ਭਗਤ ਰਵਿਦਾਸ ਜੀ(ਨਵਜੋਤ ਕੌਰ, ਖੰਨਾ)

ਭਗਤ ਰਵਿਦਾਸ ਜੀ ਭਗਤ ਰਵਿਦਾਸ ਜੀ ਉਹਨਾਂ 15 ਭਗਤਾਂ ਵਿੱਚੋਂ ਇੱਕ ਹਨ ਜਿਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਭਗਤ ਰਵਿਦਾਸ ਜੀ ਦਾ ਜਨਮ 1377 ਨੂੰ ਕਾਂਸ਼ੀ ਵਿੱਚ ਹੋਇਆ ਸੀ। ਭਗਤ ਰਵਿਦਾਸ ਜੀ ਦੇ ਪਿਤਾ ਜੀ ਨਾਮ ਰਾਘੂ ਜੀ ਅਤੇ ਮਾਤਾ ਧੁਰਬਿਨੀਆ ਜੀ ਸਨ। ਭਗਤ ਰਵਿਦਾਸ ਜੀ ਦੁਨਿਆਵੀ ਤੌਰ ‘ਤੇ ਚਮਾਰ ਜਾਤੀ ਨਾਲ ਸੰਬੰਧਿਤ ਸਨ ਜੋ ਕਿ ਨੀਵੀਂ ਸ਼ੂਦਰ ਜਾਤ ਸਮਝੀ ਜਾਂਦੀ ਸੀ। ਪ੍ਰੰਤੂ ਸਿੱਖ ਧਰਮ ਦੀ ਹੋਂਦ, ਗੁਰੂ ਸਾਹਿਬਾਨਾਂ ਜੀ ਨੇ ਇਹ ਜਾਤ ਪਾਤ, ਫੋਕਟ ਰੀਤੀ ਰਿਵਾਜਾਂ ‘ਤੋਂ ਉੱਪਰ ਉੱਠ ਕੇ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ। ਗੁਰੂ ਅਰਜਨ ਦੇਵ ਜੀ ਨੇ ਬਿਨ੍ਹਾਂ ਕਿਸੇ ਜਾਤੀ ਭੇਦ ਭਾਵ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੇਵਲ ਪਰਮਾਤਮਾ ਦੇ ਭਗਤਾਂ ਦੀ ਬਾਣੀ ਦਰਜ ਕੀਤੀ ਹੈ। ਭਗਤ ਜੀ ਦਾ ਮੁੱਖ ਕਿਤਾ ਚਮੜੇ ਦਾ ਸੀ (ਭਾਵ ਜੁੱਤੀਆਂ ਗੰਢਣਾ ਸੀ) । ਭਗਤ ਰਵਿਦਾਸ ਜੀ ਬਚਪਨ ਤੋਂ ਹੀ ਪ੍ਰਭੂ ਦੀ ਭਜਨ ਬੰਦਗੀ ਕਰਨ ਵਾਲੇ , ਭਗਤੀ ਭਾਵ ਵਾਲੇ ਸਨ। ਭਗਤ ਰਵਿਦਾਸ ਜੀ ਆਪਣੀ ਕਿਰਤ ਦੇ ਨਾਲ ਨਾਲ ਸਾਧੂ ਮਹਾਤਮਾ ਜੀ ਦੀ ਸੇਵਾ ਕਰਦੇ ਰਹਿੰਦੇ ਸਨ। ਕੁੱਝ ਵਿਦਵਾਨਾਂ ਨੇ ਮੱਧਕਾਲੀ ਭਗਤੀ ਅੰਦੋਲਨ ਨਾਲ ਜੋੜਦਿਆਂ ਲਿਖਿਆਂ ਹੈ ਕਿ ਉਸ ਸਮੇ ਕਾਂਸ਼ੀ ਵਿਖੇ ਭਗਤੀ ਦਾ ਬਹੁਤ ਪ੍ਰਚਾਰ ਸੀ, ਗੁਰੂ ਧਾਰਨ ਕਰਨਾ ਅਤਿ ਜ਼ਰੂਰੀ ਸਮਝਿਆ ਜਾਂਦਾ ਸੀ। ਗੁਰੂ ਬਿਨ੍ਹਾਂ ਗਤੀ ਵੀ ਨਹੀਂ ਸੀ। ਭਗਤ ਰਵਿਦਾਸ ਜੀ ਨੇ ਸੁਆਮੀ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਸੀ। ਪਰੰਤੂ ਭਗਤ ਜੀ ਦੇ ਜੀਵਨੀ ‘ਤੇ ਕੰਮ ਕਰਨ ਵਾਲੇ ਕੁੱਝ ਮੁੱਖ ਵਿਦਵਾਨਾਂ ਨੇ ਇਸ ਉਤੇ ਸਹਿਮਤੀ ਪ੍ਰਗਟ ਨਹੀਂ ਕੀਤੀ ਹੈ। ਭਗਤ ਰਵਿਦਾਸ ਜੀ ਬਚਪਨ ਤੋਂ ਹੀ ਭਜਨ ਬੰਦਗੀ ਵਿੱਚ ਲੀਨ ਰਹਿੰਦੇ ਸਨ ਅਤੇ ਜੁੱਤੀਆਂ ਗੰਢਣ ਦੀ ਕਿਰਤ ਕਰਦੇ ਸਨ। ਸਾਧੂ ਮਹਾਤਮਾ ਜੀ ਦੀ ਸੇਵਾ ਕਰਦੇ ਹੋਏ ਆਪਣਾ ਸਭ ਅਰਪਣ ਕਰ ਦੇਂਦੇ ਸਨ। ਰੋਜ਼ ਖਾਲੀ ਹੱਥ ਘਰ ਆਉਂਦੇ ਤਾਂ ਪਿਤਾ ਜੀ ਬਹੁਤ ਗੁੱਸਾ ਹੁੰਦੇ ਸਨ। ਭਗਤ ਰਵਿਦਾਸ ਜੀ ਦਾ ਵਿਆਹ ਹੋਇਆ ਤਾਂ ਪਿਤਾ ਜੀ ਨੇ ਭਗਤ ਜੀ ਨੂੰ ਘਰ ਤੋਂ ਵੱਖ ਕਰ ਦਿੱਤਾ ਸੀ। ਪਿਤਾ ਜੀ ਦਾ ਹੁਕਮ ਮੰਨ ਕੇ ਭਗਤ ਰਵਿਦਾਸ ਜੀ ਨੇ ਇੱਕ ਝੁੱਗੀ ਪਾ ਲਈ ਅਤੇ ਪਰਿਵਾਰ ਨਾਲ ਹੀ ਰਹਿਣ ਲਗ ਪਏ ਸਨ। ਭਗਤ ਜੀ ਸੰਤੋਖੀ ਨਿਮਰਤਾ ਸੁਭਾਅ ਦੇ ਮਾਲਕ ਸਨ। ਘਰ ਵਿੱਚ ਗਰੀਬੀ ਬਹੁਤ ਸੀ ਪਰੰਤੂ ਅਧਿਆਤਮਿਕ ਜੀਵਨ ਵਿੱਚ ਉਹਨੇ ਹੀ ਅਮੀਰ ਸਨ। ਜੁੱਤੀਆਂ ਗੰਢ ਕੇ ਕਿਰਤ ਕਰਕੇ ਹੀ ਘਰ ਦਾ ਨਿਰਬਾਹ ਕਰਦੇ ਸਨ ਅਤੇ ਆਏ ਗਏ ਸਾਧੂਜਨ ਦੀ ਸੇਵਾ ਕਰਦੇ ਸਨ। ਭਗਤ ਜੀ ਦੀ ਮਹਿਮਾ ਦੂਰ ਦੂਰ ਤੱਕ ਫ਼ੈਲ ਗਈ ਸੀ। ਸਾਧੂ ਮਹਾਤਮਾ ਜਨ ਭਗਤ ਜੀ ਦੇ ਦਰਸ਼ਨਾਂ ਲਈ ਆਉਂਦੇ ਰਹਿੰਦੇ ਸਨ। ਇੱਕ ਵਾਰ ਇੱਕ ਸਾਧੂ ਭਗਤ ਜੀ ਦੇ ਦਰਸ਼ਨ ਕਰਨ ਲਈ ਝੁੱਗੀ ਵਿੱਚ ਆਇਆ। ਘਰ ਦੀ ਦਸ਼ਾ ਵੇਖ ਕੇ ਮਨ ਵਿੱਚ ਵਿਚਾਰਨ ਲੱਗਾ ਭਗਤ ਜੀ ਦੇ ਘਰ ਮਾਇਆ ਦੀ ਤੰਗੀ ਜਾਪਦੀ ਹੈ। ਇਹਨਾਂ ਨੂੰ ਪਾਰਸ ਦੇ ਦੇਂਦਾਂ ਹਾਂ। ਸਾਧੂ ਨੇ ਭਗਤ ਜੀ ਨੂੰ ਪਾਰਸ ਦੇਣਾ ਚਾਹਿਆ ਪਰੰਤੂ ਭਗਤ ਜੀ ਨੇ ਮਨ੍ਹਾ ਕਰ ਦਿੱਤਾ। ਸਾਧੂ ਝੁੱਗੀ ਵਿੱਚ ਪਾਰਸ ਰੱਖ ਕੇ ਚਲਾ ਗਿਆ। ਕੁੱਝ ਸਮੇਂ ਉਪਰੰਤ ਸਾਧੂ ਫਿਰ ਆਇਆ ਤਾਂ ਉਸਨੇ ਵੇਖਿਆ ਭਗਤ ਜੀ ਉਸੇ ਤਰ੍ਹਾਂ ਝੁੱਗੀ ਵਿੱਚ ਬੈਠੇ ਸਨ। ਸਾਧੂ ਬੜਾ ਹੈਰਾਨ ਹੋਇਆ ਕਿ ਭਗਤ ਜੀ ਨੇ ਪਾਰਸ ਨੂੰ ਵਰਤਿਆ ਹੀ ਨਹੀਂ। ਸਾਧੂ ਦੇ ਪੁੱਛਣ ‘ਤੇ ਭਗਤ ਜੀ ਨੇ ਕਿਹਾ ਜਿੱਥੇ ਤੁਸੀ ਰੱਖ ਕੇ ਗਏ ਹੋ ਪਾਰਸ ਉੱਥੇ ਹੀ ਪਿਆ ਹੈ। ਇਹ ਵੇਖ ਕੇ ਸਾਧੂ ਹੈਰਾਨ ਹੋ ਗਿਆ ਸੀ। ਭਗਤ ਜੀ ਦਾ ਉਪਦੇਸ਼ ਸੁਣ ਕੇ ਸਭ ਲੋਕ ਸ਼ਰਧਾਲੂ ਬਣ ਜਾਂਦੇ ਸਨ। ਚਿਤੌੜ ਦੀ ਰਾਣੀ ਝਾਲਾ ਬਾਈ ਭਗਤ ਜੀ ਦੇ ਦਰਸ਼ਨ ਕਰਕੇ ਚੇਲੀ ਬਣ ਗਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਰਵਿਦਾਸ ਜੀ ਦੇ 40 ਸ਼ਬਦ ਦਰਜ ਹਨ। ਭਗਤ ਜੀ ਨੇ ਸਮਾਜ ਦੇ ਸੁਧਾਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਭਗਤ ਜੀ ਨੇ ਆਪਣੇ ਜੀਵਨ ਵਿੱਚ ਹੋਏ ਸਮਾਜਿਕ ਭੇਦ ਭਾਵ ਨੂੰ ਵੀ ਸਪੱਸ਼ਟ ਰੂਪ ਵਿੱਚ ਵਰਣਨ ਕੀਤਾ ਹੈ। ਭਗਤ ਜੀ ਨੂੰ ਆਪਣੀ ਨੀਵੀਂ ਜਾਤ ਹੋਣ ਵਿੱਚ ਸ਼ਰਮ ਨਹੀਂ ਸਗੋਂ ਗੁਰਬਾਣੀ ਵਿੱਚ ਪਿਆਰ ਨਾਲ ਉਚਾਰਦੇ ਹਨ ਕਿ ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ।।ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ।।ਭਗਤ ਰਵਿਦਾਸ ਜੀ 151 ਸਾਲ ਦੀ ਉਮਰ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ।

Scroll to Top