*ਮੁੱਖ ਮੰਤਰੀ ਪੰਜਾਬ ਵਲੋਂ ਸਾਂਝਾ ਫਰੰਟ ਨਾਲ ਮੀਟਿੰਗ ਕਰਨ ਤੋਂ ਵਾਰ -ਵਾਰ ਭੱਜਣ ਦੇ ਰੋਸ ਵਜੋਂ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ : ਆਗੂ ਸਾਂਝਾ ਫਰੰਟ ਫ਼ਗਵਾੜਾ** ‌

*ਮੁੱਖ ਮੰਤਰੀ ਪੰਜਾਬ ਵਲੋਂ ਸਾਂਝਾ ਫਰੰਟ ਨਾਲ ਮੀਟਿੰਗ ਕਰਨ ਤੋਂ ਵਾਰ -ਵਾਰ ਭੱਜਣ ਦੇ ਰੋਸ ਵਜੋਂ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ : ਆਗੂ ਸਾਂਝਾ ਫਰੰਟ ਫ਼ਗਵਾੜਾ** ‌ **ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ 10 ਅਗੱਸਤ ਨੂੰ ਹੋਵੇਗਾ ਅਗਲੇ ਤਿੱਖੇ ਸੰਘਰਸ਼ ਦਾ ਐਲਾਨ** **ਮੁੱਖ ਮੰਤਰੀ ਪੰਜਾਬ ਸੁਤੰਤਰਤਾ ਦਿਵਸ ‘ਤੇ ਮੰਗਾਂ ਮੰਨਣ ਅਤੇ ਲਾਗੂ ਕਰਨ ਦਾ ਕਰਨ ਐਲਾਨ** ਫ਼ਗਵਾੜਾ:07 ਅਗੱਸਤ( ) ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਵਲੋਂ ਸਾਂਝਾ ਫਰੰਟ ਪੰਜਾਬ ਨਾਲ ਮੀਟਿੰਗ ਕਰਨ ਦੇ ਦਿੱਤੇ ਭਰੋਸੇ ਨੂੰ ਤਾਰ-ਤਾਰ ਕਰਦੇ ਹੋਏ ਵਾਰ ਵਾਰ ਮੀਟਿੰਗ ਕਰਨ ਤੋਂ ਭਗੌੜੇ ਹੋਣ ਕਾਰਨ ਗੁੱਸੇ ਅਤੇ ਰੋਹ ਵਿੱਚ ਆਏ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਅੱਜ ਫ਼ਗਵਾੜਾ ਵਿਖੇ ਸਾਂਝਾ ਫਰੰਟ ਫ਼ਗਵਾੜਾ ਵਲੋਂ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ, ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ‘ਤੇ ਸਾਂਝਾ ਫਰੰਟ ਫ਼ਗਵਾੜਾ ਦੇ ਆਗੂਆਂ ਗਿਆਨ ਚੰਦ ਨਈਅਰ, ਕਰਨੈਲ ਸਿੰਘ ਸੰਧੂ, ਪਰਮਿੰਦਰ ਪਾਲ ਸਿੰਘ , ਜਸਵੀਰ ਸਿੰਘ ਸੈਣੀ, ਸਤਵੰਤ ਟੂਰਾ, ਜਸਵੀਰ ਭੰਗੂ, ਬਲਵਿੰਦਰ ਕੁਮਾਰ, ਹੰਸ ਰਾਜ ਬੰਗੜ, ਨਿਰਮੋਲਕ ਸਿੰਘ ਹੀਰਾ, ਗੁਰਮੁਖ ਲੋਕ ਪ੍ਰੇਮੀ,ਕੁਲਦੀਪ ਸਿੰਘ ਕੌੜਾ ਆਦਿ ਨੇ ਆਖਿਆ ਕਿ ਮੁੱਖ ਮੰਤਰੀ ਵੱਲੋਂ ਪਹਿਲਾਂ 25 ਜੁਲਾਈ ਤੇ ਹੁਣ 02 ਅਗਸਤ ਦੀ ਮੀਟਿੰਗ ਮੁਲਤਵੀ ਕਰਕੇ ਪੰਜਾਬ ਦੇ 7 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵੱਡਾ ਧੋਖਾ ਕੀਤਾ ਹੈ,ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਅੰਦਰ ਵਿਆਪਕ ਰੋਸ ਹੈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਆਗੂਆਂ ਨੇ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਜੇ ਅਤਿ ਜ਼ਰੂਰੀ ਰੁਝੇਵਿਆਂ ਕਾਰਨ ਮੁੱਖ ਮੰਤਰੀ ਸਾਹਿਬ ਪੰਜਾਬ ਕੋਲ ਜਥੇਬੰਦੀਆਂ ਨਾਲ ਮੀਟਿੰਗ ਕਰਨ ਦਾ ਸਮਾਂ ਨਹੀਂ ਹੈ ਤਾਂ ਮੁੱਖ ਮੰਤਰੀ ਪੰਜਾਬ 15 ਅਗੱਸਤ ਨੂੰ ਸੁਤੰਤਰਤਾ ਦਿਵਸ ਵਾਲੇ ਦਿਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਨੂੰ ਮੰਨਣ ਅਤੇ ਤੁਰੰਤ ਲਾਗੂ ਕਰਨ ਦਾ ਐਲਾਨ ਕਰਨ। ਆਗੂਆਂ ਨੇ ਆਖਿਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਵਲੋਂ ਬਣਾਈ ਕੈਬਨਿਟ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਦੀ ਬਣਾਈ ਉੱਚ ਪੱਧਰੀ ਕਮੇਟੀ ਨਾਲ ਮੀਟਿੰਗਾਂ ਵਿੱਚ ਮੰਗਾਂ ਸਬੰਧੀ ਬਹੁਤ ਵਾਰ ਵਿਚਾਰ ਚਰਚਾ ਕੀਤੀ ਜਾ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਹੁਣ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਪਹਿਲਾਂ 25 ਜੁਲਾਈ ਦੀ ਤੇ ਹੁਣ 02 ਅਗਸਤ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਇਹ ਮੀਟਿੰਗ 22 ਅਗਸਤ ਤੇ ਪਾ ਦਿੱਤੀ ਗਈ ਹੈ। ਇਸ ਤੋਂ ਇਹ ਜਾਪਦਾ ਹੈ ਕਿ ਪੰਜਾਬ ਸਰਕਾਰ ਲਗਾਤਾਰ ਡੰਗ ਟਪਾਊ ਦੀ ਨੀਤੀ ਤੇ ਚਲਦੀ ਹੋਈ ਚੋਣ ਜਾਬਤੇ ਦੀ ਉਡੀਕ ਵਿੱਚ ਹੀ ਹੈ ਅਤੇ ਇਥੋਂ ਇਹ ਵੀ ਜਾਪਦਾ ਹੈ ਕਿ ਸਰਕਾਰ ਪਾਸ ਸਾਡੀਆਂ ਮੰਗਾਂ ਪ੍ਰਤੀ ਸਾਡੀਆਂ ਦਲੀਲਾਂ ਦਾ ਕੋਈ ਜਵਾਬ ਨਹੀਂ ਹੈ। ਜਿਸ ਕਰਕੇ ਸਰਕਾਰ ਮੀਟਿੰਗਾਂ ਤੋਂ ਭੱਜਦੀ ਹੈ। ਇਸ ਦੇ ਰੋਸ ਅਤੇ ਗੁੱਸੇ ਦਾ ਪ੍ਰਦਰਸ਼ਨ ਕਰਨ ਲਈ ਸਾਂਝਾ ਫਰੰਟ ਵਲੋਂ ਕੀਤੇ ਗਏ ਐਲਾਨ ਅਨੁਸਾਰ ਅੱਜ ਫ਼ਗਵਾੜਾ ਸਾਂਝਾ ਫਰੰਟ ਵਲੋਂ ਪੰਜਾਬ ਸਰਕਾਰ ਦੀ ਅਰਥੀ/ਲਾਰਿਆਂ ਦੀ ਪੰਡ ਫੂਕ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਸਾਂਝਾ ਫਰੰਟ ਪੰਜਾਬ ਦੀ 10 ਅਗਸਤ ਨੂੰ ਪੈਨਸ਼ਨਰ ਇਨਫੋਰਮੇਸ਼ਨ ਸੈਂਟਰ (ਪੈਨਸ਼ਨ ਭਵਨ) ਲੁਧਿਆਣਾ ਵਿਖੇ ਹੋ ਰਹੀ ਮੀਟਿੰਗ ਵਿੱਚ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਸਾਂਝਾ ਫਰੰਟ ਦੇ ਆਗੂਆਂ ਨੇ ਆਖਿਆ ਕਿ ਪੰਜਾਬ ਦੇ ਮੁਲਾਜ਼ਮਾਂ/ ਪੈਨਸ਼ਨਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਬਿਲਕੁਲ ਵੀ ਗੰਭੀਰ ਨਹੀਂ ਹੈ ਅਤੇ ਇਹ ਸਰਕਾਰ ਲਾਰਾ ਲੱਪਾ ਲਗਾ ਕੇ ਡੰਗ ਟਪਾਈ ਹੀ ਕਰ ਰਹੀ ਹੈ। ਆਗੂਆਂ ਆਖਿਆ ਕਿ ਇਹ ਪਹਿਲੀ ਵਾਰ ਹੈ ਕਿ ਇਸ ਸਰਕਾਰ ਵਲੋਂ ਜੋ ਕਾਨੂੰਨ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਇਆ ਗਿਆ ਹੈ ਉਹ ਅੱਤ ਦਾ ਘਾਤਕ ਹੈ ਕਿਉਂਕਿ ਇਸ ਪੋਲਸੀ ਰਾਹੀਂ ਪੱਕੇ ਹੋਣ ਵਾਲੇ ਮੁਲਾਜ਼ਮ ਦੀਆਂ ਤਨਖਾਹਾਂ ਵਿੱਚ ਹੀ ਮਮੂਲੀ ਵਾਧਾ ਹੋਵੇਗਾ ਇਹਨਾਂ ਨੂੰ ਹੋਰ ਕੋਈ ਪੱਕਿਆਂ ਵਾਲੀ ਰਾਹਤ ਨਹੀਂ ਮਿਲੇਗੀ ਅਤੇ ਇਸ ਪਾਲਸੀ ਨੇ ਦਰਜਾ ਚਾਰ ਦੇ ਉੱਤੇ ਵਾਧੂ ਦੀਆਂ ਸ਼ਰਤਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਆਊਟਸੋਰਸ , ਇਨਲਿਸਟਮੈਂਟ ਅਤੇ ਕੇਂਦਰੀ ਸਕੀਮਾਂ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਬਾਹਰ ਰੱਖ ਦਿੱਤਾ ਹੈ , ਮਿਡ ਡੇ ਮੀਲ ਕੁਕ ਵਰਕਰਾਂ, ਆਸ਼ਾ ਵਰਕਰਾਂ ਅਤੇ ਆਗਣਵਾੜੀ ਵਰਕਰਾਂ /ਹੈਲਪਰਾਂ ਦੇ ਭਤੇ ਦੁਗਣੇ ਕਰਨ ਤੋਂ ਸਰਕਾਰ ਆਪਣੇ ਵਾਅਦੇ ਤੋਂ ਭੱਜ ਗਈ ਹੈ , ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਬਜਾਏ ਉਸ ਨੂੰ ਕੇਂਦਰ ਸਰਕਾਰ ਨਾਲ ਜਬਰੀ ਬੰਨਿਆ ਜਾ ਰਿਹਾ ਹੈ, ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਦੇ ਬਾਵਜੂਦ ਪੈਨਸ਼ਨਰਾਂ ਦੀ ਪੈਨਸ਼ਨ ਦੁਹਰਾਈ 2.59 ਗਣਾਕ ਨਾਲ ਕਰਨ ਤੋਂ ਵੀ ਸਰਕਾਰ ਪਿੱਛੇ ਹਟ ਰਹੀ ਹੈ, ਮੁਲਾਜ਼ਮ / ਪੈਨਸ਼ਨਰ ਤਨਖਾਹ ਕਮਿਸ਼ਨ ਅਤੇ ਮਹਿੰਗਾਈ ਭਤੇ ਦੇ ਬਕਾਏ ਉਡੀਕਦੇ – ਉਡੀਕਦੇ ਇਸ ਜਹਾਨ ਤੋਂ ਤੁਰਦੇ ਜਾ ਰਹੇ ਹਨ , ਤਨਖਾਹ ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਨੀਆਂ ਤਾਂ ਦੂਰ ਦੀ ਗੱਲ ਤਨਖਾਹ ਕਮਿਸ਼ਨ ਦਾ ਦੂਜਾ ਹਿੱਸਾ ਠੰਡੇ ਵਸਤੇ ਵਿੱਚ ਪਾਇਆ ਹੋਇਆ ਹੈ ਜਿਸ ਕਰਕੇ ਮੁਲਾਜ਼ਮ ਏਸੀਪੀ ਦੇ ਲਾਭ ਤੋਂ ਵੀ ਵਾਂਝੇ ਹੋਏ ਬੈਠੇ ਹਨ, ਮਹਿਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਜੋ 12 ਪ੍ਰਤੀਸ਼ਤ ਬਣਦੀਆਂ ਹਨ ਉਹ ਨਾ ਦੇ ਕੇ ਮਹਿਗਾਈ ਭੱਤੇ ਨੂੰ ਕੇਂਦਰ ਨਾਲੋਂ ਡੀ ਲਿੰਕ ਕੀਤਾ ਜਾ ਰਿਹਾ ਹੈ, ਪੇਂਡੂ ਭੱਤਾ , ਫਿਕਸ ਸਫਰੀ ਭੱਤਾ ਅਤੇ ਤੇਲ ਭਤੇ ਸਮੇਤ ਵੱਖ – ਵੱਖ ਮੁਲਾਜ਼ਮਾਂ ਨੂੰ ਮਿਲਣ ਵਾਲੇ ਵੱਖ-ਵੱਖ ਤਰਾਂ ਦੇ ਹੋਰ ਭਤੇ ਸੋਧਣ ਦੇ ਨਾਂ ਤੇ ਬੰਦ ਕਰਕੇ ਰੱਖ ਦਿੱਤੇ ਹਨ ਅਤੇ ਇਹ ਸਰਕਾਰ ਉਹਨਾਂ ਨੂੰ ਮੁੜ ਚਾਲੂ ਕਰਨ ਵਾਸਤੇ ਤਿਆਰ ਨਹੀਂ , ਪ੍ਰਵੇਸ਼ਨਲ ਪੀਰੀਅਡ ਦੌਰਾਨ ਤਿੰਨ ਸਾਲ ਮੁਢਲੀ ਤਨਖਾਹ ਦੇ ਕੇ ਮੁਲਾਜ਼ਮਾਂ ਦਾ ਸ਼ੋਸ਼ਣ ਲਗਾਤਾਰ ਜਾਰੀ ਹੈ , ਪੰਜਾਬ ਅੰਦਰ 16 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਜਬਰੀ ਕੇਂਦਰੀ ਤਨਖਾਹ ਸਕੇਲ ਥੋਪੇ ਜਾ ਰਹੇ ਹਨ , ਕੁਝ ਦੇਣ ਦੀ ਥਾਂ ਉਲਟਾ 200/- ਰੁਪਏ ਪ੍ਰਤੀ ਮਹੀਨਾ ਮੁਲਾਜ਼ਮਾ / ਪੈਨਸ਼ਨਰਾਂ ਤੋਂ ਜਜੀਆ ਵਸੂਲਿਆ ਜਾ ਰਿਹਾ ਹੈ । ਆਗੂਆਂ ਆਖਿਆ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ / ਪੈਨਸ਼ਨਰ ਪ੍ਰਤੀ ਮਾੜੀਆਂ ਨੀਤੀਆਂ ਦੇ ਖਿਲਾਫ ਇਸ ਵਰਗ ਅੰਦਰ ਵਿਆਪਕ ਰੋਸ ਹੈ ਜਿਸ ਦਾ ਪ੍ਰਗਟਾਵਾ ਉਹ ਆਣ ਵਾਲੇ ਸੰਘਰਸ਼ਾਂ ਵਿੱਚ ਕਰਨਗੇ।ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਮੋਦ ਕੁਮਾਰ ਜੋਸ਼ੀ, ਸੀਤਲ ਰਾਮ ਬੰਗਾ,ਰਤਨ ਸਿੰਘ,ਰਤਨ ਸਿੰਘ ਖਲਵਾੜਾ,ਗੌਰਵ ਰਾਠੌਰ, ਭੁਪਿੰਦਰ ਸਿੰਘ ਮਾਹੀ, ਹਰਬਲਾਸ ਬਾਲੂ, ਪਿਆਰਾ ਰਾਮ ਪਲਾਹੀ, ਗੁਰਨਾਮ ਸਿੰਘ ਸੈਣੀ, ਹਰਭਜਨ ਲਾਲ, ਤਰਲੋਕ ਸਿੰਘ, ਰਵਿੰਦਰ ਸਿੰਘ, ਸ਼੍ਰੀ ਰਾਮ,ਰਾਮ ਪਾਲ, ਕੁਲਵਿੰਦਰ ਰਾਏ, ਗਿਆਨ ਚੰਦ,ਜਤਿੰਦਰ ਕੁਮਾਰ,ਸੀਤਲ ਲੋਈ, ਗੁਰਮੇਲ ਚੰਦ,ਭਾਗ ਮਲ,ਲਛਕਰ ਸਿੰਘ ਢੰਡਵਾੜ, ਦਲਜੀਤ ਸਿੰਘ, ਪ੍ਰੇਮ ਖਲਵਾੜਾ,ਰਵਿੰਦਰ ਬੰਗਾ, ਪ੍ਰਵੀਨ ਕੁਮਾਰੀ, ਸਰਬਜੀਤ ਕੁਮਾਰ, ਪੰਕਜ਼ ਸ਼ਰਮਾ,ਹਰਚਰਨ ਭਾਰਤੀ,ਹੰਸ ਰਾਜ ਭੱਟੀ, ਬਲਬੀਰ ਚੰਦ ਆਦਿ ਸਾਥੀ ਹਾਜ਼ਰ ਹੋਏ।

Scroll to Top