
ਪੰਜਾਬ ਸਰਕਾਰ ਦੇ ਪੇਸ਼ ਬੱਜਟ ਤੋਂ ਨਿਰਾਸ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਬੰਡਾਲਾ ਮੰਜਕੀ ਵਿਖੇ ਸਾਂਝੇ ਰੂਪ ਵਿੱਚ ਬੱਜਟ ਦੀਆਂ ਸਾੜੀਆਂ ਕਾਪੀਆਂ
ਸਿੱਖਿਆ ਮੰਤਰੀ ਪੰਜਾਬ ਵਲੋਂ ਮਿਡਲ ਸਕੂਲਾਂ ਨੂੰ ਬੰਦ ਕਰਨ ਦੇ ਵਿਧਾਨ ਸਭਾ ਵਿੱਚ ਦਿੱਤੇ ਬਿਆਨ ਦੀ ਕੀਤੀ ਤਿੱਖੀ ਨਿਖੇਧੀ
ਜੰਡਿਆਲਾ ਮੰਜਕੀ:08 ਮਾਰਚ( )
ਪੰਜਾਬ ਦੇ ਮੁਲਾਜ਼ਮਾਂ,ਅਧਿਆਪਕਾਂ ਅਤੇ ਪੈਨਸ਼ਨਰਾਂ ਨੇ ਅੱਜ ਬੰਡਾਲਾ ਮੰਜਕੀ ਵਿਖੇ ਬਲਵਿੰਦਰ ਕੁਮਾਰ, ਕੁਲਦੀਪ ਵਾਲੀਆ ਬਿਲਗਾ,ਅਕਲ ਚੰਦ ਸਿੰਘ, ਸੁਖਵਿੰਦਰ ਰਾਮ, ਕਮਲਜੀਤ ਕੌਰ ਅਤੇ ਜਸਵਿੰਦਰ ਕੌਰ ਟਾਹਲੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬੱਜਟ ਦੀਆਂ ਸਾਂਝੇ ਰੂਪ ਵਿੱਚ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਪੰਜਾਬ ਸਰਕਾਰ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਵਰਨਣ ਯੋਗ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਪੇਸ਼ ਕੀਤੇ ਬੱਜਟ ਵਿੱਚ ਨਾ ਪੁਰਾਣੀ ਪੈਨਸ਼ਨ ਬਹਾਲ ਕੀਤੀ,ਨਾ ਡੀ ਏ ਦੀਆਂ ਕਿਸ਼ਤਾਂ ਅਤੇ ਬਕਾਏ,ਨਾ ਹੀ ਛੇਵੇਂ ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ ਦਿੱਤੇ,ਨਾ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ, ਨਾ ਹੀ ਬੰਦ ਕੀਤੇ ਭੱਤੇ ਬਹਾਲ ਕੀਤੇ ਅਤੇ ਨਾ ਹੀ ਮਾਣ ਭੱਤਾ ਮੁਲਾਜ਼ਮਾਂ ਦੇ ਮਾਣ ਭੱਤੇ ਨੂੰ ਦੁਗਣਾ ਕੀਤਾ। ਜਿਸ ਕਰਕੇ ਸਮੁੱਚੇ ਵਰਗਾਂ ਦੇ ਮੁਲਾਜ਼ਮਾਂ ਵਿੱਚ ਗੁੱਸੇ ਦੀ ਲਹਿਰ ਭੜਕੀ ਹੋਈ ਹੈ, ਜਿਸ ਦਾ ਨਤੀਜਾ ਹੈ ਕਿ ਸਮੁੱਚੇ ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬੱਜਟ ਦੀਆਂ ਕਾਪੀਆਂ ਸਾੜ ਕੇ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਆਗੂਆਂ ਨੇ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਜਲਦੀ ਤੋਂ ਜਲਦੀ ਮੁਲਾਜ਼ਮ ਦੀਆਂ ਮੰਗਾਂ ਮੰਨਣ ਅਤੇ ਲਾਗੂ ਕਰਨ ਵੱਲ ਗੰਭੀਰਤਾ ਨਾਲ ਧਿਆਨ ਨਾ ਦਿੱਤਾ ਤਾਂ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੂੰ ਜ਼ਰੂਰ ਭੁਗਤਣਾ ਪਵੇਗਾ।ਆਗੂਆਂ ਨੇ ਕਿਹਾ ਕਿ ਬਜਟ ਵਿੱਚ ਮੁਲਾਜ਼ਮਾਂ ਲਈ ਕੁਝ ਵੀ ਨਹੀਂ ਕੀਤਾ ਗਿਆ। ਕੰਪਿਊਟਰ ਅਧਿਆਪਕਾਂ ਨੂੰ ਪੱਕੇ ਕਰਨ ਤੋਂ ਭੱਜੀ ਸਰਕਾਰ, ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ, ਨਾ ਹੀ 8%ਬਕਾਇਆ ਡੀ. ਏ. ਦੀ ਕਿਸ਼ਤ ਦਿੱਤੀ ਗਈ, ਕੱਚੇ ਮੁਲਾਜ਼ਮ ਪੱਕੇ ਕਰਨ ਬਾਰੇ ਵੀ ਕੁੱਝ ਨਹੀਂ ਕੀਤਾ ਗਿਆ, ਮਾਣ ਭੱਤੇ ਤੇ ਕੰਮ ਕਰਦੇ ਮੁਲਾਜ਼ਮਾਂ ਲਈ ਵੀ ਕੁੱਝ ਨਹੀਂ ਕੀਤਾ ਗਿਆ, ਪੇ ਕਮਿਸ਼ਨ ਵੱਲੋਂ ਭੱਤੇ ਬਹਾਲ ਕਰਨ ਬਾਰੇ ਵੀ ਕੁੱਝ ਨਹੀਂ ਕੀਤਾ ਗਿਆ।ਹਰ ਵਿਭਾਗ ਵਿੱਚ ਖ਼ਾਲੀ ਪੋਸਟ ਨੂੰ ਪੂਰੇ ਪੂਰੇ ਗਰੇਡਾਂ ਵਿੱਚ ਤੁਰੰਤ ਭਰਨ,ਵਿਭਾਗੀ ਪ੍ਰਮੋਸ਼ਨਾਂ ਤੁਰੰਤ ਕਰਨ ਦੀ ਵੀ ਜ਼ੋਰਦਾਰ ਢੰਗ ਨਾਲ ਮੰਗ ਕੀਤੀ।ਆਗੂਆਂ ਕਿਹਾ ਕਿ ਮੁਲਾਜ਼ਮ ਕਿਸੇ ਵੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਪਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ ਆਗੂਆਂ ਨੇ ਮੰਗ ਕੀਤੀ ਕਿ ਜਲਦੀ ਹੀ ਸਰਕਾਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਦੇ ਮੁੱਖ ਆਗੂਆਂ ਨਾਲ ਗੱਲਬਾਤ ਕਰਕੇ ਮੁਲਾਜ਼ਮਾਂ ਦੇ ਮਸਲੇ ਹੱਲ ਕਰੇ।ਇਸ ਮੌਕੇ ‘ਤੇ ਸਮੂਹ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਵਿਧਾਨ ਸਭਾ ਵਿੱਚ ਮਿਡਲ ਸਕੂਲਾਂ ਨੂੰ ਬੰਦ ਕਰਨ ਲਈ ਦਿੱਤੇ ਬਿਆਨ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਿਹਾ ਕਿ ਮਿਡਲ ਸਕੂਲਾਂ ਨੂੰ ਬੰਦ ਕਰਨ ਨਾਲ ਪੇਂਡੂ ਗਰੀਬ ਵਰਗ ਦੇ ਬੱਚਿਆਂ ਕੋਲੋਂ ਸਿੱਖਿਆ ਖੋਹਣ ਦੀ ਇੱਕ ਕੋਝੀ ਸਾਜ਼ਿਸ਼ ਹੈ।ਇਸ ਮੌਕੇ ਕੁਲਦੀਪ ਸਿੰਘ ਕੌੜਾ, ਤਾਰਾ ਸਿੰਘ ਬੀਕਾ, ਗੁਰਸੇਵ ਸਿੰਘ ਬਾਸੀ,ਰਤਨ ਸਿੰਘ ਗੁਰਾਇਆ, ਬਲਵੀਰ ਸਿੰਘ ਗੁਰਾਇਆ, ਸਤਵਿੰਦਰ ਸਿੰਘ ਢੇਸੀ, ਅਵਤਾਰ ਕੌਰ ਬਾਸੀ, ਸੁਰਿੰਦਰ ਕੌਰ ਸਹੋਤਾ, ਸਿਮਰਨਜੀਤ ਕੌਰ ਪਾਸਲਾ, ਅਮਰਜੀਤ ਕੌਰ ਨਗਰ, ਪ੍ਰਦੀਪ ਕੌਰ ਬੋਪਾਰਾਏ, ਗੁਰਿੰਦਰ ਬੀਬਾ, ਨਰਿੰਦਰ ਬੀਬਾ ਆਦਿ ਮੁਲਾਜ਼ਮ ਆਗੂ ਹਾਜ਼ਰ ਸਨ।