
ਹਰਿਆਵਲ ਲਹਿਰ ਤਹਿਤ ਜ਼ਿਲ੍ਹਾ ਮੋਹਾਲੀ ਦੇ ਸਕੂਲਾਂ ਵਿੱਚ ਨਵੇਂ ਪੌਦੇ ਲਗਾਉਣ ਦਾ ਆਗਾਜ਼ -ਡੀਈਓ ਐਲੀਮੈਂਟਰੀ ਮੋਹਾਲੀ:ਮਿਤੀ 18 ਜੁਲਾਈ ()ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ,ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਜੀ,ਸਿੱਖਿਆ ਸਕੱਤਰ ਸਕੂਲ ਸ਼੍ਰੀ ਕਮਲ ਕਿਸ਼ੋਰ ਯਾਦਵ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਹਰਿਆਵਲ ਲਹਿਰ ਤਹਿਤ ਨਵੇਂ ਪੌਦੇ ਲਗਾਉਣ ਲਈ ਦਿੱਤੇ ਪ੍ਰੋਗਰਾਮ ਅਨੁਸਾਰ ਅੱਜ ਇੱਥੇ ਜ਼ਿਲ੍ਹਾ ਮੋਹਾਲੀ ਵਿਖੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਨਵੇਂ ਪੌਦੇ ਲਗਾਉਣ ਦਾ ਆਗਾਜ਼ ਕੀਤਾ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਡੀਈਓ ਐਲੀਮੈਂਟਰੀ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼ 7 ਵਿਖੇ ਨਵੇਂ ਪੌਦੇ ਲਗਾ ਕੇ ਜ਼ਿਲ੍ਹੇ ਦੇ ਸਕੂਲਾਂ ਵਿੱਚ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ। ਇਸੇ ਤਹਿਤ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ 438 ਪ੍ਰਾਇਮਰੀ ਸਕੂਲਾਂ ਅਤੇ ਬਲਾਕ ਸਿੱਖਿਆ ਦਫ਼ਤਰਾਂ ਵਿੱਚ ਉਪਲਬਧ ਥਾਂ ਤੇ ਰੁੱਖ ਲਗਾਉਣ ਲਈ ਸਕੂਲ ਮੁਖੀਆਂ, ਅਧਿਆਪਕਾਂ, ਦਫ਼ਤਰੀ ਸਟਾਫ਼ ਅਤੇ ਬੀਪੀਈਓ ਸਾਹਿਬਾਨਾਂ ਨੂੰ ਸਕੂਲਾਂ,ਸੰਸਥਾਵਾਂ ਅਤੇ ਦਫਤਰਾਂ ਨੂੰ ਹਰਾ ਭਰਾ ਬਣਾਉਣ ਲਈ ਪ੍ਰੇਰਿਤ ਕੀਤਾ। ਪੰਜਾਬ ਸਰਕਾਰ ਦੇ ਵਣ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸਾਂਝੇ ਉੱਦਮ ਤਹਿਤ ਹਰ ਸੰਸਥਾ ਵਿੱਚ ਪੌਦੇ ਲਗਾਉਣ ਨਾਲ਼ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਇਹ ਕਾਰਜ ਸ਼ੁਰੂ ਕੀਤਾ ਗਿਆ ਹੈ। ਇਸੇ ਲਈ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ਼ ਹਰ ਸਕੂਲ ਮੁਖੀਆਂ,ਅਧਿਆਪਕਾਂ ਅਤੇ ਬੀਪੀਈਓ ਸਾਹਿਬਾਨਾਂ ਨੂੰ ਸਕੂਲਾਂ ਨੂੰ ਹਰਾ-ਭਰਾ ਬਣਾਉਣ ਵੱਡੇ ਪੱਧਰ ਤੇ ਉਪਰਾਲੇ ਕਰਨ। ਇਸ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਕੇ ਨਵੇਂ ਪੌਦੇ ਲਗਾਉਣ ਅਤੇ ਪੁਰਾਣੇ ਪੌਦਿਆਂ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ। ਜ਼ਿਲ੍ਹੇ ਦੇ ਸਕੂਲਾਂ ਵੱਲੋਂ ਵੱਡੇ ਉਤਸ਼ਾਹ ਨਾਲ਼ ਹਰਿਆਵਲ ਲਹਿਰ ਤਹਿਤ ਜਿੱਥੇ ਪਹਿਲਾਂ ਹੀ ਨਵੇਂ ਪੌਦੇ ਲਗਾਉਣ ਦਾ ਕੰਮ ਜਾਰੀ ਹੈ ਉੱਥੇ ਅੱਜ ਤੋਂ ਹੋਈ ਜ਼ਿਲ੍ਹੇ ਦੀ ਸ਼ੁਰੂਆਤ ਨਾਲ਼ ਇਹ ਲਹਿਰ ਹੋਰ ਜ਼ੋਰ ਨਾਲ਼ ਰਫ਼ਤਾਰ ਫੜੇਗੀ। ਉਹਨਾਂ ਦੱਸਿਆ ਕਿ ਗ੍ਰਾਮ ਪੰਚਾਇਤਾਂ,ਕੌਂਸਲਰਾਂ, ਸਕੂਲ ਮੈਨੇਜਮੈਂਟ ਕਮੇਟੀਆਂ (ਐੱਸ.ਐਮ ਸੀ) ਸਮਾਜ ਸੇਵੀ ਸੰਸਥਾਵਾਂ,ਮਗਨਰੇਗਾ ਵਰਕਰਾਂ,ਨੌਜਵਾਨ ਸਭਾਵਾਂ ਅਤੇ ਕਲੱਬਾਂ ਨੂੰ ਨਾਲ਼ ਜੋੜਿਆ ਜਾਵੇ ਤਾਂ ਕਿ ਇਸ ਲਹਿਰ ਨੂੰ ਵੱਡਾ ਹੁਲਾਰਾ ਮਿਲੇ। ਇਸੇ ਤਰ੍ਹਾਂ ਉਹਨਾਂ ਵੱਲੋਂ ਜ਼ਿਲ੍ਹੇ ਦੇ ਸਕੂਲਾਂ ਵਿੱਚ ਮਿਆਵਾਕੀ ਜੰਗਲ਼ ਲਈ ਵਣ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਖ਼ਾਲੀ ਥਾਂ ਉਪਲਬਧ ਕਰਾਉਣ ਲਈ ਸਕੂਲ ਮੁਖੀਆਂ ਨੂੰ ਪ੍ਰੇਰਿਤ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ਼ ਹਰਪ੍ਰੀਤ ਸਿੰਘ ਸੋਢੀ (ਜ਼ਿਲ੍ਹਾ ਖੇਡ ਕੋਆਰਡੀਨੇਟਰ) ਸਰਕਾਰੀ ਪ੍ਰਾਇਮਰੀ ਸਕੂਲ ਫੇਜ਼ 7 ਦੀ ਸਕੂਲ ਮੁਖੀ ਨਰਿੰਦਰਜੀਤ ਕੌਰ ,ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।