ਮੁੱਖੀਆਂ ਨੂੰ ਨੋਟਿਸ ਕੱਢਣ ਦੀ ਬਜਾਏ ਅਧਿਆਪਕਾਂ ਨੂੰ ਪੜਾਉਣ ਦਿੱਤਾ ਜਾਵੇ, *ਦਾਖਲਾ ਵਧਾਉਣ ਲਈ ਨੀਤੀਆਂ ਅਧਿਆਪਕ ਤੇ ਵਿਦਿਆਰਥੀ ਪੱਖੀ ਬਣਾਈਆਂ ਜਾਣ*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ )

ਮੁੱਖੀਆਂ ਨੂੰ ਨੋਟਿਸ ਕੱਢਣ ਦੀ ਬਜਾਏ ਅਧਿਆਪਕਾਂ ਨੂੰ ਪੜਾਉਣ ਦਿੱਤਾ ਜਾਵੇ, *ਦਾਖਲਾ ਵਧਾਉਣ ਲਈ ਨੀਤੀਆਂ ਅਧਿਆਪਕ ਤੇ ਵਿਦਿਆਰਥੀ ਪੱਖੀ ਬਣਾਈਆਂ ਜਾਣ*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ ) ਵੱਲੋਂ ਮੀਟਿੰਗ ਕਰਨ ਉਪਰੰਤ ਪ੍ਰੈਸ ਰਿਲੀਜ਼ ਰਾਹੀਂ ਕਿਹਾ ਕਿ ਫ਼ਿਰੋਜ਼ਪੁਰ ਦੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਵੱਲੋਂ ਜ਼ਿਲੇ ਦੇ 37 ਪ੍ਰਿੰਸੀਪਲਾਂ, ਮੁੱਖ-ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨੂੰ ਕੱਢੇ ਕਾਰਨ ਦੱਸੋ ਨੋਟਿਸ ਦਾ ਵਿਰੋਧ ਕਰਦਿਆਂ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ, ਜਰਨਲ ਸਕੱਤਰ ਸੁਰਿੰਦਰ ਕੰਬੋਜ, ਵਿੱਤ ਸਕੱਤਰ ਸੋਮ ਸਿੰਘ, ਸੂਬਾ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਕਿਹਾ ਕਿ ਪ੍ਰਿੰਸੀਪਲ, ਮੁੱਖ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਪਰੇਸ਼ਾਨ ਕਰਨ ਦੀ ਬਜਾਏ ਆਪਣੀਆਂ ਨੀਤੀਆਂ ਨੂੰ ਸਹੀ ਕਰੇ। ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਮੁਹਿੰਮ ਦਸੰਬਰ ਮਹੀਨੇ ਤੋਂ ਸ਼ੁਰੂ ਹੋ ਗਈ, ਪਰ ਸਰਕਾਰੀ ਅਧਿਆਪਕਾਂ ਨੂੰ ਦਾਖਲੇ ਕਰਨ ਦੀ ਬਜਾਏ ਗ਼ੈਰ ਵਿੱਦਿਅਕ ਕਾਰਜ /ਬੀ ਐਲ ਓ ਡਿਊਟੀ, ਸੈਮੀਨਾਰਾਂ, ਮਿਸ਼ਨ ਸਮਰੱਥ ਵਿੱਚ ਹੀ ਉਲ਼ਝਾਈ ਰੱਖਿਆ ਹੈ ਅਤੇ ਫੇਰ ਲੋਕ-ਸਭਾ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਰੁੱਝੇ ਰਹੇ। ਇਹਨਾਂ ਸਭ ਡਿਊਟੀਆਂ ਦੇ ਬਾਵਜੂਦ ਵੀ ਅਧਿਆਪਕਾਂ ਵੱਲੋਂ ਆਪਣੇ ਸਕੂਲਾਂ ਦਾ ਦਾਖਲਾ ਵਧਾਉਣ ਲਈ ਪੂਰੀ ਮਿਹਨਤ ਕੀਤੀ ਗਈ। ਜੁਲਾਈ ਮਹੀਨੇ ਵਿਚ ਡੀਈਓ ਫਿਰੋਜਪੁਰ ਦਾਖਲੇ ਨੂੰ ਵਧਾਉਣ ਲਈ ਕਾਰਣ ਦੱਸੋ ਨੋਟਿਸ ਕੱਢ ਰਹੇ ਹਨ। ਇਸ ਸਮੇਂ ਦਾਖਲੇ ਨੂੰ ਵਧਾਇਆ ਨਹੀਂ ਜਾ ਸਕਦਾ ਕਿਉਂਕਿ ਸਾਰੇ ਬੱਚੇ ਵੱਖ-ਵੱਖ ਸਕੂਲਾਂ ਵਿੱਚ ਦਾਖਲ ਹੋ ਚੁੱਕੇ ਹਨ।ਸਰਕਾਰੀ ਸਕੂਲਾਂ ਵਿੱਚ ਦਾਖਲਾ ਘਟਣ ਦਾ ਇੱਕ ਕਾਰਨ ਜਿੱਥੇ ਪੰਜਾਬ ਦੀ ਘੱਟ ਰਹੀ ਆਬਾਦੀ ਹੈ, ਉੱਥੇ ਸਰਕਾਰੀ ਸਕੂਲਾਂ ਵਿੱਚ ਸਾਰੀਆਂ ਪੋਸਟਾਂ ਦਾ ਨਾ ਭਰਿਆ ਹੋਣਾ ਵੀ ਜਰੂਰੀ ਕਾਰਨ ਹੈ ।ਜ਼ਿਲਾ ਸਿੱਖਿਆ ਅਫਸਰ ਫਿਰੋਜ਼ਪੁਰ ਅਤੇ ਸਿੱਖਿਆ ਵਿਭਾਗ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਸਕੂਲਾਂ ਵਿੱਚ ਇਸ ਸਮੇਂ ਅਧਿਆਪਕ ਬੱਚਿਆਂ ਨਾਲ ਪੜਾਈ ਵਿਚ ਰੁੱਝੇ ਪਏ ਹਨ। ਇਹ ਸਮਾਂ ਦਾਖਲੇ ਦਾ ਨਹੀਂ ਸਗੋਂ ਸਿਲੇਬਸ ਪੂਰਾ ਸ਼ਕਰਵਾਉਣ ਲਈ ਬੱਚਿਆਂ ਨੂੰ ਪੜ੍ਹਾਉਣ ਦਾ ਹੈ। ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਦਾ ਵੀ ਦਾਖਲਾ ਘਟਾਉਣ ਵਿੱਚ ਅਹਿਮ ਰੋਲ ਹੈ। ਜਿੱਥੇ ਮਿਡਲ ਸਕੂਲਾਂ ਵਿਚ ਸੱਤ ਪੋਸਟਾਂ ਸਨ, ਉਨ੍ਹਾਂ ਨੂੰ ਭਰਨ ਦੀ ਬਜਾਏ ਚਾਰ ਪੋਸਟਾਂ ਕਰ ਦਿੱਤੀਆਂ ਹਨ, ਪ੍ਰੀ-ਪ੍ਰਾਇਮਰੀ ਤਹਿਤ ਸਕੂਲਾਂ ਵਿਚ ਤਿੰਨ ਜਮਾਤਾਂ ਵਧਾ ਦਿੱਤੀਆਂ ਗਈਆਂ ਪਰ ਅਧਿਆਪਕਾਂ ਦੀਆਂ ਪੋਸਟਾਂ ਵਿਚ ਵਾਧਾ ਨਹੀ ਕੀਤਾ ਗਿਆ। ਗੈਰ-ਵਿਦਿਅਕ ਕਾਰਜ/ਬੀਐਲਓ ਵਰਗੀਆਂ ਸਾਰਾ ਸਾਲ ਚੱਲਣ ਵਾਲੀਆਂ ਡਿਊਟੀਆਂ ਅਤੇ ਸਿਵਲ ਵਰਕਸ ਕਾਰਜ ਦੇ ਨਾਲ ਨਾਲ ਅਧਿਆਪਕ ਹੋਰ ਵੀ ਬਹੁਤ ਸਾਰੀਆਂ ਡਿਊਟੀਆਂ ਨਿਭਾ ਰਹੇ ਹਨ। ਇਸ ਸਭ ਦਾ ਪ੍ਰਭਾਵ ਸਕੂਲ ਵਿੱਚੋਂ ਸਿੱਖਿਆ ਦੇ ਮਾਹੌਲ ਨੂੰ ਕਿਤੇ ਨਾ ਕਿਤੇ ਦਰ-ਕਿਨਾਰ ਕਰਦਾ ਹੈ ਜੋ ਕਿ ਦਾਖਲੇ ਘਟਾਉਣ ਲਈ ਜਿੰਮੇਵਾਰ ਹੈ। ਇਸ ਕਰਕੇ ਜਥੇਬੰਦੀ ਮੰਗ ਕਰਦੀ ਹੈ ਕਿ ਅਧਿਆਪਕਾਂ ਨੂੰ ਕਾਰਣ ਦੱਸੋ ਨੋਟਿਸ ਕੱਢਣ ਦੀ ਬਜਾਏ, ਸਕੂਲਾਂ ਦਾ ਵਾਤਾਵਰਣ ਸਿੱਖਿਆ-ਦਾਇਕ ਬਣਾਇਆ ਜਾਵੇ, ਜੇਕਰ ਸਿੱਖਿਆ ਅਧਿਕਾਰੀਆਂ ਦਾਖਲੇ ਦਾ ਫ਼ਿਕਰ ਹੈ ਤਾਂ ਅਧਿਆਪਕਾਂ ਕੋਲੋਂ ਸਿਰਫ ਪੜ੍ਹਨ-ਪੜਾਉਣ ਦਾ ਹੀ ਕੰਮ ਲਿਆ ਜਾਵੇ, ਸਕੂਲਾਂ ਵਿੱਚ ਸਾਰੀਆਂ ਪੋਸਟਾਂ ਰੈਗੂਲਰ ਤੌਰ ‘ਤੇ ਭਰੀਆਂ ਜਾਣ, ਮਿਡਲ ਸਕੂਲਾਂ ਵਿੱਚ ਸੱਤ ਅਧਿਆਪਕਾਂ ਦੀ ਪਹਿਲਾਂ ਵਰਗੀ ਸਥਿਤੀ ਬਹਾਲ ਕੀਤੀ ਜਾਵੇ , ਪ੍ਰਾਇਮਰੀ ਸਕੂਲਾਂ ਵਿੱਚ ਜਮਾਤਵਾਰ ਅਧਿਆਪਕ ਦਿੱਤੇ ਜਾਣ, ਕਿਤਾਬਾਂ ਸਮੇਂ ਸਿਰ ਪਹੁੰਚਾਈਆਂ ਜਾਣ । ਅਧਿਆਪਕਾਂ ਕੋਲੋਂ ਗੈਰ-ਵਿਦਿਅਕ ਕਾਰਜ ਲੈਣੇ ਬੰਦ ਕੀਤੇ ਜਾਣ।

Scroll to Top