
ਕੁੱਕ ਵਰਕਰਾਂ ਨੇ ਲੰਬੀ ਅਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗਾਂ ਕਰਕੇ ਗੰਭੀਰਪੁਰ ਰੈਲੀ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ
ਕੁੱਕ ਵਰਕਰਾਂ ਵੱਲੋਂ ਪਹਿਲੀ ਸਤੰਬਰ ਦੀ ਗੰਭੀਰਪੁਰ ਰੈਲੀ ਦੀਆਂ ਤਿਆਰੀਆਂ ਮੁਕੰਮਲ
ਕੁੱਕ ਵਰਕਰਾਂ ਨੇ ਮੁਕਤਸਰ ਅਤੇ ਲੰਬੀ ਵਿਖੇ ਕੀਤੀਆਂ ਮੀਟਿੰਗਾਂ
ਸਥਾਨਕ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਮਿਡ ਡੇ ਮੀਲ ਵਰਕਰਜ਼ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਰਮਨਜੀਤ ਕੌਰ ਅਗਵਾਈ ਹੇਠ ਗੰਭੀਰਪੁਰ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇਕੱਤਰਤਾ ਕੀਤੀ ਗਈ। ਇਸੇ ਤਰ੍ਹਾਂ ਲੰਬੀ ਬਲਾਕ ਪ੍ਰਧਾਨ ਮਨਦੀਪ ਕੌਰ ਲਾਗੂ ਦੀ ਅਗਵਾਈ ਹੇਠ ਲੰਬੀ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਜਨਰਲ ਸਕੱਤਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਿੱਡ ਡੇ ਮੀਲ ਵਰਕਰਾਂ ਦੀ ਤਨਖਾਹ ਦੁੱਗਣੀ ਕਰਨ ਦੇ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮਿਡ ਡੇ ਮੀਲ ਵਰਕਰਾਂ ਦਾ ਆਰਥਿਕ ਸ਼ੋਸਣ ਕਰਦਿਆਂ ਵਰਕਰਾਂ ਨੂੰ ਸਿਰਫ਼ ਤਿੰਨ ਹਜ਼ਾਰ ਰੁਪਏ ਮਹੀਨਾ ਤਨਖਾਹ ਦੇ ਰਹੀ ਹੈ ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਸੰਭਵ ਨਹੀਂ। ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਦੇ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਪਿਛਲੇ ਦਿਨੀਂ ਉਨ੍ਹਾਂ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਹੋਰ ਕਈ ਹਲਕਾ ਵਿਧਾਇਕਾਂ ਦੇ ਘਰ ਮੂਹਰੇ ਰੋਸ ਪ੍ਰਦਰਸ਼ਨ ਕਰਕੇ ਅਗਸਤ ਮਹੀਨੇ ਅੰਦਰ ਅੰਦਰ ਮਿੱਡ ਡੇ ਮੀਲ ਵਰਕਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਸੀ ਅਤੇ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵੱਲ ਨੂੰ ਵਹੀਰਾਂ ਘੱਤਣ ਦਾ ਐਲਾਨ ਕੀਤਾ ਸੀ, ਪਰ ਸਰਕਾਰ ਵੱਲੋਂ ਮਿੱਡ ਡੇ ਮੀਲ ਵਰਕਰਾਂ ਦੀ ਕੋਈ ਸੁਣਵਾਈ ਨਾ ਕੀਤੇ ਜਾਣ ਖਿਲਾਫ ਉਨ੍ਹਾਂ ਪਹਿਲੀ ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਰੋਸ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਰਾਜਵਿੰਦਰ ਕੌਰ ਨੇ ਕਿਹਾ ਕਿ ਜਿਸ ਤਰਾਂ ਪਿਛਲੀਆਂ ਸਰਕਾਰਾਂ ਨੇ ਮਿਡ ਡੇ ਮੀਲ ਵਰਕਰਾਂ ਉੱਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਨ ਤੋਂ ਟਾਲਾ ਵੱਟੀ ਰੱਖਿਆ ਹੈ ਉਸੇ ਤਰਾਂ ਮੌਜੂਦਾ ਭਗਵੰਤ ਮਾਨ ਸਰਕਾਰ ਵੀ ਉਹਨਾਂ ਉੱਤੇ ਘੱਟੋ-ਘੱਟ ਉਜਰਤਾਂ ਦਾ ਕਾਨੂੰਨ ਲਾਗੂ ਨਾ ਕਰਕੇ ਇਸ ਕਾਨੂੰਨ ਦੀ ਖੁਦ ਉਲੰਘਣਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮਿੱਡ ਡੇ ਮੀਲ ਵਰਕਰਾਂ ਦੀਆਂ ਘੱਟੋ ਘੱਟ ਉਜਰਤ ਕਾਨੂੰਨ ਲਾਗੂ ਕਰਨ, ਵਾਧੂ ਕੰਮਾਂ ਤੋਂ ਛੁਟਕਾਰਾ ਦੇਣ, ਹਰੇਕ ਵਰਕਰ ਦਾ ਘੱਟੋ ਘੱਟ ਪੰਜ ਲੱਖ ਦਾ ਬੀਮਾ ਕਰਨ, ਵਰਕਰਾਂ ਦੀਆਂ ਛੁੱਟੀਆਂ ਹਕੀਕੀ ਰੂਪ’ਚ ਲਾਗੂ ਕਰਨ, ਗਰਮੀ ਅਤੇ ਸਰਦੀ ਦੇ ਮੌਸਮ ਲਈ ਦੋ ਦੋ ਵਰਦੀਆਂ ਦੇਣ ਆਦਿ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਸਗੋਂ ਲਾਰਿਆਂ ਰਾਹੀਂ ਸਮਾਂ ਲੰਘਾ ਰਹੀ ਹੈ। ਇਸ ਸਭ ਖਿਲਾਫ ਵਰਕਰਾਂ ਵਿੱਚ ਭਾਰੀ ਰੋਹ ਹੈ ਅਤੇ ਹੁਣ ਇਸ ਰੋਹ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਦੇ ਪਿੰਡ ਦੀਆਂ ਜੂਹਾਂ ਤੇ ਪਹਿਲੀ ਸਤੰਬਰ ਨੂੰ ਰੈਲੀ ਕਰਕੇ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਕੌਰ ਭਾਗੂ, ਅਮਰਜੀਤ ਕੌਰ ਭਾਗੂ, ਜਸਵੀਰ ਕੌਰ ਲੰਬੀ, ਜਸਵਿੰਦਰ ਕੌਰ ਥਾਂਦੇਵਾਲਾ, ਸੀਮਾ ਮੁਕਤਸਰ, ਜਸਬੀਰ ਕੌਰ ਲੰਬੀ, ਮਨਦੀਪ ਕੌਰ ਭਾਗੂ, ਕਮਲੇਸ਼ ਰਾਣੀ, ਰਾਣੀ ਕੌਰ ਝੁਰੜ, ਕੁਲਦੀਪ ਕੌਰ ਝੁਰੜ, ਨਸੀਬ ਕੌਰ, ਸਰੋਜ ਰਾਣੀ ਮੁਕਤਸਰ, ਮਨਜੀਤ ਕੌਰ ਭੁੱਲਰ, ਮਨਪ੍ਰੀਤ ਕੌਰ, ਪਰਮਜੀਤ ਕੌਰ, ਸੀਮਾ ਰਾਣੀ, ਜਸਵਿੰਦਰ ਕੌਰ, ਮੀਤ ਪ੍ਰਧਾਨ ਜਸਵੀਰ ਕੌਰ ਲੰਬੀ, ਛਿੰਦਰ ਕੌਰ ਲੰਬੀ, ਮਨਪ੍ਰੀਤ ਕੌਰ ਲੰਬੀ, ਲਾਜਵੰਤੀ ਰਾਣੀ ਬਾਦਲ, ਜਸਪ੍ਰੀਤ ਕੌਰ ਬਾਦਲ, ਸੁਖਜੀਤ ਕੌਰ ਬਾਦਲ, ਗੁਰਪਾਲ ਕੌਰ ਬਾਦਲ, ਰੇਖਾ ਰਾਣੀ ਚੰਨੂ, ਕੁਲਦੀਪ ਕੌਰ ਚੰਨੂ, ਸਰਬਜੀਤ ਕੌਰ ਚੰਨੂ, ਗੁਰਵਿੰਦਰ ਕੌਰ, ਅਮਨਦੀਪ ਕੌਰ, ਨਸੀਬ ਕੌਰ, ਸਤੀਸ਼ ਰਾਣੀ, ਜੋਤੀ, ਲਵਪ੍ਰੀਤ ਕੌਰ, ਸੁਖਪ੍ਰੀਤ ਕੌਰ, ਸਰਬਜੀਤ ਕੌਰ, ਸੰਦੀਪ ਕੌਰ, ਸੁਖਵੀਰ ਕੌਰ, ਬਲਵਿੰਦਰ ਕੌਰ, ਮੋਨਿਕਾ, ਰਜਨੀ, ਜਸਪ੍ਰੀਤ ਕੌਰ, ਕਰਮਜੀਤ ਕੌਰ ਆਦਿ ਹਾਜ਼ਰ ਸਨ।