
ਪੰਚਾਇਤੀ ਚੋਣਾਂ ਵਿੱਚ ਡਿਊਟੀਆਂ ਹੋਣ ਕਾਰਨ ਮਾਪੇ ਅਧਿਆਪਕ ਮਿਲਣੀ ਅਤੇ ਬੋਰਡ ਫੀਸ ਦੀ ਮਿਤੀ ਅਗੇ ਪਾਉਣ ਦੀ ਮੰਗ: ਢਿੱਲੋ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਅਧਿਆਪਕਾਂ ਦੀਆਂ ਪੰਚਾਇਤੀ ਚੋਣਾਂ ਵਿੱਚ ਡਿਊਟੀਆਂ ਲੱਗੀਆਂ ਹੋਣ ਕਾਰਨ ਅਤੇ ਛੁੱਟੀਆਂ ਹੋਣ ਕਾਰਨ ਮਾਪੇ ਅਧਿਆਪਕ ਮਿਲਣੀ ਜੋ 18 ਅਕਤੂਬਰ ਨੂੰ ਹੋਣੀ ਹੈ ਉਸ ਨੂੰ ਇੱਕ ਹਫਤੇ ਲਈ ਅੱਗੇ ਪਾਇਆ ਜਾਵੇ ਤਾਂ ਜੋ ਸਕੂਲ ਮੁੱਖੀ ਸਾਹਿਬਾਨ, ਅਧਿਆਪਕ ਸਾਹਿਬਾਨ ਆਪਣੇ ਪੇਪਰ ਚੈੱਕ ਕਰਨ ਅਤੇ ਵਿਦਿਆਰਥੀਆਂ ਨੂੰ ਦਿਖਾਉਣ ਉਪਰੰਤ ਸਮੇਂ ਸਿਰ ਨਤੀਜਾ ਤਿਆਰ ਹੋ ਸਕੇ ਅਤੇ ਮਾਪੇ ਅਧਿਆਪਕ ਮਿਲਣੀ ਵਧੀਆ ਢੰਗ ਨਾਲ ਹੋ ਸਕੇ। ਯੂਨੀਅਨ ਪ੍ਰਧਾਨ ਢਿੱਲੋਂ ਨੇ ਇਸ ਸਬੰਧੀ ਜ਼ਲਦ ਫੈਂਸਲਾ ਲੈਣ ਦੀ ਮੰਗ ਕੀਤੀ। ਯੂਨੀਅਨ ਪ੍ਰਧਾਨ ਢਿੱਲੋਂ ਨੇ ਬੋਰਡ ਦੀਆਂ ਪ੍ਰੀਖਿਆਵਾਂ ਦੀ ਫੀਸਾਂ ਦੀ ਮਿਤੀ ਵਿੱਚ ਵਾਧੇ ਦੀ ਮੰਗ ਕਰਦਿਆਂ ਕਿਹਾ ਕਿ ਬਹੁੱਤ ਸਾਰੇ ਜਮਾਤ ਇੰਚਾਰਜ ਅਤੇ ਅਧਿਆਪਕ ਸਾਹਿਬਾਨ ਚੋਣ ਡਿਊਟੀਆਂ ਵਿੱਚ ਲਗੇ ਹੋਣ ਕਾਰਣ, ਪਿੰਡਾਂ ਵਿੱਚ ਪੰਚਾਇਤੀ ਚੋਣਾਂ ਅਤੇ ਛੁੱਟੀਆਂ ਹੋਣ ਕਾਰਣ ਬੋਰਡ ਦੀਆਂ ਫੀਸਾਂ ਦੀ ਮਿਤੀ ਵਿੱਚ ਵਾਧੇ ਦੀ ਮੰਗ ਕੀਤੀ ਤਾਂ ਕਿ ਮਾਪਿਆਂ ਅਤੇ ਅਧਿਆਪਕਾਂ ਨੂੰ ਕੋਈ ਸਮਸਿਆ ਨਾ ਆਵੇ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਰਮਨਦੀਪ ਸਿੰਘ ਅਤੇ ਪ੍ਰੈਸ ਸਕੱਤਰ ਅਲਬੇਲ ਸਿੰਘ ਪੁੜੈਣ ਨੇ ਸਿੱਖਿਆ ਵਿਭਾਗ ਅਤੇ ਬੋਰਡ ਦੇ ਚੇਅਰਮੈਨ ਨੂੰ ਇਸ ਸੰਬੰਧੀ ਜ਼ਲਦ ਫੈਂਸਲਾ ਲੈਣ ਦੀ ਅਪੀਲ ਕੀਤੀ।