ਜ਼ਿਲ੍ਹਾ ਚੋਣ ਅਫ਼ਸਰ ਨੂੰ ਬੂਥ ਲੈਵਲ ਅਫਸਰਾਂ ਨੇ ਚੋਣ ਡਿਊਟੀ ਦੌਰਾਨ ਦਰਪੇਸ਼ ਮੁਸ਼ਕਲਾਂ ਸੰਬੰਧੀ ਸੌਂਪਿਆ ਮੰਗ ਪੱਤਰ ਅਗਾਮੀ ਐਸ.ਜੀ.ਪੀ.ਸੀ ਚੋਣਾਂ ਲਈ ਜਬਰਨ ਵੋਟਰ ਰਜਿਸਟਰੇਸ਼ਨ ਕਰਨ ਸਬੰਧੀ ਹੁਕਮਾਂ ਦਾ ਡਟਵਾਂ ਵਿਰੋਧ ਵਾਰਡਾਂ ਤੇ ਪਿੰਡਾਂ ਵਿੱਚ ਬੂਥਾਂ ਦੀ ਗ਼ਲਤ ਮੈਪਿੰਗ ਤੇ ਬੇਲੋੜੇ ਪ੍ਰਬੰਧਕੀ ਦਬਾਅ ਕਾਰਨ ਸਮੂਹ ਜ਼ਿਲੇ ਦੇ ਬੀ.ਐਲ.ਓਜ਼ ਪ੍ਰੇਸ਼ਾਨਅੰਮ੍ਰਿਤਸਰ, …..(): ਭਾਰਤੀ ਚੋਣ ਕਮਿਸ਼ਨ ਅਤੇ ਚੋਣ ਕਮਿਸ਼ਨ, ਪੰਜਾਬ ਅਧੀਨ ਚੋਣ ਡਿਊਟੀ ਨਿਭਾ ਰਹੇ ਬੂਥ ਲੈਵਲ ਅਫਸਰਾਂ (ਬੀ.ਐਲ.ਓ.) ਦੀ ਜਥੇਬੰਦੀ ਬੀ.ਐਲ.ਓ ਯੂਨੀਅਨ ਦੀ ਜ਼ਿਲ੍ਹਾ ਇਕਾਈ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਕੁਮਾਰ ਅਤੇ ਜਨਰਲ ਸਕੱਤਰ ਮਧੂ ਕੁਮਾਰੀ ਦੀ ਸਾਂਝੀ ਅਗੁਵਾਈ ਵਿੱਚ ਬੀ.ਐਲ.ਓਜ਼ ਦੀਆਂ ਅਹਿਮ ਤੇ ਜਾਇਜ਼ ਮੰਗਾਂ ਅਤੇ ਇਨ੍ਹਾਂ ਦਿਨੀਂ ਗੁਰੂਦਵਾਰਾ ਐਕਟ ਅਨੁਸਾਰ ਅਗਾਮੀ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਲਈ ਮਿਤੀ 29.02.2024 ਤੱਕ ਕੇਸ਼ਧਾਰੀ ਸਿੱਖ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਸਬੰਧੀ ਚੱਲ ਰਹੇ ਕੰਮ ਵਿੱਚ ਜ਼ਿਲੇ ਦੇ ਹਰੇਕ ਵਾਰਡ ਤੇ ਪਿੰਡ ਵਿੱਚ ਵੱਧ ਤੋਂ ਵੱਧ ਵੋਟਰ ਰਜਿਸਟਰੇਸ਼ਨ ਕਰਨ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਵੱਖ ਵੱਖ ਹਲਕਿਆਂ ਲਈ ਅਧਿਕਾਰਿਤ ਰਿਵਾਇਜ਼ੀਂਗ ਅਥਾਰਿਟੀਆਂ ਵੱਲੋਂ ਬੀ.ਐਲ.ਓਜ਼ ਨੂੰ ਹੁਕਮ ਜਾਰੀ ਕਰਨ ਦੇ ਵਿਰੋਧ ਵਿਚ ਜ਼ਿਲ੍ਹਾ ਚੋਣ ਅਧਿਕਾਰੀ ਦੇ ਨਾਂ ਮੰਗ ਪੱਤਰ ਰਾਹੀਂ ਡੀ.ਸੀ ਦਫ਼ਤਰ ਭੇਜਿਆ ਗਿਆ। ਬੀ.ਐਲ.ਓਜ਼ ਦੇ ਅਧਿਕਾਰ ਖੇਤਰ ਵਿੱਚ ਕੇਵਲ ਇੱਕ ਬੂਥ ਹੀ ਆਉਂਦਾ ਹੈ, ਜਦਕਿ ਇਹ ਵੋਟਰ ਰਜਿਸਟਰੇਸ਼ਨ ਪਿੰਡਾਂ ਅਤੇ ਵਾਰਡਾਂ ਵਿੱਚ ਕੀਤੀ ਜਾਣੀ ਹੈ। ਇੱਕ ਵਾਰਡ ਵਿਚ ਅਨੇਕਾਂ ਬੂਥ ਹੁੰਦੇ ਹਨ ਅਤੇ ਕਈ ਥਾਈਂ ਇੱਕ ਬੂਥ ਵੱਖ ਵੱਖ ਵਾਰਡਾਂ ਵਿੱਚ ਵੰਡਿਆ ਹੋਇਆ ਹੈ, ਜਿਸ ਕਾਰਨ ਕੁੱਲ ਯੋਗ ਵੋਟਰਾਂ ਦੀ ਗਿਣਤੀ ਅਤੇ ਟੀਚਾ ਮਿਥਣਾ ਹਨੇਰੇ ਵਿੱਚ ਤੀਰ ਚਲਾਉਣ ਸਮਾਨ ਹੈ ਤੇ ਯੋਗ ਵੋਟਰਾਂ ਤੱਕ ਪਹੁੰਚ ਕਰਨ ਵਿਚ ਬੀ.ਐਲ.ਓਜ਼ ਨੂੰ ਬਹੁਤ ਮੁਸ਼ਕਲਾਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਇਸ ਕੰਮ ਨੂੰ ਕਰਨ ਲਈ ਬੀ.ਐਲ.ਓਜ਼ ਨੂੰ ਸ਼ਨੀਵਾਰ, ਐਤਵਾਰ ਸਮੇਤ ਸਾਰੀਆਂ ਦਿਨ ਤਿਊਹਾਰੀ ਛੁੱਟੀਆਂ ਲਾਉਣ ਲਈ ਗੈਰ ਵਾਜਬ ਤੇ ਤੁਗਲਕੀ ਹੁਕਮ ਜਾਰੀ ਕੀਤੇ ਜਾ ਰਹੇ ਹਨ, ਜਿਸ ਦਾ ਸਮੂਹ ਬੀ.ਐਲ.ਓਜ਼ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਘੱਟ ਗਿਣਤੀ ਯੋਗ ਵੋਟਰਾਂ ਵਾਲੇ ਪਿੰਡਾਂ ਵਾਰਡਾਂ ਵਿਚੋਂ ਘੱਟ ਰਜਿਸਟਰੇਸ਼ਨ ਹੋਣ ਤੇ ਬੀ.ਐਲ.ਓਜ਼ ਨੂੰ ਨੋਟਿਸਾਂ ਰਾਹੀਂ ਡਰਾਇਆ ਧਮਕਾਇਆ ਜਾ ਰਿਹਾ ਹੈ। ਅਧਿਕ ਗਿਣਤੀ ਵੋਟਰ ਅਗਾਮੀ ਐਸ.ਜੀ.ਪੀ.ਸੀ ਚੋਣਾਂ ਵਿੱਚ ਰੁਚੀ ਨਹੀਂ ਵਖਾ ਰਹੇ ਅਤੇ ਯੋਗਤ ਪੂਰੀ ਨਹੀਂ ਕਰਦੇ। ਅਜਿਹੀ ਸੂਰਤ ਵਿੱਚ ਪ੍ਰਬੰਧਕੀ ਤੌਰ ਤੇ ਉਚਿਤ ਪ੍ਰਚਾਰ ਤੇ ਵੋਟਰਾਂ ਨੂੰ ਜਾਗਰੂਕ ਕਰਨ ਦੇ ਬਜਾਇ ਜ਼ਿਲ੍ਹਾ ਚੋਣ ਅਧਿਕਾਰੀ ਤੇ ਰਿਵਾਇਜ਼ੀਂਗ ਅਥਾਰਿਟੀਆਂ ਵੱਲੋਂ ਬੀ.ਐਲ.ਓਜ਼ ਤੇ ਬੇਲੋੜਾ ਦਬਾਅ ਬਣਾਉਣਾ ਗੈਰ ਵਾਜਿਬ ਤੇ ਧੱਕੇਸ਼ਾਹੀ ਹੈ ਅਤੇ ਜਥੇਬੰਦੀ ਇਸ ਦਾ ਪੁਰਜ਼ੋਰ ਵਿਰੋਧ ਕਰਦੀ ਹੈ। ਵਿੱਤ ਸਕੱਤਰ ਮੈਡਮ ਦਲਜੀਤ ਕੌਰ, ਜਥੇਬੰਦਕ ਸਕੱਤਰ ਕੁਲਵਿੰਦਰ ਕੌਰ, ਸਯੁੰਕਤ ਸਕੱਤਰ ਪੰਕਜ ਕਪੂਰ, ਖਜਾਨਚੀ ਕਮਲ ਗਰੋਵਰ, ਸਹਾਇਕ ਜਨਰਲ ਸਕੱਤਰ ਰਣਜੀਤ ਕੁਮਾਰ, ਸੀਨੀਅਰ ਮੀਤ ਪ੍ਰਧਾਨ ਮੈਡਮ ਸ਼ੁਭਮ ਬੱਧਨ ਮੀਤ ਪ੍ਰਧਾਨ ਬਲਦੇਵ ਮੰਨਣ ਨੇ ਮੰਗ ਕੀਤੀ ਕਿ ਐਸ.ਜੀ.ਪੀ.ਸੀ ਵੋਟਰ ਰਜਿਸਟਰੇਸ਼ਨ ਲਈ ਬੀ.ਐਲ.ਓਜ਼ ਤੇ ਬੇਲੋੜਾ ਤੇ ਗੈਰ ਵਾਜਬ ਦਬਾਅ ਬਣਾਉਣ ਦੇ ਬਜ਼ਾਇ ਇਹ ਕੰਮ ਪਿੰਡਾਂ ਤੇ ਵਾਰਡਾਂ ਦੇ ਨਾਲ ਸਬੰਧਤ ਅਧਿਕਾਰੀਆਂ ਕੋਲੋਂ ਲਿਆ ਜਾਵੇ, ਕੇਵਲ ਬੂਥਾਂ ਨਾਲ ਸਬੰਧਤ ਕੰਮ ਬੀ.ਐਲ.ਓਜ਼ ਕੋਲੋਂ ਲਿਆ ਜਾਵੇ, ਵੋਟਰਾਂ ਨੂੰ ਜਾਗਰੂਕ ਕਰਨ ਹਿੱਤ ਪ੍ਰੋਗਰਾਮ ਜਾਰੀ ਕੀਤਾ ਜਾਵੇ, ਗਜ਼ਟਿਡ ਛੁੱਟੀਆਂ ਤੇ ਦਿਨ ਤਿਉਹਾਰ ਵਾਲੇ ਦਿਨ ਕੰਮ ਨਾ ਲਿਆ ਜਾਵੇ ਅਤੇ ਅਤਿ ਜ਼ਰੂਰੀ ਹੋਣ ਦੀ ਸੂਰਤ ਵਿੱਚ ਬਦਲਵੀਂ ਕਮਾਈ ਛੁੱਟੀ ਦਿੱਤੀ ਜਾਵੇ, ਮਾਣ ਭੱਤੇ ਵਿੱਚ ਤਰਕਸੰਗਤ ਵਾਧਾ ਕੀਤਾ ਜਾਵੇ, ਪਿਤਰੀ ਵਿਭਾਗਾਂ ਦੇ ਕੰਮਾਂ ਦੇ ਨਾਲ ਨਾਲ ਬੀ.ਐਲ.ਓ ਡਿਊਟੀ ਕਰਨ ਦਾ ਫ਼ਰਮਾਨ ਤੁਰੰਤ ਵਾਪਸ ਲਿਆ ਜਾਵੇ। ਜੇਕਰ ਮੰਗਾਂ ਬਾਰੇ ਸੰਬੰਧਿਤ ਅਧਿਕਾਰੀਆਂ ਵੱਲੋਂ ਕੋਈ ਠੋਸ ਸਕਾਰਾਤਮਕ ਹੱਲ ਨਾ ਕੱਢਿਆ ਗਿਆ, ਤਾਂ ਭਵਿੱਖ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।