ਵਾਤਾਵਰਣ ਸਬੰਧੀ ਜਾਗਰੂਕਤਾ ਅਤੇ ਮਹੱਤਤਾ (ਮੇਜਰ ਸਿੰਘ)

ਵਾਤਾਵਰਣ ਸਬੰਧੀ ਜਾਗਰੂਕਤਾ ਅਤੇ ਮਹੱਤਤਾ
ਵਾਤਾਵਰਣ ਦਾ ਸ਼ਾਬਦਿਕ ਅਰਥ ‘ਆਲ਼ਾ-ਦੁਆਲਾ’। ਸਾਡਾ ਚੌਗਿਰਦਾ ਭਾਵ ਸਜੀਵ ‘ਤੇ ਨਿਰਜੀਵ ਵਸਤੂਆਂ ਮਿਲਕੇ ਵਾਤਾਵਰਣ ਬਣਾਉਂਦੀਆਂ ਹਨ। ਸਜੀਵ ‘ਤੇ ਨਿਰਜੀਵ ਵਸਤੂਆਂ ਵਾਤਾਵਰਣ ਦਾ ਅਨਿੱਖੜਵਾਂ ਅੰਗ ਹਨ। ਮਨੁੱਖ ਧਰਤੀ ਦਾ ਇੱਕ ਸਮਝਦਾਰ ਪ੍ਰਾਣੀ ਹੈ। ਪ੍ਰੰਤੂ ਮਨੁੱਖ ਦੀ ਛੇੜ-ਛਾੜ ਅਤੇ ਦਖ਼ਲ ਅੰਦਾਜ਼ੀ ਕਾਰਨ ਵਾਤਾਵਰਣ ਵਿੱਚ ਅਸੰਤੁਲਨ ਪੈਦਾ ਹੋ ਗਿਆ ਹੈ। ਲੋਕਾਂ ਦੇ ਕਾਰਜ ਵਿਹਾਰ ਕਰਕੇ ਜਲ ‘ਤੇ ਵਾਯੂ ਦੋਨੋਂ ਪ੍ਰਦੂਸ਼ਿਤ ਹੋ ਰਹੇ ਹਨ। ਜਿਸ ਕਾਰਨ ਧਰਤੀ ‘ਤੇ ਰਹਿੰਦੇ ਸਾਰੇ ਜੀਵ ਜੰਤੂ, ਮਨੁੱਖਾਂ ਉੱਤੇ ਇਸ ਦਾ ਉਲਟ ਪ੍ਰਭਾਵ ਪੈ ਰਿਹਾ ਹੈ। ਇਸ ਸੰਕਟ ਨੂੰ ਦੂਰ ਕਰਨ ਲਈ ਸਕੂਲ ਦੇ ਪਾਠਕ੍ਰਮ ਵਿੱਚ ਵਾਤਾਵਰਨ ਦੀ ਸਿੱਖਿਆ ਨੂੰ ਸ਼ਾਮਿਲ ਕੀਤਾ ਗਿਆ ਤਾਂ ਜੋ ਵਾਤਾਵਰਣ ਦੀ ਸਿੱਖਿਆ ਨਾਲ਼ ਉਸਦਾ ਹੱਲ ‘ਤੇ ਬਚਾਓ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਰਾਸ਼ਟਰੀ ਸਿੱਖਿਆ ਨੀਤੀ 1986 ਅਨੁਸਾਰ ਵਾਤਾਵਰਣ ਸਿੱਖਿਆ ਪਾਠਕ੍ਰਮ ਦਾ ਹਿੱਸਾ ਹੋਣਾ ਚਾਹੀਦੀ ਹੈ। ਇਸ ਸਿੱਖਿਆ ਪਾਲਿਸੀ ਵਿੱਚ ਵਾਤਾਵਰਣ ਸੰਬੰਧੀ ਸਕੂਲ ਸਿੱਖਿਆ ਦੌਰਾਨ ਜਾਗਰੂਕਤਾ ਦੀ ਲੋੜ ‘ਤੇ ਜ਼ੋਰ ਦਿੱਤਾ। ਐਨ.ਸੀ.ਆਰ.ਟੀ ਨੇ 1986 ਦੀ ਪਾਲਿਸੀ ਨੂੰ ਲਾਗੂ ਕਰਨ ਲਈ ਕਈਂ ਕੋਰਸਾਂ ਦਾ ਨਿਰਮਾਣ ਕੀਤਾ। ਸਿੱਖਿਆ ਸਮੱਗਰੀ ਵਾਤਾਵਰਣਿਕ ਸਮੱਸਿਆ ਨੂੰ ਸਮਝਣ ਦੇ ਯੋਗ ਬਣਾਏਗੀ। ਇਸ ਲਈ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਰੁੱਖ, ਕੀੜੇ-ਮਕੌੜੇ ਅਤੇ ਜਾਨਵਰ ਆਦਿ ਬਾਰੇ ਕਹਾਣੀਆਂ ‘ਤੇ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ। ਜੋ ਵਾਤਾਵਰਣ ਪ੍ਰਤੀ ਜਾਗਰੂਕ ਕਰਦੀਆਂ ਹਨ। ਸਕੂਲੀ ਸਿੱਖਿਆ ਵਿੱਚ ਵਾਤਾਵਰਣਿਕ ਸਿੱਖਿਆ ਨੂੰ ਤੀਜੀ ਜਮਾਤ ਤੋਂ ਸ਼ਾਮਿਲ ਕੀਤਾ ਗਿਆ ਹੈ ਅਤੇ ਇਸ ਵਿੱਚ ਪਰਿਵਾਰ, ਸਮਾਜ, ਵਾਤਾਵਰਣ ਨਾਲ਼ ਜੋੜਨ ਲਈ ਹਲਕੇ ਫੁਲਕੇ ਪਾਠ ਸ਼ਾਮਿਲ ਹਨ। ਜਿਵੇਂ ਪਰਿਵਾਰ, ਰਿਸ਼ਤੇ, ਪੌਦੇ ਸਾਡੇ ਮਿੱਤਰ, ਰੰਗ-ਬਰੰਗੇ ਪੱਤੇ, ਪੰਛੀ, ਜੰਤੂ, ਭੋਜਨ, ਆਂਡ ਗੁਆਂਢ, ਪਾਣੀ ਆਦਿ ਵਿਸ਼ੇ ਸ਼ਾਮਿਲ ਹਨ। ਜਿਵੇਂ-ਜਿਵੇਂ ਬੱਚਾ ਵੱਡੀ ਜਮਾਤ ਵਿੱਚ ਹੁੰਦਾ ਹੈ, ਉਹ ਵਾਤਾਵਰਣ ਸੰਬੰਧੀ ਸਮੱਸਿਆਂਵਾਂ ਨੂੰ ਜਾਨਣ ਲਗਦਾ ਹੈ। ਵਾਤਾਵਰਣ ਪ੍ਰਤੀ ਜਾਗਰੂਕ ਹੁੰਦਾ ਜਾਂਦਾ ਹੈ ਅਤੇ ਇੱਕ ਚੰਗੇ ਨਾਗਰਿਕ ਦਾ ਫ਼ਰਜ ਨਿਭਾਉਂਦੇ ਹੋਏ ਵਾਤਾਵਰਣ ਨੂੰ ਸੰਭਾਲਣ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਪ੍ਰਿਥਵੀ ਅਜਿਹਾ ਗ੍ਰਹਿ ਹੈ ਜਿਸ ‘ਤੇ ਜੀਵਨ ਸੰਭਵ ਹੈ ਇਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਿੱਖਿਆ ਇੱਕ ਯੋਗ ਸਾਧਨ ਹੈ। ਪ੍ਰਿਥਵੀ ‘ਤੇ ਖਣਿਜ ਪਦਾਰਥਾਂ ਦੀ ਯੋਗ ਵਰਤੋਂ ਕਰਨਾ, ਨਵੇਂ ਰੁੱਖ ਲਗਾਉਣਾ, ਰੁੱਖਾਂ ਦੀ ਕਟਾਈ ਨੂੰ ਰੋਕਣਾ, ਜੰਗਲੀ ਜੀਵਾਂ ਦੀ ਰੱਖਿਆ ਕਰਨਾ ਆਦਿ ਵਿਸ਼ੇ ਪੜ੍ਹਾਉਣ ਨਾਲ਼ ਕੁਦਰਤੀ ਆਫਤਾਂ ਤੋਂ ਕੁੱਝ ਬਚਿਆ ਜਾ ਸਕਦਾ ਹੈ। ਸਾਫ਼ ‘ਤੇ ਸ਼ੁੱਧ ਵਾਤਾਵਰਣ ਹੋਵੇਗਾ ਤਾਂ ਬੀਮਾਰੀਆਂ ਦੀ ਰੋਕਥਾਮ ਵੀ ਹੋਵੇਗੀ।
ਅਸੀਂ ਬੱਚਿਆਂ ਨੂੰ ਵਾਤਾਵਰਣ ਸਾਫ਼-ਸੁਥਰਾ ਰੱਖਣ ਲਈ ਦਰੱਖਤਾਂ ਦੀ ਕਟਾਈ ਨੂੰ ਰੋਕਣ ਲਈ ਚਲਾਈ ਗਈ ਮੁਹਿੰਮਾਂ ਬਾਰੇ ਵੀ ਦੱਸ ਸਕਦੇ ਹਾਂ ਜਿਵੇਂ ‘ਚਿਪਕੋ ਅੰਦੋਲਨ’। ਇਹ ਅੰਦੋਲਨ ਉਤਰਾਖੰਡ ਚਮੇਲੀ ਜਿਲ੍ਹੇ ਦੇ ਪਿੰਡ ਮੰਡੇਲ ਤੋਂ 27 ਮਾਰਚ,1973 ਨੂੰ ਸ਼ੁਰੂ ਹੋਇਆ ਸੀ। ਹਿੰਦੀ ਭਾਸ਼ਾ ਦੇ ਸ਼ਬਦ ਚਿਪਕੋ ਤੋਂ ਭਾਵ ‘ਚਿੰਬੜ’ ਜਾਣਾ ਹੈ। ਉਸ ਸਮੇਂ ਸਰਕਾਰ ਨੇ ਇਲਾਹਾਬਾਦ ਦੀ ਇੱਕ ਕੰਪਨੀ ਨੂੰ ਰੁੱਖ ਦੀ ਕਟਾਈ ਦਾ ਠੇਕਾ ਦੇ ਦਿੱਤਾ ਸੀ। ਜਦੋਂ ਰੁੱਖਾਂ ਦੀ ਕਟਾਈ ਲਈ ਮਜ਼ਦੂਰ ਆਏ ਤਾਂ ਲੋਕ ਦਰੱਖਤਾਂ ਨੂੰ ਕੱਟਣ ਤੋਂ ਰੋਕਣ ਲਈ ਓਹਨਾ ਨਾਲ਼ ਚਿੰਬੜ ਗਏ ਅਤੇ ਦਰੱਖਤਾਂ ਦੀ ਕਟਾਈ ਰੁਕਵਾ ਦਿੱਤੀ। ਇਹ ਇੱਕ ਅਗਾਂਹਵਧੂ ਅਤੇ ਸ਼ਲਾਘਾਯੋਗ ਕਦਮ ਸੀ, ਜੋ ਕੇ ਓਥੋਂ ਦੇ ਵਸਨੀਕਾਂ ਵੱਲੋਂ ਚੁੱਕਿਆ ਗਿਆ।
ਪੰਜਾਬ ਸਰਕਾਰ ਦੁਆਰਾ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ(2019) ‘ਤੇ ਹਰ ਇੱਕ ਪਿੰਡ ਨੂੰ 550 ਬੂਟੇ ਮੁਫ਼ਤ ਦਿੱਤੇ ਗਏ ਸਨ। ਇਹ ਪੰਜਾਬ ਸਰਕਾਰ ਵਾਤਾਵਰਣ ਨੂੰ ਹਰਾ-ਭਰਾ ਬਨਾਉਣ ਲਈ ਬਹੁਤ ਵਧੀਆ ‘ਤੇ ਸ਼ਲਾਘਾਯੋਗ ਕਦਮ ਸੀ। ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਮਨਾਇਆ ਜਾਂਦਾ ਹੈ। ਆਧਿਆਪਕਾਂ ਨੂੰ ਬੱਚਿਆਂ ਨਾਲ਼ ਮਿਲ਼ ਕੇ ਇਸ ਦਿਨ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਦੀ ਸਹੁੰ ਖਾਣੀ ਚਾਹੀਦੀ ਹੈ। ਵਾਤਾਵਰਣ ਸੁਰੱਖਿਆ ਨਾਲ਼ ਸੰਬੰਧਿਤ ਨਾਅਰੇ ਵੀ ਬੱਚਿਆਂ ਤੋਂ ਬੁਲਵਾਏ ਜਾ ਸਕਦੇ ਹਨ ਅਤੇ ਦੀਵਾਰਾਂ ‘ਤੇ ਲਿਖੇ ਜਾ ਸਕਦੇ ਹਨ। ਜਿਵੇਂ ‘ਰੁੱਖਾਂ ਬਿਨਾਂ ਨਾ ਸੋਹਂਦੀ ਧਰਤੀ’, ‘ਹਰ ਮਨੁੱਖ ਲਾਵੇ ਇੱਕ ਰੁੱਖ’
ਵਾਤਾਵਰਣਿਕ ਸੰਕਟ ਨੂੰ ਸਿੱਖਿਆ ਦੇ ਮਾਧਿਅਮ ਦੁਆਰਾ ਘੱਟ ਕਰਨ ਦੇ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ, ਮੌਕੇ ਦੀਆਂ ਸਰਕਾਰਾਂ, ਸਥਾਨਿਕ ਸਮਾਜਿਕ ਸੰਸਥਾਵਾਂ ਦੁਆਰਾ ਵਾਤਾਵਰਣ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਨਿਰੰਤਰ ਪੌਦੇ ਲਗਾਕੇ ਜਾਗਰੂਕਤਾ ਲਿਆਂਦੀ ਜਾ ਰਹੀ ਹੈ ਅਤੇ ਲੋਕਾਂ ਵਿੱਚ ਵੱਡੇ ਪੱਧਰ ‘ਤੇ ਜਾਗਰੂਕਤਾ ਆ ਵੀ ਰਹੀ ਹੈ।ਮੇਜਰ ਸਿੰਘਮੋਬਾਇਲ ਨੰਬਰ 9781609955,ਸਰਕਾਰੀ ਐਲੀਮੈਂਟਰੀ ਸਕੂਲ ਨੰਬਰ 1,ਬਲਾਕ ਰਾਜਪੁਰਾ, ਪਟਿਆਲਾ,ਪੰਜਾਬ।


Scroll to Top