
ਕਿਤਾਬਾਂ ਗਿਆਨ ਦਾ ਅਣਮੋਲ ਖ਼ਜ਼ਾਨਾ,ਪੜ੍ਹੀਏ ਦਿਲ ਨਾਲ਼, ਨਾ ਕਰੀਏ ਬਹਾਨਾ।ਕਿਤਾਬਾਂ ਮਨੁੱਖ ਦੀਆਂ ਸੱਚੀਆਂ ਅਤੇ ਸਦਾ ਬਹਾਰ ਮਿੱਤਰ ਹਨ। ਕਿਉਂਕਿ ਹਰ ਇਕ ਕਿਤਾਬ ਵਿੱਚ ਵੱਖਰੇ-2 ਵਿਸ਼ੇ ਨਾਲ਼ ਸੰਬੰਧਿਤ ਜਾਣਕਾਰੀ ਹੁੰਦੀ ਹੈ। ਕਿਤਾਬਾਂ ਘਰ ਨੂੰ ਨਿੱਘਾ ਬਣਾਉਂਦੀਆਂ ਹਨ। ਕੁਝ ਕਿਤਾਬਾਂ ਮਹਾਂ-ਪੁਰਖਾਂ ਨੂੰ ਯਾਦ ਕਰਾਉਂਦੀਆਂ ਹਨ ਜੋ ਕਿ ਸਤਿਕਾਰ ਨਾਲ਼ ਰੱਖੀਆਂ ਜਾਂਦੀਆਂ ਹਨ। ਕੁਝ ਕਿਤਾਬਾਂ ਮਾਪਿਆਂ ਵਰਗੀਆਂ ਹਨ ਜੋ ਕੇ ਜੀਵਨ ਦਿੰਦੀਆਂ ਹਨ ‘ਤੇ ਜਿੰਦਗੀ ਦੇ ਸਬਕ ਸਿਖਾਉਂਦੀਆਂ ਹਨ, ਨਾਲ਼ੇ ਕੁਝ ਦਾਦਾ-ਦਾਦੀ, ਨਾਨਾ-ਨਾਨੀ ਦੀ ਗੋਦੀ ਵਰਗੀਆਂ ਹਨ ਜੋ ਕੇ ਮੋਹ ਪਿਆਰ ਦਾ ਹੁਲਾਰਾ ਦਿੰਦੀਆਂ ਹਨ। ਕਈਂ ਕਿਤਾਬਾਂ ਪਿਆਰੇ ਅਧਿਆਪਕ ਵਰਗੀਆਂ ਹੁੰਦੀਆਂ ਹਨ ਜਿਹੜੀਆਂ ਸਹੀ ਰਸਤਾ ਦਿਖਾ ਕੇ ਮੰਜ਼ਿਲ ਤੱਕ ਲੈ ਜਾਂਦੀਆਂ ਹਨ।ਅੱਜ ਦਾ ਸਮਾਂ ਕਰੋਨਾ ਮਹਾਮਾਰੀ ਕਰਕੇ ਸਾਰਿਆਂ ਨੂੰ ਘਰਾਂ ਵਿੱਚ ਬੈਠਣ ਲਈ ਮਜ਼ਬੂਰ ਕਰ ਰਿਹਾ ਹੈ। ਇਹ ਸਮੇਂ ਦਾ ਸਦਉਪਯੋਗ ਅਸੀਂ ਕਿਤਾਬਾਂ ਪੜ੍ਹ ਕੇ ਕਰ ਸਕਦੇ ਹਾਂ। ਕਿਉਂਕਿ ਕਿਤਾਬਾਂ ਵਿਚਲੀ ਜਾਣਕਾਰੀ ਨਾਲ਼ ਸਾਡੇ ਗਿਆਨ ਵਿੱਚ ਵਾਧਾ ਹੀ ਨਹੀਂ ਹੁੰਦਾ ਸਗੋਂ ਸਮੇਂ ਦੀ ਸਹੀ ਵਰਤੋਂ ਵੀ ਹੁੰਦੀ ਹੈ। ਭਾਵੇਂ ਅੱਜ ਸਾਰਾ ਕੰਮ ਆਨ-ਲਾਈਨ ਹੋ ਰਿਹਾ ਹੈ ਜਿਵੇਂ ਦਫ਼ਤਰੀ ਕੰਮ, ਆਨ ਲਾਈਨ ਪੜ੍ਹਾਈ, ਪੈਸੇ ਦਾ ਲੈਣ ਦੇਣ ਆਦਿ, ਪ੍ਰੰਤੂ ਸਾਰਾ ਸਮਾਂ ਫ਼ੋਨ ‘ਤੇ ਬਿਤਾਉਣ ਨਾਲ਼ ਵੀ ਇਸ ਦਾ ਸਾਡੇ ਸ਼ਰੀਰ ‘ਤੇ ਮਾੜਾ ਪ੍ਰਭਾਵ ਵੀ ਪੈ ਸਕਦਾ ਹੈ।ਇਸ ਲਈ ਅੱਜ ਦੇ ਮਹਾਮਾਰੀ ਦੇ ਸਮੇਂ ਵਿੱਚ ਆਨ ਲਾਈਨ ਸੁਵਿਧਾਵਾਂ ਦੀ ਜਿਆਦਾ ਵਰਤੋਂ ਮਜਬੂਰੀ ਬਣੀ ਹੋਈ ਹੈ।ਵਿਹਲੇ ਮਨ ਨੂੰ ਕਿਤਾਬਾਂ ਦੀ ਰੌਸ਼ਨੀ ਨਾਲ਼ ਰੁਸ਼ਨਾਇਆ ਜਾ ਸਕਦਾ ਹੈ ਕਿਉਂਕਿ ਵਿਹਲੇ ਬੈਠਣ ਨਾਲ਼ ਸਾਡੇ ਮਨ ਵਿੱਚ ਜ਼ਿਆਦਾਤਰ ਨਾਕਾਰਾਤਮਕ ਵਿਚਾਰ ਆਉਂਦੇ ਰਹਿੰਦੇ ਹਨ, ਪਰ ਜੇਕਰ ਅਸੀਂ ਆਪਣੇ ਕਿਸੇ ਵੀ ਮਨਪਸੰਦ ਵਿਸ਼ੇ ਨਾਲ਼ ਸੰਬੰਧਿਤ ਕਿਤਾਬ ਪੜ੍ਹਾਂਗੇ, ਤਾਂ ਸਾਡਾ ਮਨ ਤਰੋਤਾਜ਼ਾ ਹੋ ਉੱਠੇਗਾ। ਅਕਸਰ ਬੱਚੇ ਆਪਣੇ ਮਾਂ-ਬਾਪ, ਵੱਡੇ ਭੈਣ-ਭਰਾ ਅਤੇ ਅਧਿਆਪਕ ਦੀ ਰੀਸ ਕਰਦੇ ਹਨ। ਇਸ ਕਥਨ ਨੂੰ ਦਰਸਾਉਂਦੀ ਇੱਕ ਛੋਟੀ ਜਿਹੀ ਪੜ੍ਹੀ ਹੋਈ ਕਹਾਣੀ ਮੈਨੂੰ ਯਾਦ ਆ ਰਹੀ ਹੈ ਜੋ ਤੁਹਾਡੇ ਨਾਲ਼ ਮੈਂ ਸਾਂਝਾ ਕਰਨਾ ਚਾਹੁੰਦੀ ਹਾਂ। ਇੱਕ ਔਰਤ ਰੇਲ ਗੱਡੀ ਵਿੱਚ ਬੈਠ ਕੇ ਕਿਤਾਬ ਪੜ੍ਹ ਰਹੀ ਸੀ ਅਤੇ ਉਸ ਦਾ ਛੋਟਾ ਬੱਚਾ ਕਾਰਟੂਨਾਂ ਵਾਲੀ ਕਿਤਾਬ ਖੋਲ੍ਹ ਕੇ ਬੈਠਾ ਸੀ ਤਾਂ ਨਾਲ਼ ਵਾਲੀ ਸੀਟ ‘ਤੇ ਬੈਠੀ ਇੱਕ ਇਸਤਰੀ ਨੇ ਪੁੱਛਿਆ ਕਿ ਅੱਜ ਦਾ ਸਮਾਂ ਸਮਾਰਟ ਫੋਨ ਦਾ ਹੈ, ‘ਤੇ ਤੁਸੀ ਕਿਤਾਬ ਪੜ੍ਹ ਰਹੇ ਹੋ? ਤਾਂ ਉਸ ਔਰਤ ਨੇ ਦੱਸਿਆ ਕਿ ਬੱਚੇ ਅਕਸਰ ਸਾਡੀ ਰੀਸ ਕਰਦੇ ਹਨ, ਜੇਕਰ ਮੈਂ ਫ਼ੋਨ ‘ਤੇ ਵਿਅਸਤ ਹੋਵਾਂਗੀ ਤਾਂ ਮੇਰਾ ਬੱਚਾ ਵੀ ਫ਼ੋਨ ਦੇਖਣ ਦੀ ਜ਼ਿੱਦ ਕਰੇਗਾ। ਇਸ ਦੇ ਉਲਟ ਮੈਂ ਕਿਤਾਬ ਪੜ੍ਹ ਰਹੀ ਹਾਂ ਤਾਂ ਇਹ ਵੀ ਕਿਤਾਬ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਨੂੰ ਬੱਚਿਆਂ ਸਾਹਮਣੇ ਉਦਾਹਰਣ ਬਣਨਾ ਪੈਂਦਾ ਹੈ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਸਹੀ ਰਸਤੇ ‘ਤੇ ਪਾ ਸਕਦੇ ਹਾਂ।ਪੜ੍ਹਨ ਦੀ ਆਦਤ ਸਾਨੂੰ ਸਾਡਾ ਮਨ ਇਕਾਗਰ ਕਰਨ ਵਿੱਚ ਮਦਦ ਕਰਦੀ ਹੈ। ਛੋਟੇ ਬੱਚੇ ਇੱਕ ਥਾਂ ਅਰਾਮ ਨਾਲ਼ ਬੈਠ ਕੇ ਪੜ੍ਹਨ ਤਾਂ ਉਹਨਾਂ ਦਾ ਧਿਆਨ ਸ਼ਰਾਰਤਾਂ ਵੱਲ ਘੱਟ ਜਾਂਦਾ ਹੈ ਅਤੇ ਬੱਚਿਆਂ ਅੰਦਰ ਇੱਕ ਚੰਗੀ ਆਦਤ ਦਾ ਵਿਕਾਸ ਹੁੰਦਾ ਹੈ। ਕਿਤਾਬਾਂ ਪੜ੍ਹਨ ਨਾਲ਼ ਜਿੱਥੇ ਸਾਡਾ ਮੰਨੋਰੰਜਨ ਹੁੰਦਾ ਹੈ, ਉੱਥੇ ਸਾਡੀਆਂ ਅੱਖਾਂ ਦੀ ਵੀ ਕਸਰਤ ਹੁੰਦੀ ਹੈ।ਇਹ ਇੱਕ ਅਜਿਹੀ ਆਦਤ ਹੈ ਜਿਸ ਦਾ ਸਾਨੂੰ ਜਿੰਦਗੀ ਦੇ ਸਾਰੇ ਪੜਾਵਾਂ ਵਿੱਚ ਲਾਭ ਹੁੰਦਾ ਹੈ।ਜਦੋਂ ਅਸੀਂ ਮਹਾਨ ਵਿਅਕਤੀਆਂ ਦੀਆਂ ਕਿਤਾਬਾਂ ਪੜ੍ਹਦੇ ਹਾਂ ਤਾਂ ਉਹਨਾਂ ਦੇ ਜ਼ਿੰਦਗੀ ਵਿੱਚਲੇ ਸੰਘਰਸ਼ ਨੂੰ ਜਾਨਣ ਦਾ ਮੌਕਾ ਮਿਲਦਾ ਹੈ ਅਤੇ ਸਾਡੇ ਵਿੱਚ ਜ਼ਿੰਦਗੀ ਜਿਊਣ ਦਾ ਨਵਾਂ ਦ੍ਰਿਸ਼ਟੀਕੋਣ ਉਭਰਦਾ ਹੈ। ਕਿਤਾਬਾਂ ਅਜਿਹੀ ਪੌੜ੍ਹੀ ਹਨ ਜਿਹੜੀ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾਉਂਦੀਆਂ ਹਨ। ਗਿਆਨ ਦਾ ਭੰਡਾਰ ਕਿਤਾਬਾਂ ਸਾਨੂੰ ਜਿੰਦਗੀ ਜਿਊਣ ਦਾ ਚੱਜ ਸਿਖਾਉਂਦੀਆਂ ਹਨ।ਅੱਜ ਸਾਰੇ ਦੇਸ਼ਾਂ ਵਿੱਚ ਕਰੋਨਾ ਮਹਾਮਾਰੀ ਦੇ ਸਿੱਟੇ ਵੱਜੋ ਲਾਕਡਾਊਨ ਹੋਣ ਕਰਕੇ ਸਾਰਾ ਪਰਿਵਾਰ ਘਰ ਵਿੱਚ ਹੈ। ਭਾਵੇਂ ਇਸ ਔਖੇ ਸਮੇਂ ਵਿੱਚ ਦੇਸ਼ ਦੀ ਅਰਥਵਿਵਸਥਾ ਨੂੰ ਨੁਕਸਾਨ ਹੋ ਰਿਹਾ ਹੈ ਪਰੰਤੂ ਅਸੀਂ ਇਸ ਸਮੇਂ ਦਾ ਸਹੀ ਉਪਯੋਗ ਕਿਤਾਬਾਂ ਪੜ੍ਹ ਕੇ ਅਤੇ ਆਪਣੇ ਬੱਚਿਆਂ ਨੂੰ ਕਿਤਾਬਾਂ ਵਿੱਚ ਕਲਮਬੰਦ ਕੀਤੇ ਗਏ ਸਾਡੇ ਮਹਾਨ ਵਿਰਸੇ ਤੋਂ ਜਾਣੂ ਕਰਵਾ ਸਕਦੇ ਹਾਂ। ਇਸ ਤਰ੍ਹਾਂ ਉਹਨਾਂ ਵਿੱਚ ਦੇਸ਼ ਪ੍ਰਤੀ ਪਿਆਰ ‘ਤੇ ਆਦਰ ਦੀ ਭਾਵਨਾ ਪੈਦਾ ਹੋਵੇਗੀ ਅਤੇ ਭਵਿੱਖ ਵਿੱਚ ਕਿਤਾਬਾਂ ਉਹਨਾਂ ਦੇ ਸੁਪਨੇ ਪੂਰੇ ਕਰਨ ਵਿੱਚ ਮਦਦ ਕਰਨਗੀਆਂ। ਮੇਜਰ ਸਿੰਘ,ਈ.ਟੀ.ਟੀ ਅਧਿਆਪਕ,ਸਰਕਾਰੀ ਐਲੀਮੈਂਟਰੀ ਸਕੂਲ, ਨੰਬਰ 1ਬਲਾਕ- ਰਾਜਪੁਰਾ-02,ਜ਼ਿਲ੍ਹਾ-ਪਟਿਆਲਾ (ਪੰਜਾਬ)