ਡੀ.ਐਮ.ਐਫ.ਵੱਲੋਂ ਅੰਮ੍ਰਿਤਸਰ ਵਿਖੇ ਬਿਜਲੀ ਮੰਤਰੀ ਦੇ ਘਰ ਸਾਹਮਣੇ ਰੋਸ ਰੈਲੀ
ਪੰਜਾਬ ਸਰਕਾਰ ‘ਤੇ ਮੁਲਾਜ਼ਮ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਦਾ ਦੋਸ
ਅੰਮ੍ਰਿਤਸਰ, 21 ਜਨਵਰੀ…
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਅੱਜ ਨਿਊ ਅੰਮ੍ਰਿਤਸਰ ਵਿਖੇ ਬਿਜਲੀ ਮੰਤਰੀ ਸ੍ਰ. ਹਰਭਜਨ ਸਿੰਘ ਈ.ਟੀ.ਓ. ਦੇ ਘਰ ਸਾਹਮਣੇ ਜ਼ਿਲ੍ਹਾ ਪੱਧਰੀ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿੱਚ ਜ਼ਿਲ੍ਹੇ ਭਰ ‘ਚੋਂ ਸੈਂਕੜੇ ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ, ਜੰਗਲਾਤ ਵਰਕਰਾਂ, ਸਫਾਈ ਵਰਕਰਾਂ, ਨਹਿਰੀ ਕਾਮਿਆਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਡੀ.ਐਮ.ਐਫ. ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ, ਅਸ਼ਵਨੀ ਅਵਸਥੀ, ਪਰਮਜੀਤ ਕੌਰ ਮਾਨ, ਮਮਤਾ ਸ਼ਰਮਾ, ਰਛਪਾਲ ਸਿੰਘ ਜੋਧਾਨਗਰੀ ਅਤੇ ਸੁਖਦੇਵ ਸਿੰਘ ਉਮਰਾਨੰਗਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਅਤੇ ਵਰਕਰਾਂ ਨਾਲ ਕੀਤੇ ਗਏ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਉਹਨਾ ਨੇ ਕਿਹਾ ਕਿ ਮਿਡ-ਡੇ-ਮੀਲ ਵਰਕਰਾਂ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਪਿਛਲੇ ਲੰਬੇ ਸਮੇਂ ਤੋਂ ਅਪਮਾਨਜਨਕ ਭੱਤਿਆਂ ‘ਤੇ ਕੰਮ ਕਰਦੀਆਂ ਆ ਰਹੀਆਂ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਮਾਣ-ਭੱਤਾ ਫੌਰੀ ਦੁਗਣਾ ਕਰਨ ਦੀ ਗਰੰਟੀ ਨਿਰੋਲ ਚੋਣ ਜੁਮਲਾ ਸਾਬਤ ਹੋਈ ਹੈ। ਇਸੇ ਤਰ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਧੂਆਂਧਾਰ ਇਸ਼ਤਿਹਾਰਬਾਜ਼ੀ ਕਰਨ ਦੇ ਬਾਵਜ਼ੂਦ ਅਜੇ ਤੱਕ ਕੋਈ ਵੀ ਕੱਚਾ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਅਤੇ ਜਨਵਰੀ 2004 ਤੋਂ ਬਾਅਦ ਭਰਤੀ ਕੀਤੇ ਗਏ 2 ਲੱਖ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਕਥਿਤ ਵਾਅਦੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ।
ਰੈਲੀ ਵਿੱਚ ਸਰਬਜੀਤ ਕੌਰ ਛੱਜਲਵੱਡੀ, ਹਰਿੰਦਰ ਕੁਮਾਰ ਐਮਾਂ, ਸਰਬਜੀਤ ਕੌਰ ਭੋਰਛੀ, ਰਾਜੇਸ਼ ਪ੍ਰਾਸ਼ਰ, ਕੰਵਲਜੀਤ ਕੌਰ ਛੱਜਲਵੱਡੀ ਅਤੇ ਹਰਪ੍ਰੀਤ ਸਿੰਘ ਗੱਗੜਭਾਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਅਤੇ ਮਿੱਡ-ਡੇ-ਮੀਲ ਵਰਕਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੀ ਮੁਢਲੀ ਸਲੈਬ ਅਨੁਸਾਰ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ ਅਤੇ ਆਸ਼ਾ ਫੈਸਿਲੀਟੇਟਰਾਂ ਲਈ ਇਸ ਤੋਂ ਅਗਲੀ ਸਲੈਬ ਫਿਕਸ ਕੀਤੀ ਜਾਵੇ, ਵੱਖ ਵੱਖ ਵਿਭਾਗਾਂ ਅੰਦਰ ਕੰਮ ਕਰਦੇ ਹਰ ਤਰ੍ਹਾਂ ਦੇ ਕੱਚੇ, ਆਊਟ ਸੋਰਸ ਅਤੇ ਇਨਲਿਸਟਮੈਂਟ ਸਕੀਮਾਂ ਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ 1972 ਦੇ ਨਿਯਮਾਂ ਮੁਤਾਬਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ, ਪਰਖ ਸਮੇਂ ਦੌਰਾਨ ਮੁੱਢਲੀ ਤਨਖਾਹ ਦੇਣ ਸੰਬੰਧੀ 15-01-2015 ਦੇ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ, 17-07-2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਕੇਂਦਰ ਦੀ ਬਜਾਏ ਪੰਜਾਬ ਦੇ ਤਨਖਾਹ ਸਕੇਲ ਲਾਗੂ ਕੀਤੇ ਜਾਣ, ਪੇਂਡੂ ਅਤੇ ਬਾਰਡਰ ਏਰੀਏ ਸਮੇਤ ਬੰਦ ਕੀਤੇ ਸਮੂਹ ਭੱਤੇ ਬਹਾਲ ਕੀਤੇ ਜਾਣ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਦੋ ਕਿਸ਼ਤਾਂ (8%) ਅਤੇ ਪਿਛਲੇ ਸਾਰੇ ਬਕਾਏ ਅਦਾ ਕੀਤੇ ਜਾਣ, ਛੇਵੇਂ ਤਨਖਾਹ ਕਮਿਸ਼ਨ ਦੇ 30-06-2021 ਤੱਕ ਦੇ ਸਮੁੱਚੇ ਬਕਾਏ ਯੱਕ-ਮੁਸ਼ਤ ਦਿੱਤੇ ਜਾਣ, 200 ਰੁਪਏ ਜਜ਼ੀਆ ਟੈਕਸ ਬੰਦ ਕੀਤਾ ਜਾਵੇ, ਵੱਖ-ਵੱਖ ਵਿਭਾਗਾਂ ਵਿੱਚ ਅਕਾਰ ਘਟਾਈ ਤਹਿਤ ਖਤਮ ਕੀਤੀਆਂ ਗਈਆਂ ਹਜ਼ਾਰਾਂ ਅਸਾਮੀਆਂ ਨੂੰ ਮੁੜ ਸੁਰਜੀਤ ਕੀਤਾ ਜਾਵੇ ਅਤੇ ਸਮੂਹ ਵਿਭਾਗਾਂ ਅੰਦਰ ਦਰਜਾ-4 ਮੁਲਾਜ਼ਮਾਂ ਦੀ ਬੰਦ ਕੀਤੀ ਗਈ ਭਰਤੀ ਮੁੜ ਸ਼ੁਰੂ ਕੀਤੀ ਜਾਵੇ।
ਇਸ ਮੌਕੇ ਜੋਰਾਵਰ ਸਿੰਘ ਭੋਏਵਾਲ, ਹਰਬਿੰਦਰ ਸਿੰਘ ਭੁੱਲਰ, ਰਣਜੀਤ ਦੁਲਾਰੀ, ਸੁੱਖਾ ਸਿੰਘ ਲੋਹਗੜ੍ਹ, ਮਨਜੀਤ ਕੌਰ ਢਪੱਈਆਂ, ਰਾਕੇਸ਼ ਕੁਮਾਰ ਰਈਆ, ਜਸਵਿੰਦਰ ਕੌਰ ਮਹਿਤਾ, ਪਰਮਜੀਤ ਕੌਰ ਲਹਿਰਕਾ, ਬਲਜਿੰਦਰ ਕੌਰ ਵੇਰਕਾ, ਕੁਲਬੀਰ ਕੌਰ ਰਮਦਾਸ, ਕਵਲਜੀਤ ਕੌਰ ਲਸ਼ਕਰੀ ਨੰਗਲ, ਪ੍ਰੀਤਮੋਹਨ ਸਿੰਘ, ਬਲਜਿੰਦਰ ਸਿੰਘ ਉਦੋਨੰਗਲ ਅਤੇ ਪ੍ਰੇਮ ਲਤਾ ਆਦਿ ਵੀ ਹਾਜਰ ਸਨ।