
ਸਰਕਾਰੀ ਪ੍ਰਾਇਮਰੀ ਸਕੂਲ ਰੇਤੇ ਵਾਲੀ ਭੈਣੀ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਸਾਵਣ ਮਹੀਨੇ ਦੇ ਚਲਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਰੇਤੇ ਵਾਲੀ ਭੈਣੀ ਵਿੱਚ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਇੰਚਾਰਜ਼ ਮੈਡਮ ਪੂਨਮ ਨੇ ਦੱਸਿਆ ਕਿ ਸਾਵਣ ਮਹੀਨੇ ਦੇ ਚਲਦਿਆਂ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਬੜੇ ਚਾਅ ਨਾਲ ਹਿੱਸਾ ਲਿਆ। ਵਿਦਿਆਰਥਣਾਂ ਨੇ ਗਿੱਧੇ ਸਮੇਤ ਹੋਰ ਸਭਿਆਚਾਰਕ ਵੰਨਗੀਆਂ ਜਿਵੇਂ ਕਿ ਫੁਲਕਾਰੀ ਕੱਡਣਾ, ਕਿਕਲੀ ਪਾਉਣਾ, ਪੀਂਘਾਂ ਝੂਟਣੀਆਂ ਆਦਿ ਦੀ ਪੇਸ਼ਕਾਰੀ ਕੀਤੀ। ਸਾਵਣ ਮਹੀਨੇ ਦੀ ਚੱਲਦੀ ਆ ਰਹੀ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਬੱਚਿਆਂ ਨੂੰ ਖੀਰ-ਪੂੜਿਆਂ ਦਾ ਲੰਗਰ ਵਰਤਾਇਆ ਗਿਆ। ਇਸ ਤਿਉਹਾਰ ਨੂੰ ਮਨਾਉਣ ਲਈ ਸਮੁੱਚੇ ਪ੍ਰਬੰਧ ਦੀ ਜਿੰਮੇਵਾਰੀ ਅਧਿਆਪਕ ਭਾਰਤ ਸੱਭਰਵਾਲ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ।
ਸਕੂਲ ਅਧਿਆਪਕ ਨੀਰਜ ਕੁਮਾਰ ਨੇ ਦੱਸਿਆ ਕਿ ਵਧਦੇ ਪੱਛਮੀ ਪ੍ਰਭਾਵ ਸਦਕਾ ਸਾਡੇ ਬੱਚੇ ਆਪਣੇ ਸੱਭਿਆਚਾਰ ਅਤੇ ਰੀਤੀ ਰਿਵਾਜਾਂ ਤੋਂ ਦੂਰ ਹੁੰਦੇ ਜਾ ਰਹੇ ਹਨ।
ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਇਹਨਾਂ ਨੂੰ ਆਪਣੀ ਬੋਲੀ ਅਤੇ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਸਾਨੂੰ ਅਜਿਹੇ ਉਪਰਾਲੇ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਕਸ਼ਮੀਰ ਸਿੰਘ ਵੀ ਮੌਜੂਦ ਸਨ।