ਸਰਕਾਰੀ ਪ੍ਰਾਇਮਰੀ ਸਕੂਲ ਜੰਡਵਾਲਾ ਮੀਰਾ ਸਾਂਗਲਾ ਨੂੰ ਪਿੰਡ ਦੀ ਪੰਚਾਇਤ ਨੇ ਛੇ ਕਨਾਲਾਂ ਜ਼ਮੀਨ ਦਿੱਤੀ ਦਾਨ

ਸਰਕਾਰੀ ਪ੍ਰਾਇਮਰੀ ਸਕੂਲ ਜੰਡਵਾਲਾ ਮੀਰਾ ਸਾਂਗਲਾ ਨੂੰ ਪਿੰਡ ਦੀ ਪੰਚਾਇਤ ਨੇ ਛੇ ਕਨਾਲਾਂ ਜ਼ਮੀਨ ਦਿੱਤੀ ਦਾਨ ਬਲਾਕ ਖੂਈਆਂ ਸਰਵਰ‌ ਦੇ ਸਰਕਾਰੀ ਪ੍ਰਾਇਮਰੀ ਸਕੂਲ ਜੰਡਵਾਲਾ ਮੀਰਾ ਸਾਂਗਲਾ ਨੂੰ ਪਿੰਡ ਦੀ ਨਵੀਂ ਚੁਣੀ ਪੰਚਾਇਤ ਨੇ ਨਿਵੇਕਲੀ ਪਹਿਲ ਕਰਦੀਆਂ 6 ਕਨਾਲ ਜ਼ਮੀਨ ਦਾਨ ਦਿੱਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਚਰੋਕਣੀ ਮੰਗ ਪੂਰੀ ਕਰਦਿਆ ਸਰਪੰਚ ਸੁਰਿੰਦਰ ਕੁਮਾਰ ਦੀ ਅਗਵਾਈ ਵਿੱਚ ਸਮੂਹ ਪੰਚਾਇਤ ਮੈਂਬਰ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਕੱਲਬ ਜੰਡਵਾਲਾ ਮੀਰਾ ਸਾਂਗਲਾ ਦੇ ਮੈਂਬਰਾ ਵੱਲੋਂ ਸਮੁੱਚੇ ਪਿੰਡ ਦੀ ਸਹਿਮਤੀ ਨਾਲ ਸਕੂਲ ਨੂੰ ਇਹ ਜਗ੍ਹਾ ਦਾਨ ਦੇ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਇਸ ਨਾਲ ਸਕੂਲ ਦੀ ਜਗ੍ਹਾ ਦੀ ਘਾਟ ਪੂਰੀ ਹੋ ਗਈ ਹੈ ਅਤੇ ਵਿਦਿਆਰਥੀਆਂ ਨੂੰ ਖੇਡਣ ਲਈ ਗਰਾਊਂਡ ਵੀ ਮਿਲ ਗਿਆ ਹੈ। ਉਹਨਾਂ ਕਿਹਾ ਕਿ ਸਕੂਲ ਦਾ ਸਮੁੱਚਾ ਸਟਾਫ ਇਸ ਨੇਕ ਕਾਰਜ ਲਈ ਸਮੁੱਚੀ ਪੰਚਾਇਤ ਦਾ ਧੰਨਵਾਦ ਕਰਦੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਅਤੇ ਬੀਪੀਈਓ ਸਤੀਸ਼ ਮਿਗਲਾਨੀ ਨੇ ਕਿਹਾ ਕਿ ਪੰਚਾਇਤ ਵੱਲੋਂ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਸਿੱਖਿਆ ਵਿਭਾਗ ਦੀ ਤਰਫੋਂ ਉਹ ਪੰਚਾਇਤ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਜੰਡਵਾਲਾ ਮੀਰਾਂ ਸਾਗਲਾਂ ਦੀ ਪੰਚਾਇਤ ਹੋਰਨਾਂ ਪੰਚਾਇਤ ਲਈ ਮਾਰਗਦਰਸ਼ਨ ਦਾ ਕੰਮ ਕਰੇਗੀ। ਉਹਨਾਂ ਕਿਹਾ ਕਿ ਇਸ ਪੰਚਾਇਤ ਤੋਂ ਸੇਧ ਲੈਂਦਿਆਂ ਹੋਰਨਾਂ ਪੰਚਾਇਤਾਂ ਨੂੰ ਵੀ ਸਕੂਲਾ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ। ਸਰਪੰਚ ਸੁਰਿੰਦਰ ਕੁਮਾਰ ਨੇ ਸਕੂਲ ਮੁੱਖੀ ਨੂੰ ਸਹਿਮਤੀ ਪੱਤਰ ਸੌਂਪਦਿਆਂ ਕਿਹਾ ਕਿ ਉਹ ਆਪਣੇ ਪਿੰਡ ਦੇ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਸਦਾ ਯਤਨਸ਼ੀਲ ਰਹਿਣਗੇ। ਸਕੂਲ ਨੂੰ ਕਿਸੇ ਚੀਜ਼ ਦੀ ਥੋੜ ਨਹੀ ਆਉਣ ਦਿੱਤੀ ਜਾਵੇਗੀ। ਇਸ ਨੇਕ ਕਾਰਜ ਲਈ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇਂ ਤੇ ਪੰਚਾਇਤ ਮੈਂਬਰ ਮੱਖਣ ਸਿੰਘ, ਮੰਗਤ ਰਾਮ, ਪ੍ਰੇਮ ਸਿੰਘ, ਸੁਨੀਲ ਕੁਮਾਰ ,ਮਨਜੀਤ ਰਾਣੀ, ਵਰਿੰਦਰ ਕੁਮਾਰ, ਅਮਰਜੀਤ ਕੌਰ, ਅੰਗਰੇਜ਼ ਚੰਦ, ਕਿਰਨ ਪਾਲ ਕੌਰ, ਸਿਮਰਨਜੀਤ ਕੌਰ, ਗੁਰਪ੍ਰੀਤ ਕੌਰ, ਸਕੂਲ ਸਟਾਫ ਮੈਂਬਰ ਨੀਰਜ ਭਟੇਜਾ,ਮੰਗਲ ਸਿੰਘ,ਮੈਡਮ ਪ੍ਰੀਤੀ ਵਧਵਨ,ਮੈਡਮ ਕੈਲਾਸ਼ ਰਾਣੀ, ਮੈਡਮ ਆਰਜ਼ੂ ਗੁਲਬੱਧਰ ਮੈਡਮ ਪੂਨਮ ਰਾਣੀ,ਮੈਡਮ ਸੁਮਿਤਰਾ ਬਾਈ ਅਤੇ ਮੈਡਮ ਕੈਲਾਸ਼ ਰਾਣੀ ਮੌਜੂਦ ਸਨ।

Scroll to Top