ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧੀ ਬੱਜਟ ਦੀਆਂ ਕਾਪੀਆਂ ਸਾੜ ਕੇ ਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧੀ ਬੱਜਟ ਦੀਆਂ ਕਾਪੀਆਂ ਸਾੜ ਕੇ ਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ
ਫ਼ਗਵਾੜਾ:28ਮਾਰਚ ( )
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 24-25 ਮਾਰਚ ਨੂੰ ਬੱਜਟ ਸੈਸ਼ਨ ਦੌਰਾਨ ਮੋਹਾਲੀ ਵਿਖੇ ਲਗਾਤਾਰ ਕੀਤੀਆਂ ਗਈਆਂ ਦੋ ਰੈਲੀਆਂ ਅਤੇ ਵਿਧਾਨ ਸਭਾ ਵੱਲ ਮਾਰਚ ਕਰਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬੱਜਟ 2025-26 ਵਿੱਚ ਪੰਜਾਬ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਹੈ ਜਿਸ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਪੱਲੇ ਘੋਰ ਨਿਰਾਸ਼ਾ ਹੀ ਪਈ ਹੈ। ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਆਗੂਆਂ ਨੇ ਦੂਜੇ ਦਿਨ ਦੀ ਰੈਲੀ ਖ਼ਤਮ ਕਰਦੇ ਹੋਏ ਐਲਾਨ ਕੀਤਾ ਸੀ ਕਿ ਜੇ ਪੰਜਾਬ ਸਰਕਾਰ ਨੇ ਬੱਜਟ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਤਾਂ ਸਮੁੱਚੇ ਪੰਜਾਬ ਵਿੱਚ ਬੱਜਟ 2025-26ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਸਾਂਝਾ ਫਰੰਟ ਦੇ ਉਪਰੋਕਤ ਕੀਤੇ ਐਲਾਨ ਅਨੁਸਾਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਫ਼ਗਵਾੜਾ ਵਲੋਂ ਮੋਹਣ ਸਿੰਘ ਭੱਟੀ, ਰਾਮ ਲੁਭਾਇਆ ਰਿਹਾਣਾ ਜੱਟਾਂ, ਪਰਮਿੰਦਰ ਪਾਲ ਸਿੰਘ,ਹਰਜਿੰਦਰ ਸਿੰਘ ਨਿਆਣਾ, ਹਰਸਿਮਰਨ ਸਿੰਘ ਆਦਿ ਆਗੂਆਂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ 2025-26 ਦੇ ਬੱਜਟ ਦੀਆਂ ਕਾਪੀਆਂ ਨੂੰ ਸਾੜਦੇ ਹੋਏ ਪੰਜਾਬ ਸਰਕਾਰ ਦਾ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪਿੱਟ ਸਿਆਪਾ ਕੀਤਾ। ਇਸ ਮੌਕੇ ‘ਤੇ ਕੁਲਦੀਪ ਸਿੰਘ ਕੌੜਾ, ਗੁਰਮੁਖ ਲੋਕ ਪ੍ਰੇਮੀ, ਪਰਮਿੰਦਰ ਪਾਲ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਕੁਮਾਰ, ਹਰਚਰਨ ਭਾਰਤੀ ਆਦਿ ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਪੰਜਾਬ ਦੇ ਬੱਜਟ ਵਿੱਚ ਇੱਕ ਵਾਰ ਫਿਰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅੱਖੋਂ ਪਰੋਖੇ ਕਰਕੇ ਉਹਨਾਂ ਨਾਲ ਵੱਡਾ ਧੋਖਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਆਸ਼ਾ ਅਤੇ ਮਿੱਡ ਡੇ ਮੀਲ ਵਰਕਰਾਂ ਦੀਆਂ ਤਨਖਾਹਾਂ ਦੁੱਗਣੀਆਂ ਕਰਨ, ਐਨ.ਪੀ.ਐੱਸ. ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਨ, ਪੈਨਸ਼ਨਰਾਂ ਦੀ ਪੈਨਸ਼ਨ 2.59 ਦੇ ਗੁਣਾਂਕ ਨਾਲ ਤਹਿ ਕਰਨ, ਪੇਂਡੂ ਭੱਤੇ ਸਮੇਤ ਕੱਟੇ ਗਏ ਸਾਰੇ ਭੱਤੇ ਮੁੜ ਬਹਾਲ ਕਰਨ,ਡੀ.ਏ. ਨੂੰ ਕੇਂਦਰ ਨਾਲ ਲਿੰਕ ਕਰਕੇ ਰਹਿੰਦੇ ਸਾਰੇ ਬਕਾਇਆਂ ਦਾ ਭੁਗਤਾਨ ਕਰਨ, ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਸਾਰੇ ਬਕਾਏ ਤਿੰਨ ਕਿਸ਼ਤਾਂ ਵਿੱਚ ਅਦਾ ਕਰਨ,17-07-2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨੂੰ ਕੇਂਦਰੀ ਸਕੇਲਾਂ ਦੀ ਬਜਾਏ ਪੰਜਾਬ ਦੇ ਸਕੇਲਾਂ ਨਾਲ ਜੋੜਨ, ਮੁਲਾਜ਼ਮਾਂ ਦੇ ਪਰਖ ਸਮੇਂ ਸਬੰਧੀ 15-01-15 ਦੇ ਪੱਤਰ ਨੂੰ ਰੱਦ ਕਰਕੇ ਪਰਖ ਸਮਾਂ 2 ਸਾਲ ਕਰਨ ਅਤੇ ਵਿਕਾਸ ਕਰ ਦੇ ਨਾਮ ਹੇਠ ਪ੍ਰਤੀ ਮਹੀਨਾ 200 ਰੁਪਏ ਜਜੀਏ ਨੂੰ ਰੱਦ ਕਰਨ ਦੀਆਂ ਚੋਣ ਗਾਰੰਟੀਆਂ ਦਿੱਤੀਆਂ ਗਈਆਂ ਸਨ ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਚੌਥੇ ਬੱਜਟ ਵਿੱਚ ਵੀ ਇਹਨਾਂ ਗਾਰੰਟੀਆਂ ਬਾਰੇ ਪੰਜਾਬ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ। ਜਿਸ ਨਾਲ ਸਮੂਹ ਵਰਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਨਾਂ ਵਿੱਚ ਪੰਜਾਬ ਸਰਕਾਰ ਦੇ ਪ੍ਰਤੀ ਬੇ ਹਿਸਾਬਾ ਗੁੱਸਾ ਉਬਾਲੇ ਖਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਅਤਿ ਗੰਭੀਰਤਾ ਨਾ ਦਿਖਾਈ ਤਾਂ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਹਾਲ ਦਿੱਲੀ ਤੋਂ ਵੀ ਵੱਧ ਬੁਰਾ ਹੋਵੇਗਾ। ਜਿਵੇਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਵੱਧ ਚੜ੍ਹ ਕੇ ਰੋਲ ਨਿਭਾਇਆ ਸੀ ਠੀਕ ਉਸੇ ਤਰ੍ਹਾਂ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਤੋਂ ਰੋਕਣ ਲਈ ਮੁਲਾਜ਼ਮ ਅਤੇ ਪੈਨਸ਼ਨਰਜ਼ ਪੂਰੀ ਪੂਰੀ ਸਰਗਰਮੀ ਨਾਲ ਕੰਮ ਕਰਨਗੇ।ਇਸ ਮੌਕੇ ਤੇ ਕਵੀ ਸੀਤਲ ਰਾਮ ਬੰਗਾ ਨੇ ਇਨਕਲਾਬੀ ਕਵਿਤਾ ਵੀ ਪੇਸ਼ ਕੀਤੀ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ, ਮਲਕੀਅਤ ਸਿੰਘ ਅੱਪਰਾ, ਪ੍ਰੇਮ ਖਲਵਾੜਾ,ਕੇ ਕੇ ਪਾਂਡੇ, ਭੁਪਿੰਦਰ ਸਿੰਘ ਮਾਹੀ,ਰਤਨ ਸਿੰਘ, ਬਲਵੀਰ ਚੰਦ, ਸੀਤਲ ਰਾਮ ਬੰਗਾ, ਸਤਪਾਲ ਸਿੰਘ ਖੱਟਕੜ, ਗੁਰਨਾਮ ਸਿੰਘ ਸੈਣੀ, ਹਰਦੇਵ ਸਿੰਘ, ਹਰਭਜਨ ਲਾਲ ਕੌਲ, ਹਰਸਿਮਰਨ ਸਿੰਘ,ਗੁਰਮੀਤ ਸਿੰਘ, ਗੁਰਬਚਨ ਦਾਸ ਆਦਿ ਜੁਝਾਰੂ ਸਾਥੀ ਹਾਜ਼ਰ ਹੋਏ।

Scroll to Top