ਚੋਣਾਂ ਵਿੱਚ ਮੁਲਾਜ਼ਮਾ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਡਿਊਟੀਆਂ ਲਗਾਈਆਂ ਜਾਣ-ਡੀ.ਟੀ.ਐਫ

ਚੋਣਾਂ ਵਿੱਚ ਮੁਲਾਜ਼ਮਾ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਡਿਊਟੀਆਂ ਲਗਾਈਆਂ ਜਾਣ-ਡੀ.ਟੀ.ਐਫ
ਚੋਣਾਂ ਵਿੱਚ ਇਸਤਰੀ ਮੁਲਾਜ਼ਮਾ ਨੂੰ ਪਿਤਰੀ ਹਲਕਿਆਂ ਵਿੱਚ ਲਗਾਉਣ ਦੀ ਮੰਗ
ਗਰਭਵਤੀ, ਅਪੰਗ ਤੇ ਕਰੋਨਿਕ ਬਿਮਾਰੀ ਨਾਲ ਪੀੜਤ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ-ਡੀ.ਟੀ.ਐਫ
ਸਕੂਲ ਸਿੱਖਿਆ ਵਿਭਾਗ ਵਿੱਚੋਂ ਅਨੁਪਾਤਕ ਚੋਣ ਡਿਊਟੀਆਂ ਲਗਾਈਆਂ ਜਾਣ-ਡੀ.ਟੀ.ਐਫ
ਅੰਮ੍ਰਿਤਸਰ, 20.04.2024(): ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਦੀਆਂ ਆਮ ਚੋਣਾਂ, 2024 ਕਰਵਾਉਣ ਸਬੰਧੀ ਸਾਰਨੀ ਜਾਰੀ ਕੀਤੀ ਜਿਸ ਅਨੁਸਾਰ ਦੇਸ਼ ਵਿੱਚ ਕੁਲ 7 ਗੇੜਾ ਵਿੱਚ ਚੋਣਾਂ ਦਾ ਕੰਮ ਮੁਕੰਮਲ ਕਰਵਾਇਆ ਜਾਣਾ ਹੈ ਅਤੇ ਨਤੀਜਿਆਂ ਦਾ ਐਲਾਨ 4 ਜੂਨ, 2024 ਕੀਤਾ ਜਾਣਾ ਹੈ। ਪੰਜਾਬ ਵਿੱਚ ਇਹ ਚੋਣਾ ਸੱਤਵੇਂ ਗੇੜ ਚ 1 ਜੂਨ ਨੂੰ ਹੋਣ ਜਾ ਰਹੀਆਂ ਹਨ। ਚੋਣਾਂ ਦੌਰਾਨ ਅਧਿਆਪਕਾਂ ਅਤੇ ਵੱਖ ਵਖ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਚੋਣਾਂ ਦੇ ਪ੍ਰਬੰਧਾਂ ਦੀਆਂ ਘਾਟਾਂ ਕਾਰਨ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਡੈਮੋਕਰੇਟਿਕ ਟੀਚਰ ਫਰੰਟ, ਪੰਜਾਬ ਦੇ ਸੂਬਾ ਵਿਤ ਸਕੱਤਰ ਅਤੇ ਜ਼ਿਲਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵਸਥੀ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਤੇ ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬਲ ਨੇ ਦੱਸਿਆ ਕਿ ਪਿਛਲੀਆਂ ਚੋਣਾਂ ਦੌਰਾਨ ਸੂਬੇ ਦੇ ਸਮੂਹ ਮੁਲਾਜ਼ਮਾ ਨੂੰ ਪ੍ਰਬੰਧਕੀ ਘਾਟਾ ਕਾਰਨ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਇਸਤਰੀ ਅਧਿਆਪਕਾ/ਮੁਲਾਜ਼ਮਾ ਦੀਆਂ ਚੋਣ ਡਿਊਟੀਆਂ ਬਲਾਕਾਂ ਤੇ ਹਲਕਿਆਂ ਤੋਂ ਬਾਹਰ ਲਗਾਈਆਂ ਗਈਆਂ ਜਿਸ ਕਾਰਨ ਡਿਊਟੀ ਨਿਭਾਉਣ ਦੀ ਥਾਂ ਡਿਊਟੀ ਕਟਵਾਉਣ ਦਾ ਰੁਝਾਨ ਵਧਿਆ, ਅਪੰਗ ਤੇ ਕਰੋਨਿਕ ਬਿਮਾਰੀ ਨਾਲ ਪੀੜਤ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ, ਕੁਆਰੀ ਇਸਤਰੀ ਮੁਲਾਜ਼ਮਾਂ ਦੀ ਡਿਊਟੀਆਂ ਦੂਰ ਦਰਾਡੇ ਲਗਾਉਣਾ, ਭੋਜਨ ਪਾਣੀ ਤੇ ਚਾਹ ਦੇ ਉਚਿਤ ਪ੍ਰਬੰਧ ਦੀਆਂ ਘਾਟਾਂ, ਮਿਡ-ਡੇ-ਮੀਲ ਵਿਚੋਂ ਭੋਜਨ ਬਣਵਾਉਣ ਉਪਰੰਤ ਸਮੇਂ ਸਿਰ ਤੇ ਬਣਦੀ ਅਦਾਯਗੀ ਦਾ ਨਾ ਹੋਣਾ, ਪਤੀ ਤੇ ਪਤਨੀ ਦੋਵਾਂ ਦੀਆਂ ਡਿਊਟੀਆਂ ਲਗਾਉਣਾ, ਬੇਲੋੜੀ ਕਾਗਜ਼ੀ ਕਾਰਵਾਈ ਅਤੇ ਕਾਗਜ਼ਾਂ ਦੀ ਬਰਬਾਦੀ ਆਦਿ। ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਚੋਣ ਡਿਊਟੀ ਲੱਗਣ ਕਾਰਨ ਪਹਿਲਾਂ ਤੋਂ ਹੀ ਅਧਿਆਪਕਾਂ ਦੀ ਘਾਟ ਝੱਲ ਰਹੇ ਸਕੂਲਾਂ ਦੇ ਤਰਸਯੋਗ ਹਾਲਤ ਬਣ ਗਏ ਅਤੇ ਦੇਸ਼ ਦੇ ਭਵਿੱਖ ਵਜੋਂ ਜਾਣੇ ਜਾਂਦੇ ਵਿਦਿਆਰਥੀ ਅਧਿਆਪਕਾਂ ਨੂੰ ਉਡੀਕਦੇ ਰਹੇ। ਸਮੁੱਚਾ ਸਕੂਲੀ ਸਿੱਖਿਆ ਤੰਤਰ ਬੁਰੀ ਤਰਾਂ ਪ੍ਰਭਾਵਿਤ ਹੋਇਆ। ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੀ ਪਿਛਲੇ ਲੱਗਭਗ ਛੇ ਸੱਤ ਮਹੀਨਿਆਂ ਤੋਂ ਜ਼ਿਲ੍ਹਾ ਪ੍ਰਬੰਧਕੀ ਦਫ਼ਤਰਾਂ ਵਿੱਚ ਬਿਨਾਂ ਕਿਸੇ ਕਿਰਤ ਕਾਨੂੰਨਾਂ ਨੂੰ ਧਿਆਨ ਵਿੱਚ ਰੱਖਦਿਆਂ ਦਿਨ ਰਾਤ ਦਸ ਬਾਰਾਂ ਘੰਟੇ ਚੋਣ ਕੰਮ ਕਰਨ ਲਈ ਮਜ਼ਬੂਰ ਨੇ। ਇਸ ਵਾਧੂ ਕੰਮ ਨਾਲ ਜਿੱਥੇ ਸਕੂਲ ਪ੍ਰਬੰਧ ਵਿਗੜਦਾ ਹੈ ਉਥੇ ਹੀ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਮਾਨਸਿਕ, ਸਮਾਜਿਕ ਤੰਗੀ ਝੱਲਣੀ ਪੈ ਰਹੀ ਹੈ।
ਜ਼ਿਲ੍ਹਾ ਅੰਮ੍ਰਿਤਸਰ ਦੇ ਆਗੂਆਂ ਜਰਮਨਜੀਤ ਸਿੰਘ, ਗੁਰਦੇਵ ਸਿੰਘ, ਨਿਰਮਲ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਸੁਖਜਿੰਦਰ ਸਿੰਘ ਜੱਬੋਵਾਲ, ਮਨਪ੍ਰੀਤ ਸਿੰਘ, ਕੰਵਲਜੀਤ ਕੌਰ, ਗੁਰਪ੍ਰੀਤ ਸਿੰਘ ਨਾਭਾ, ਕੰਵਲਜੀਤ ਸਿੰਘ, ਨਰੇਸ਼ ਕੁਮਾਰ, ਸੁਖਵਿੰਦਰ ਸਿੰਘ ਬਿੱਟਾ, ਨਰਿੰਦਰ ਮੱਲੀਆਂ, ਕੇਵਲ ਸਿੰਘ, ਵਿਪਨ ਰਿਖੀ, ਮੁਨੀਸ਼ ਪੀਟਰ, ਸ਼ਰਨਜੀਤ ਕੌਰ, ਪਰਮਿੰਦਰ ਸਿੰਘ, ਸ਼ਮਸ਼ੇਰ ਸਿੰਘ ਆਦਿ ਨੇ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਕਮਿਸ਼ਨਰ, ਪੰਜਾਬ ਕੋਲੋਂ ਉਪਰੋਕਤ ਅੰਕਿਤ ਦੇ ਸੰਬੰਧ ਵਿੱਚ ਮੰਗ ਕੀਤੀ ਕਿ ਅਗਾਮੀ ਲੋਕ ਸਭਾ ਦੀਆਂ ਆਮ ਚੋਣਾਂ, 2024 ਦੌਰਾਨ ਇਸਤਰੀ ਮੁਲਾਜ਼ਮਾਂ ਨੂੰ ਪਿਤਰੀ ਬਲਾਕਾਂ/ਹਲਕਿਆਂ ਵਿੱਚ ਹੀ ਨਿਯੁਕਤ ਕੀਤਾ ਜਾਵੇ, ਅਪੰਗ ਕਰੋਨਿਕ ਬਿਮਾਰੀ ਨਾਲ ਪੀੜਤ ਮੁਲਾਜ਼ਮਾਂ, ਗਰਭਵਤੀ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਪਤੀ ਪਤਨੀ ਵਿਚੋਂ ਕਿੱਸੇ ਇੱਕ ਦੀ ਡਿਊਟੀ ਜਾਰੀ ਕੀਤੀ ਜਾਵੇ, ਸਿੱਖਿਆ ਵਿਭਾਗ ਵਿਚੋਂ ਅਨੁਪਾਤ ਅਨੁਸਾਰ ਡਿਊਟੀਆਂ ਲਗਾਈਆਂ ਜਾਣ ਤਾਂ ਜੋ ਸਕੂਲਾਂ ਦਾ ਪ੍ਰਬੰਧ ਸੁੱਚਜੇ ਢੰਗ ਨਾਲ ਚਲਦਾ ਰਹੇ, ਕੁਆਰੀ ਇਸਤਰੀ ਮੁਲਾਜ਼ਮਾਂ ਨੂੰ ਨੇੜੇ ਡਿਊਟੀ ਦਿੱਤੀ ਜਾਵੇ, ਦਫ਼ਤਰਾਂ ਤੇ ਰਿਹਰਸਲਾਂ ਦੌਰਾਨ ਭੋਜਨ ਪਾਣੀ ਚਾਹ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇ, ਪੋਲਿੰਗ ਸਟੇਸ਼ਨਾਂ ਤੇ ਪ੍ਰਬੰਧਾਂ ਲਈ ਅਗਾਊਂ ਬਜਟ ਜਾਰੀ ਕੀਤਾ ਜਾਵੇ, ਸੈਕਟਰ ਅਫ਼ਸਰਾਂ ਤੇ ਬੂਥ ਲੈਵਲ ਅਫਸਰਾਂ ਨੂੰ ਚੋਣ ਪ੍ਰਬੰਧਾਂ ਲਈ ਅਡਵਾਂਸ ਰਾਸ਼ੀ ਦਿੱਤੀ ਜਾਵੇ, ਬੇਲੋੜੇ ਕਾਗਜ਼ਾਂ ਦੀ ਬਰਬਾਦੀ ਨੂੰ ਫੌਰੀ ਬੰਦ ਕੀਤਾ ਜਾਵੇ।

Scroll to Top