ਸਮਾਰਟ ਸਕੂਲ ਰੇਤੇ ਵਾਲੀ ਭੈਣੀ (ਫਾਜ਼ਿਲਕਾ) ਨੇ ਨਿਵੇਕਲੀ ਪਹਿਲ ਕਰਦਿਆਂ ਵਿਦਿਆਰਥੀਆਂ ਨੂੰ ਬਠਿੰਡੇ ਦੇ ਮਹੱਤਵਪੂਰਨ ਸਥਾਨਾ ਦਾ ਵਿੱਦਿਅਕ ਟੂਰ ਕਰਵਾਇਆ

 ਸਮਾਰਟ ਸਕੂਲ ਰੇਤੇ ਵਾਲੀ ਭੈਣੀ (ਫਾਜ਼ਿਲਕਾ) ਨੇ ਨਿਵੇਕਲੀ ਪਹਿਲ ਕਰਦਿਆਂ ਵਿਦਿਆਰਥੀਆਂ ਨੂੰ ਬਠਿੰਡੇ ਦੇ ਮਹੱਤਵਪੂਰਨ ਸਥਾਨਾ ਦਾ ਵਿੱਦਿਅਕ ਟੂਰ ਕਰਵਾਇਆ
ਵਿੱਦਿਅਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਹੋਣਗੇ ਸਹਾਈ- ਨੀਰਜ ਕੁਮਾਰ

ਫਾਜ਼ਿਲਕਾ, 22 ਅਪ੍ਰੈਲ 2024

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੇਤੇ ਵਾਲੀ ਭੈਣੀ ਵੱਲੋਂ ਵਿਦਿਆਰਥੀਆਂ ਦੀ ਪੜਾਈ ਅਤੇ ਸਰਵਪੱਖੀ ਵਿਕਾਸ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਨੂੰ ਅੱਗੇ ਵਧਾਉਂਦਿਆਂ ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਨੂੰ  ਬਠਿੰਡਾ ਦੇ ਮਹੱਤਵਪੂਰਨ ਸਥਾਨਾਂ ਦਾ ਵਿੱਦਿਅਕ ਟੂਰ ਕਰਵਾਇਆ ਗਿਆ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਅਧਿਆਪਕ ਨੀਰਜ ਕੁਮਾਰ ਅਤੇ ਭਾਰਤ ਸਭਰਵਾਲ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਿਤਾਬੀ ਗਿਆਨ ਦੇ ਨਾਲ-ਨਾਲ ਵਿਵਹਾਰਿਕ ਗਿਆਨ ਦੇਣਾ ਜ਼ਰੂਰੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਸਮੇਂ ਸਮੇਂ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਕਰਵਾਇਆ ਜਾਂਦਾ ਹੈ। ਇਸ ਪ੍ਰੋਗਰਾਮ ਤਹਿਤ ਸਕੂਲ ਦੇ ਵਿਦਿਆਰਥੀਆਂ ਦਾ ਇੱਕ ਦਿਨਾਂ ਵਿੱਦਿਅਕ ਟੂਰ ਕਰਵਾਇਆ ਗਿਆ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਬਠਿੰਡਾ ਦੇ ਪ੍ਰਮੁੱਖ ਸਥਾਨਾਂ ਬੀੜ ਤਲਾਬ ਮਿੰਨੀ ਚਿੜੀਆਘਰ, ਕਿਲਾ ਮੁਬਾਰਕ, ਰੋਜ਼-ਗਾਰਡਨ, ਥਰਮਲ ਪਲਾਂਟ ਅਤੇ ਝੀਲਾਂ ਦਾ ਦੌਰਾ ਕਰਵਾਇਆ ਜਿੱਥੇ ਵਿਦਿਆਰਥੀਆਂ ਨੇ ਕੁਦਰਤੀ ਨਜ਼ਾਰਿਆਂ ਨੂੰ ਨੇੜੇ ਤੋਂ ਨਿਹਾਰਦਿਆ ਇਹਨਾਂ ਕੁਦਰਤੀ ਨਜ਼ਾਰਿਆਂ ਦਾ ਖੂਬ ਆਨੰਦ ਮਾਣਿਆ। ਇਸ ਤੋਂ ਇਲਾਵਾ ਕਿਲਾ ਮੁਬਾਰਕ ਗੁਰਦੁਆਰਾ ਵਿਖੇ ਵਿਦਿਆਰਥੀਆਂ ਅਤੇ ਸਟਾਫ ਨੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।
ਸਕੂਲ ਅਧਿਆਪਕ ਮੈਡਮ ਪੂਨਮ ਅਤੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਸ ਟੂਰ ਦੌਰਾਨ ਵਿੱਦਿਅਕ ਪੱਖ ਤੋਂ ਪੰਜਾਬ ਦੇ ਅਹਿਮ ਬੀੜ ਤਲਾਬ ਚਿੜੀਆਘਰ ਦਾ ਦੌਰਾ ਕਰਵਾਇਆ ਗਿਆ। ਜਿੱਥੇ ਵਿਦਿਆਰਥੀਆਂ ਨੇ ਅਜਿਹੇ ਜਾਨਵਰਾਂ ਅਤੇ ਪੰਛੀਆਂ ਨੂੰ ਨੇੜੇ ਤੋਂ ਵੇਖਿਆ ਜਿਹਨਾਂ ਬਾਰੇ ਪਹਿਲਾਂ ਉਹਨਾਂ ਨੇ ਸਿਰਫ ਕਿਤਾਬਾਂ ਵਿੱਚੋਂ ਪੜ੍ਹਿਆ ਜਾਂ ਸਿਰਫ ਸੁਣਿਆ ਸੀ। ਉਹਨਾਂ ਕਿਹਾ ਕਿ ਕਿਸੇ ਵੀ ਚੀਜ ਦਾ ਪ੍ਰਾਪਤ ਵਿਵਹਾਰਿਕ ਗਿਆਨ ਵਿਦਿਆਰਥੀ ਜੀਵਨ ਦਾ ਹਿੱਸਾ ਬਣ ਜਾਂਦਾ ਹੈ। ਇਹ ਵਿੱਦਿਅਕ ਟੂਰ ਵਿਦਿਆਰਥੀਆਂ ਲਈ ਪੂਰਨ ਲਾਭਕਾਰੀ ਸਾਬਿਤ ਹੋਵੇਗਾ।
ਸਕੂਲ ਸਟਾਫ਼ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਵਿਦਿਆਰਥੀਆਂ ਨੂੰ ਅਜਿਹੇ ਟੂਰ ਕਰਵਾਉਂਦੇ ਰਹਿਣਗੇ। ਸਫਾਈ ਸੇਵਿਕਾ ਰਾਜ ਰਾਣੀ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਤੇ ਸਾਰੇ ਸਟਾਫ਼ ਵੱਲੋਂ ਟੂਰ ਦੇ ਸਫਲ ਸੰਚਾਲਨ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

Scroll to Top