
ਮਜ਼ਦੂਰ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਦਫ਼ਤਰ ਤੇ ਛਾਪੇਮਾਰੀ ਦੀ ਨਿਖੇਧੀ
ਪੰਜਾਬ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਹੋਇਆ ਨੰਗਾ : ਡੀ ਟੀ ਐੱਫ
11 ਮਾਰਚ, ਚੰਡੀਗੜ੍ਹ, ( )
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਪੰਜਾਬ ਸਰਕਾਰ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਰੇਲ ਰੋਕੋ ਸੱਦੇ ਨੂੰ ਫੇਲ੍ਹ ਕਰਨ ਲਈ ਵੱਡੇ ਪੱਧਰ ਤੇ ਮਜ਼ਦੂਰ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਦਫ਼ਤਰ ਤੇ ਛਾਪੇਮਾਰੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਵੱਲੋਂ ਮਜ਼ਦੂਰਾਂ ਤੇ ਕੀਤੇ ਲਾਠੀਚਾਰਜ ਅਤੇ ਆਗੂਆਂ ਦੀਆਂ ਕੀਤੀਆਂ ਗ੍ਰਿਫ਼ਤਾਰੀਆਂ ਨੇ ਪੰਜਾਬ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਵੱਲੋਂ ਲੈਂਡ ਸੀਲਿੰਗ ਐਕਟ ਲਾਗੂ ਕਰਵਾਉਣ, ਪੱਕੇ ਰੁਜ਼ਗਾਰ, ਦਿਹਾੜੀ ਵਿੱਚ ਵਾਧੇ, ਫਾਇਨਾਂਸ ਕੰਪਨੀਆਂ/ਬੈਂਕਾਂ ਆਦਿ ਦੇ ਕਰਜ਼ੇ ਮੁਆਫ਼ ਕਰਵਾਉਣ ਆਦਿ ਜਾਇਜ਼ ਮੰਗਾਂ ਲਈ ਕੀਤਾ ਜਾ ਰਿਹਾ ਸੰਘਰਸ਼ ਬਿਲਕੁੱਲ ਜਾਇਜ਼ ਹੈ। ਅੱਜ ਮਜ਼ਦੂਰ ਵਰਗ ਦੀ ਤਰਸਯੋਗ ਹਾਲਤ ਲਈ ਸਰਕਾਰਾਂ ਜ਼ਿੰਮੇਵਾਰ ਹਨ ਅਤੇ ਕੋਈ ਸੁਣਵਾਈ ਨਾ ਹੋਣ ਦੀ ਹਾਲਤ ਵਿੱਚ ਉਨ੍ਹਾਂ ਕੋਲ ਸੰਘਰਸ਼ ਦਾ ਰਾਹ ਹੀ ਬਚਦਾ ਹੈ।
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਜਨਰਲ ਹਰਦੀਪ ਟੋਡਰਪੁਰ ਨੇ ਕਿਹਾ ਕਿ ਮਜ਼ਦੂਰ ਆਗੂਆਂ ਉੱਤੇ ਲਾਠੀਚਾਰਜ ਅਤੇ ਗ੍ਰਿਫਤਾਰੀ ਦਾ ਮਤਲਬ ਮਜ਼ਦੂਰ ਹਿੱਤਾਂ ਲਈ ਚੱਲ ਰਹੇ ਸ਼ੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣਾ ਹੈ ਅਤੇ ਲੋਕਤੰਤਰੀ ਹੱਕਾਂ ਤੋਂ ਵਾਂਝਿਆਂ ਕਰਨਾ ਹੈ।
ਮੁਲਾਜ਼ਮ ਆਗੂਆਂ ਨੇ ਕਿਰਤੀ ਕਿਸਾਨ ਯੂਨੀਅਨ ਦੇ ਜਲੰਧਰ ਸਥਿਤ ਦਫ਼ਤਰ ਵਿਖੇ ਕੀਤੀ ਛਾਪੇਮਾਰੀ ਅਤੇ ਦਫ਼ਤਰ ਸੰਚਾਲਕ ਅਤੇ ਉਸਦੀ ਪਤਨੀ ਦੀ ਕੀਤੀ ਗ੍ਰਿਫ਼ਤਾਰੀ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ/ ਗੈਂਗਸਟਰਾਂ /ਗੁੰਡਾ ਅਨਸਰਾਂ ਨੂੰ ਛੱਡ ਕੇ ਕਿਸਾਨ ਜੱਥੇਬੰਦੀ ਦੇ ਦਫ਼ਤਰ ਸੰਚਾਲਕ ਨੂੰ ਗ੍ਰਿਫ਼ਤਾਰ ਕਰਨ ਤੋਂ ਸਪਸ਼ਟ ਹੈ ਕਿ ਸਰਕਾਰ ਲੋਕ ਅਵਾਜ਼ਾਂ ਨੂੰ ਦਬਾਉਣਾ ਚਾਹੁੰਦੀ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਵਾਨੀ ਦਿੰਦਿਆਂ ਕਿਹਾ ਕਿ ਗ੍ਰਿਫਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਨਹੀਂ ਤਾਂ ਇੰਨ੍ਹਾਂ ਗ੍ਰਿਫ਼ਤਾਰੀਆਂ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ।