅਧਿਕਾਰੀ ਵੱਲੋਂ ਜਥੇਬੰਦੀ ਨਾਲ ਕੋਈ ਵਿਚਾਰ ਚਰਚਾ ਨਹੀਂ ਕੀਤੀ, ਅਤੇ ਜਬਰਨ ਵੱਧ ਤੋਂ ਵੱਧ ਵੋਟਰ ਰਜਿਸਟਰੇਸ਼ਨ ਦੇ ਦਬਾਅ ਨੂੰ ਜਯੋਂ ਦਾ ਤੋਂ ਰੱਖਿਆ। ਬੀਤੇ ਦਿਨ ਇਸੇ ਕਿਸਮ ਦੀ ਮੀਟਿੰਗ ਵਿਚੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਸਕੂਲ ਜਾ ਰਹੇ ਬੂਥ ਲੈਵਲ ਅਫ਼ਸਰ ਸ.ਕਸ਼ਮੀਰ ਸਿੰਘ, ਐਸ.ਐਲ.ਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹਿਰੀ ਮੰਡੀ ਨੂੰ ਮਾਨਾਂਵਾਲਾ ਟੋਲ ਪਲਾਜ਼ਾ ਕੋਲ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਤੇ ਸਮੁੱਚੇ ਅਧਿਆਪਕ ਵਰਗ ਵੱਲੋਂ ਰੋਸ ਪ੍ਰਗਟਾਉਂਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵਸਥੀ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਰਿਵਾਈਜ਼ਿੰਗ ਅਥਾਰਿਟੀਆਂ ਵੱਲੋਂ ਅਗਾਮੀ ਸ਼੍ਰੋਮਣੀ ਗਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਸੰਬੰਧੀ ਜਬਰਨ ਵੱਧ ਤੋਂ ਵੱਧ ਵੋਟਰਾਂ ਦੀ ਰਜਿਸਟਰੇਸ਼ਨ ਕਰਨ ਬਾਰੇ ਬੇਲੋੜਾ ਦਬਾਅ ਬਣਾਇਆ ਜਾ ਰਿਹਾ ਹੈ। ਵੋਟਾਂ ਨੂੰ ਬਣਵਾਉਣ ਦਾ ਅਧਿਕਾਰ ਹਰ ਨਾਗਰਿਕ ਕੋਲ ਹੁੰਦਾ ਹੈ, ਤੇ ਸੁਪਰਵਾਈਜ਼ਰ/ਬੀ.ਐਲ.ਓ ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੁਲਤ ਲਈ ਨਿਯੁਕਤ ਬੂਥ ਲੈਵਲ ਅਫਸਰ, ਅਧਿਕਾਰੀ ਹੁੰਦਾ ਹੈ। ਐਸ.ਜੀ.ਪੀ.ਸੀ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਵੋਟਰਾਂ ਨੂੰ ਜਾਗਰੂਕ ਕਰਨ ਦੀ ਥਾਂ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਸਮੂਹ ਮੁਲਾਜ਼ਮਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ, ਜਦਕਿ ਅਧਿਕ ਗਿਣਤੀ ਵੋਟਰ ਆਪਣੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਅਤੇ ਬਹੁਤੇ ਆਪਣੀ ਇਹ ਵੋਟ ਨਹੀਂ ਬਣਾਉਣਾ ਚਾਹੁੰਦੇ। ਅਜਿਹੇ ਹਾਲਾਤਾਂ ਵਿੱਚ ਤਾਨਾਸ਼ਾਹੀ ਹੁਕਮ ਦੇਣੇ ਮੁਲਾਜ਼ਮਾਂ ਨਾਲ ਸਰਾਸਰ ਨਾ ਇਨਸਾਫੀ ਹੈ, ਅਤੇ ਜਥੇਬੰਦੀ ਵੱਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ।
ਜਥੇਬੰਦੀ ਦੇ ਜ਼ਿਲ੍ਹਾ ਆਗੂਆਂ ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਸੁਖਜਿੰਦਰ ਸਿੰਘ ਜੱਬੋਵਾਲ, ਗੁਰਪ੍ਰੀਤ ਸਿੰਘ ਨਾਭਾ, ਵਿਪਨ ਰਿਖੀ, ਕੇਵਲ ਸਿੰਘ, ਕੰਵਲਜੀਤ ਸਿੰਘ, ਪਰਮਿੰਦਰ ਸਿੰਘ ਰਾਜਾਸਾਂਸੀ, ਕੁਲਦੀਪ ਸਿੰਘ ਵਰਨਾਲੀ, ਨਰੇਸ਼ ਕੁਮਾਰ, ਵਿਸ਼ਾਲ ਕਪੂਰ, ਵਿਸ਼ਾਲ ਚੌਹਾਨ, ਮਨੀਸ਼ ਪੀਟਰ ਆਦਿ ਨੇ ਸਮੁੱਚੀ ਜਥੇਬੰਦੀ ਨੇ ਜ਼ਿਲ੍ਹਾ ਚੋਣ ਅਧਿਕਾਰੀ ਕੋਲੋਂ ਅਜਿਹੇ ਗੈਰ ਸੰਵਿਧਾਨਿਕ ਤੇ ਗੈਰ ਮਨੁੱਖੀ ਹੁਕਮਾਂ ਨੂੰ ਜਾਰੀ ਕਰਨ ਤੋਂ ਗ਼ੁਰੇਜ਼ ਕਰਨ ਦੀ ਮੰਗ ਕੀਤੀ, ਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਸੁਪਰਵਾਈਜ਼ਰਾਂ/ ਬੂਥ ਲੈਵਲ ਅਫਸਰਾਂ ਨੂੰ ਅਧਿਕਾਰਤ ਕੰਮਾਂ ਨੂੰ ਹੀ ਲੈਣ ਦੀ ਮੰਗ ਕੀਤੀ।
ਆਗੂਆਂ ਨੇ ਜ਼ਿਲ੍ਹਾ ਚੋਣ ਅਧਿਕਾਰੀ ਕੋਲੋਂ ਮੰਗ ਕੀਤੀ ਕਿ ਮ੍ਰਿਤਕ ਕਰਮਚਾਰੀ ਨੂੰ ਚੋਣ ਡਿਊਟੀ ਤੇ ਮੰਨਦੇ ਹੋਏ ਭਾਰਤੀ ਚੋਣ ਕਮਿਸ਼ਨ ਦੇ ਨਿਯਮਾਂ ਤਹਿਤ ਬਣਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਤੇ ਸਿੱਖਿਆ ਵਿਭਾਗ ਵਿੱਚ ਨੌਕਰੀ ਦੌਰਾਨ ਅਚਨਚੇਤ ਗੁਜ਼ਰ ਜਾਣ ਕਾਰਨ ਆਸ਼ਰਿਤ ਪਰਿਵਾਰਿਕ ਮੈਂਬਰ ਨੂੰ ਸੇਵਾਮੁਕਤੀ ਦੇ ਸਮੇਂ ਤਕ ਪੂਰੀ ਤਨਖਾਹ ਦੇ ਲਾਭ, ਇੱਕ ਯੋਗ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਕਾਰਵਾਈ ਤੁਰੰਤ ਆਰੰਭੀ ਜਾਵੇ, ਤਾਂ ਜ਼ੋ ਪਰਿਵਾਰ ਨੂੰ ਅਜਿਹੇ ਦੁੱਖ ਭਰੇ ਸਮੇਂ ਵਿੱਚ ਕੁਝ ਰਾਹਤ ਮਿਲ ਸਕੇ।

Scroll to Top