
ਫਾਜ਼ਿਲਕਾ ਜ਼ਿਲ੍ਹੇ ਦੇ 698 ਸਕੂਲਾਂ ਵਿਚ ਹੋਈ ਮੈਗਾ ਮਾਪੇ ਅਧਿਆਪਕ ਮਿਲਣੀ
ਮਾਪਿਆਂ ਤੇ ਅਧਿਆਪਕਾਂ ਦੀ ਸਾਂਝ ਬੱਚਿਆਂ ਦੀ ਸਖਸ਼ੀਅਤ ਉਸਾਰੀ ਲਈ ਨਿਭਾਏਗੀ ਅਹਿਮ ਭੁਮਿਕਾ-ਮਨਵੇਸ਼ ਸਿੰਘ ਸਿੱਧੂ
ਬੱਚੇ ਬਣਨਗੇ ਕੱਲ ਦੇ ਸਮੱਰਥ ਨਾਗਰਿਕ-ਅਮਰਪ੍ਰੀਤ ਕੌਰ ਸੰਧੂ, ਡਿਪਟੀ ਕਮਿਸ਼ਨਰ
ਫਾਜ਼ਿਲਕਾ, 21 ਅਕਤੂਬਰ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਸਿੱਖਿਆ ਕ੍ਰਾਂਤੀ ਤਹਿਤ ਵਿਦਿਆਰਥੀਆਂ ਦੇ ਗੁਣਾਤਮਕ ਬੌਧਿਕ ਵਿਕਾਸ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਸਰਕਾਰੀ ਸਕੂਲਾਂ ਵਿਚ ਉੱਚ ਮਿਆਰੀ ਸਿੱਖਿਆ ਦੇਣ ਦੀ ਲੜੀ ਵਿਚ ਜ਼ਿਲ੍ਹੇ ਦੇ 698 ਸਰਕਾਰੀ ਸਕੂਲਾਂ ਵਿਚ ਮਾਪੇ ਅਧਿਆਪਕ ਮਿਲਣੀਆਂ ਆਯੋਜਿਤ ਕੀਤੀਆਂ ਗਈਆਂ ਤਾਂ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਾਪੇ ਤੇ ਅਧਿਆਪਕ ਮਿਲ ਕੇ ਕੰਮ ਕਰ ਸਕਨ।

ਇਸੇ ਸੰਦਰਭ ਵਿਚ ਅੱਜ ਸ੍ਰੀ ਮਨਵੇਸ਼ ਸਿੰਘ ਸਿੱਧੂ ਆਈਏਐਸ ਸਕੱਤਰ ਕਿਰਤ ਵਿਭਾਗ ਨੇ ਵਿਸੇਸ਼ ਤੌਰ ਤੇ ਜ਼ਿਲ੍ਹੇ ਦੇ ਚਾਰ ਪਿੰਡਾਂ ਵਿਚ ਇੰਨ੍ਹਾਂ ਮਾਪੇ ਅਧਿਆਪਕ ਮਿਲਣੀਆਂ ਵਿਚ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵਿਸੇਸ਼ ਤੌਰ ਤੇ ਉਨ੍ਹਾਂ ਦੇ ਨਾਲ ਹਾਜਰ ਰਹੇ। ਉਨ੍ਹਾਂ ਨੇ ਚੰਨਣ ਖੇੜਾ ਦੇ ਸਰਕਾਰੀ ਹਾਈ ਸਕੂਲ ਅਤੇ ਮਲੂਕ ਪੁਰਾ, ਕੇਰਾ ਖੇੜਾ ਅਤੇ ਗੋਬਿੰਦਗੜ੍ਹ ਦੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲਾਂ ਦਾ ਦੌਰਾ ਕੀਤਾ।
ਇਸ ਮੌਕੇ ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਨਵੇਸ਼ ਸਿੰਘ ਸਿੱਧੂ ਨੇ ਕਿਹਾ ਕਿ ਇਸ ਤਰਾਂ ਦੀਆਂ ਮਾਪੇ ਅਧਿਆਪਕ ਮਿਲਣੀਆਂ ਰੱਖਣ ਦਾ ਉਦੇਸ਼ ਹੈ ਕਿ ਮਾਪੇ ਅਤੇ ਅਧਿਆਪਕ ਦੋਹਾਂ ਦੀ ਜਿੰਮੇਵਾਰੀ ਹੁੰਦੀ ਹੈ ਕਿ ਉਹ ਬੱਚਿਆਂ ਨੂੰ ਸਹੀ ਸਿੱਖਿਆ ਦੇਣ ਦੇ ਨਾਲ ਨਾਲ ਜੀਵਨ ਵਿਚ ਚੰਗੇ ਨਾਗਰਿਕ ਵੀ ਬਣਾ ਸਕਨ। ਉਨ੍ਹਾਂ ਨੇ ਕਿਹਾ ਕਿ ਸਕੂਲ ਤੇ ਘਰ ਵਿਚ ਬੱਚੇ ਦੇ ਵਿਹਾਰ ਦੀ ਮਾਪਿਆਂ ਤੇ ਅਧਿਆਪਕਾਂ ਨੂੰ ਸਮਝ ਹੋਵੇਗੀ ਤਾਂ ਉਹ ਉਸਦੀ ਸਖ਼ਸੀਅਤ ਉਸਾਰੀ ਨੂੰ ਹੋਰ ਬਿਹਤਰ ਕਰ ਸਕਦੇ ਹਨ।
ਸ: ਸਿੱਧੂ ਨੇ ਆਖਿਆ ਕਿ ਇਸ ਤਰਾਂ ਜਿੱਥੇ ਮਾਪਿਆਂ ਨੂੰ ਬੱਚੇ ਦੇ ਸਿੱਖਣ ਪੱਧਰ, ਆਦਤਾਂ ਆਦਿ ਦੀ ਜਾਣਕਾਰੀ ਸਬੰਧੀ ਅਧਿਆਪਕਾਂ ਤੋਂ ਅਤੇ ਅਧਿਆਪਕਾਂ ਨੂੰ ਮਾਪਿਆਂ ਤੋਂ ਜਾਣਕਾਰੀ ਮਿਲਦੀ ਹੈ ਜਿਸ ਨਾਲ ਉਹ ਅਧਿਆਪਨ ਨੂੰ ਹੋਰ ਬਿਹਤਰ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਮਾਪਿਆਂ ਦਾ ਸਹਿਯੋਗ ਵੀ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਬੱਚੇ ਵਿਚ ਕੁਝ ਵਿਸੇਸ਼ ਗੁਣ ਹੁੰਦੇ ਹਨ ਅਤੇ ਇੰਨ੍ਹਾਂ ਦੀ ਪਹਿਚਾਣ ਹੋ ਜਾਵੇ ਤਾਂ ਅਜਿਹੇ ਬੱਚੇ ਹੋਰ ਅੱਗੇ ਵੱਧ ਸਕਦੇ ਹਨ।
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਸਕੂਲਾਂ ਵਿਚ ਵੱਡੇ ਉਪਰਾਲੇ ਕਰ ਰਹੀ ਹੈ ਅਤੇ ਮਾਪਿਆਂ ਤੇ ਅਧਿਆਪਕਾਂ ਦੀਆਂ ਸਾਂਝੀਆਂ ਕੋਸ਼ਿਸਾਂ ਰੂਪੀ ਸਹਿਯੋਗ ਨਾਲ ਇੰਨ੍ਹਾਂ ਉਪਰਾਲਿਆਂ ਨੂੰ ਹੋਰ ਬਲ ਮਿਲਦਾ ਹੈ ਅਤੇ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਹੋਰ ਸਮਰੱਥ ਪੀੜ੍ਹੀ ਵਜੋਂ ਵੱਡੇ ਕਰ ਸਕਦੇ ਹਾਂ।
ਇਸ ਮੌਕੇ ਮਾਪਿਆਂ ਅਤੇ ਪੰਚਾਇਤਾਂ ਵੱਲੋਂ ਵੀ ਸਕੂਲਾਂ ਵਿਚ ਪੜਾਈ ਦੇ ਪੱਧਰ ਵਿਚ ਹੋਏ ਸੁਧਾਰ ਲਈ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਐਸਡੀਐਮ ਸ੍ਰੀ ਕਿਸ੍ਰਨਪਾਲ ਰਾਜਪੂਤ, ਜ਼ਿਲ੍ਹਾ ਸਿੱਖਿਆ ਅਫ਼ਸਰ ਬ੍ਰਿਜ ਮੋਹਨ ਸਿੰਘ ਬੇਦੀ ਵੀ ਹਾਜਰ ਸਨ।