16 ਫਰਵਰੀ ਦੀ ਕੌਮੀ ਹੜਤਾਲ ਸਮੇਂ ਹੋਣ ਵਾਲੇ ਚੱਕਾ ਜਾਮ ਵਿੱਚ ਪੈਂਨਸ਼ਨਰ ਹੋਣਗੇ ਸ਼ਾਮਲ: ਬੰਗਾ, ਕੌੜਾ, ਸੰਧੂ

16 ਫਰਵਰੀ ਦੀ ਕੌਮੀ ਹੜਤਾਲ ਸਮੇਂ ਹੋਣ ਵਾਲੇ ਚੱਕਾ ਜਾਮ ਵਿੱਚ ਪੈਂਨਸ਼ਨਰ ਹੋਣਗੇ ਸ਼ਾਮਲ: ਬੰਗਾ, ਕੌੜਾ, ਸੰਧੂ ਫ਼ਗਵਾੜਾ:11ਫਰਵਰੀ( ਬੀ ਕੇ ਰੱਤੂ) ‌
ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਫ਼ਗਵਾੜਾ ਦੀ ਮਾਸਿਕ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਸੀਤਲ ਰਾਮ ਬੰਗਾ ਦੀ ਪ੍ਰਧਾਨਗੀ ਹੇਠ ਫ਼ਗਵਾੜਾ ਵਿਖੇ ਹੋਈ। ਮੀਟਿੰਗ ਦੀ ਸਮੁੱਚੀ ਕਾਰਵਾਈ ਨੂੰ ਮੀਟਿੰਗ ਦਾ ਅਜੰਡਾ ਪੇਸ਼ ਕਰਦੇ ਹੋਏ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਚਲਾਇਆ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸਰਪ੍ਰਸਤ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਸਾਥੀ ਕਰਨੈਲ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਅੰਦਰ 16 ਫਰਵਰੀ ਦੀ ਕੌਮੀ ਹੜਤਾਲ ਕੇਂਦਰ ਸਰਕਾਰ ਦੀਆਂ ਆਮ ਲੋਕਾਂ, ਮੁਲਾਜ਼ਮਾਂ, ਮਜ਼ਦੂਰਾਂ, ਕਿਰਤੀ ਲੋਕਾਂ ਦੀ ਲੁੱਟ ਕਰਨ ਵਾਲੀਆਂ ਨੀਤੀਆਂ, ਨਿੱਜੀਕਰਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਬੇਸ਼ਕੀਮਤੀ ਲਾਭ ਦੇਣ ਦੀਆਂ ਨੀਤੀਆਂ ਅਤੇ ਪਬਲਿਕ ਅਦਾਰਿਆਂ ਨੂੰ ਲਗਾਤਾਰ ਪ੍ਰਾਈਵੇਟ ਹੱਥਾਂ ਵਿੱਚ ਕੌਡੀਆਂ ਦੇ ਭਾਅ ਵੇਚਣ ਦੇ ਵਿਰੁੱਧ ਕੀਤੀ ਜਾ ਰਹੀ ਹੈ। ਕੌਮੀ ਹੜਤਾਲ ਦੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੀ ਐੱਫ ਆਰ ਡੀ ਏ ਬਿੱਲ ਰੱਦ ਕਰਵਾਉਣ, ਪਬਲਿਕ ਅਦਾਰਿਆਂ ਨੂੰ ਵੇਚਣ ਤੋਂ ਰੋਕਣ ਲਈ, ਨਵੀਂ ਪੈਂਨਸ਼ਨ ਸਕੀਮ ਰੱਦ ਕਰਵਾ ਕੇ ਪੁਰਾਣੀ ਪੈਂਨਸ਼ਨ ਬਹਾਲ ਕਰਵਾਉਣ, ਠੇਕੇਦਾਰੀ ਸਿਸਟਮ ਅਤੇ ਨਿੱਜੀਕਰਨ ਨੂੰ ਬੰਦ ਕਰਵਾਉਣ, ਅੱਠਵੇਂ ਵੇਤਨ ਅਯੋਗ ਦੀ ਸਥਾਪਨਾ ਕਰਵਾਉਣ, ਰੈਗੂਲਰ ਨਿਯੁਕਤੀਆਂ ਪੂਰੇ ਪੂਰੇ ਗਰੇਡਾਂ ਵਿੱਚ ਚਾਲੂ ਕਰਵਾਉਣ, ਸਿੱਖਿਆ ਨੀਤੀਆਂ 2020 ਨੂੰ ਰੱਦ ਕਰਵਾਉਣ,ਹਿੱਟ ਐਂਡ ਰਨ-ਕਾਲਾ ਕਾਨੂੰਨ ਰੱਦ ਕਰਵਾਉਣ, ਟਰੇਡ ਯੂਨੀਅਨ ਅਧਿਕਾਰਾਂ ਨੂੰ ਬਹਾਲ ਕਰਵਾਉਣ, ਛੇਵੇਂ ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ,ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਏ ਲੈਣ, ਪੈਂਨਸ਼ਨ ਰੀਵਾਈਜ ਲਈ 2.59 ਦਾ ਗੁਣਾਂਕ ਲੈਣ ਆਦਿ ਮੁੱਦਿਆਂ ਲਈ ਕੀਤੀ ਜਾ ਰਹੀ ਹੈ। ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇਸ ਕੌਮੀ ਹੜਤਾਲ ਸਮੇਂ ਚੱਕਾ ਜਾਮ ਕਰਕੇ ਹੋਣ ਵਾਲੀ ਰੈਲੀ ਦਾ ਪੁਰਜ਼ੋਰ ਸਮਰਥਨ ਕਰਦੇ ਹੋਏ ਰੈਲੀ ਵਿੱਚ ਪੈਂਨਸ਼ਨਰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਦੂਜੇ ਮਤੇ ਰਾਹੀਂ ਬੋਲਣ ਦੀ ਆਜ਼ਾਦੀ ਖ਼ਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਤਰਕਸ਼ੀਲ ਆਗੂਆਂ ‘ਤੇ ਧਾਰਾ 295 ਏ ਅਧੀਨ ਕੀਤੇ ਦਰਜ਼ ਕੇਸਾਂ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੇਸ ਬਿਨਾਂ ਸ਼ਰਤ ਤੁਰੰਤ ਖ਼ਤਮ ਕੀਤੇ ਜਾਣ।ਤੀਜੇ ਮਤੇ ਰਾਹੀਂ ਪੁਰਾਣੀ ਪੈਂਨਸ਼ਨ ਬਹਾਲ ਕਰਵਾਉਣ ਪੁਰਾਣੀ ਪੈਂਨਸ਼ਨ ਬਹਾਲੀ ਸਾਂਝਾ ਮੋਰਚਾ ਪੰਜਾਬ ਵਲੋਂ 25 ਫਰਵਰੀ ਸੰਗਰੂਰ ਵਿਖੇ ਹੋ ਰਹੀ ਸੂਬਾਈ ਰੈਲੀ ਅਤੇ 03 ਮਾਰਚ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵਲੋਂ ਸਥਾਨਕ ਸਰਕਾਰਾਂ ਮੰਤਰੀ ਸ.ਬਲਕਾਰ ਸਿੰਘ ਦੀ ਰਿਹਾਇਸ਼ ਅੱਗੇ ਕੀਤੀ ਜਾਣ ਵਾਲੀ ਰੈਲੀ ਵਿੱਚ ਵੀ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਮੀਟਿੰਗ ਸੀਨੀਅਰ ਮੀਤ ਪ੍ਰਧਾਨ ਪ੍ਰਧਾਨ ਸੀਤਲ ਰਾਮ ਬੰਗਾ, ਸਰਪ੍ਰਸਤ ਕਰਨੈਲ ਸਿੰਘ ਸੰਧੂ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ,ਵਿੱਤ ਸਕੱਤਰ ਹਰਿੰਦਰ ਸਿੰਘ, ਜੁਆਇੰਟ ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ, ਸਾਧੂ ਰਾਮ ਜੱਖੂ,ਸਤਪਾਲ ਸਿੰਘ, ਕ੍ਰਿਸ਼ਨ ਗੋਪਾਲ ਚੋਪੜਾ, ਹਰਭਜਨ ਲਾਲ ਕੌਲ,ਕੇ.ਕੇ.ਪਾਂਡੇ,ਗਿਆਨ ਚੰਦ, ਹਰਭਜਨ ਲਾਲ, ਰਤਨ ਸਿੰਘ ਆਦਿ ਸਾਥੀ ਹਾਜ਼ਰ ਹੋਏ।

Scroll to Top