
ਅੱਜ ਮਿਤੀ 09-07-2024 ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸ੍ਰੀਮਤੀ ਲਲਿਤਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸ੍ਰੀ ਮਨੋਜ ਕੁਮਾਰ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਪੰਜ ਬਲਾਕਾਂ ਦੇ ਬੀ.ਪੀ.ਈ.ਓ ਅਤੇ ਸੀ.ਐਚ.ਟੀ ਸਾਹਿਬਾਨ ਨਾਲ ਨਵੇਂ ਦਾਖ਼ਲੇ ਵਿੱਚ ਵਾਧੇ ਅਤੇ ਮਿਸ਼ਨ ਸਮਰੱਥ ਨੂੰ ਸਫਲ ਬਣਾਉਣ ਲਈ ਮੀਟਿੰਗ ਕੀਤੀ ਗਈ। ਇਸ ਦੌਰਾਨ ਬਲਾਕ ਮਾਂਗਟ-1, ਮਾਂਗਟ-2, ਮਾਂਗਟ-3, ਲੁਧਿਆਣਾ-1 ਅਤੇ ਲੁਧਿਆਣਾ-2, ਜਗਰਾਉਂ, ਸੁਧਾਰ, ਰਾਏਕੋਟ ਅਤੇ ਦੋਰਾਹਾ ਦੇ ਬੀ.ਪੀ.ਈ.ਓ ਅਤੇ ਸੀ.ਐਚ.ਟੀ ਹਾਜ਼ਰ ਹੋਏ। ਡੀ.ਈ.ਓ ਸਾਹਿਬਾਨ ਨੇ ਦਾਖ਼ਲਾ ਵਧਾਉਣ ਲਈ ਸਕੂਲ ਪੱਧਰ ਤੱਕ ਦਾ ਡਾਟਾ ਸਬੰਧਿਤ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਘੋਖਿਆ ਗਿਆ।ਡੀ.ਈ.ਓ ਸ੍ਰੀਮਤੀ ਲਲਿਤਾ ਅਰੋੜਾ ਨੇ ਦੱਸਿਆ ਕਿ ਲੁਧਿਆਣਾ ਦਾਖ਼ਲੇ ਵਿੱਚ ਪੰਜਾਬ ਭਰ ਵਿੱਚ ਨੰਬਰ ਇੱਕ ਤੇ ਹੈ। ਉਨਾਂ ਦੱਸਿਆ ਕਿ ਪਿਛਲੇ ਸੈਸ਼ਨ ਦੌਰਾਨ ਲੁਧਿਆਣਾ ਦੇ ਪ੍ਰਾਇਮਰੀ ਸਕੂਲਾਂ ਵਿੱਚ 173677 ਵਿਦਿਆਰਥੀ ਪੜ੍ਹ ਰਹੇ ਸਨ। ਇਸ ਸੈਸ਼ਨ ਦੌਰਾਨ ਹੁਣ ਤੱਕ 177914 ਬੱਚੇ ਦਾਖ਼ਲ ਹੋ ਚੁੱਕੇ ਹਨ। ਹੁਣ ਤੱਕ 4237 ਬੱਚਿਆਂ ਦਾ ਵਾਧਾ ਹੋ ਚੁੱਕਿਆ ਹੈ। ਉਨਾਂ ਅਧਿਕਾਰੀਆਂ ਨੂੰ ਘਰ-ਘਰ ਪਹੁੰਚ ਕਰਨ ਅਤੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਅਤੇ ਗੁਣਵੱਤਾ ਭਰਭੂਰ ਸਿੱਖਿਆ ਬਾਰੇ ਦੱਸਦੇ ਹੋਏ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ।ਡੀ.ਈ.ਓ ਮੈਡਮ ਨੇ ਦੱਸਿਆ ਕਿ ਜ਼ਿਲੇ ਵਿੱਚ ਮਿਸ਼ਨ ਸਮਰੱਥ ਵਧੀਆ ਢੰਗ ਨਾਲ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਬੱਚਿਆਂ ਨੂੰ ਪੱਧਰ ਅਨੁਸਾਰ ਸਿੱਖਿਆ ਦੇਣ ਦਾ ਬਹੁਤ ਲਾਭ ਹੋਇਆ ਹੈ। ਇਸ ਪ੍ਰਾਜੈਕਟ ਨਾਲ ਬੱਚੇ ਬਹੁਤ ਤੇਜੀ ਨਾਲ ਅਤੇ ਪ੍ਰਪੱਕਤਾ ਨਾਲ ਸਿੱਖਿਆ ਲੈ ਰਹੇ ਹਨ।