ਪੰਜਾਬ ਵਿਚ ‘ਨਵੀਆਂ ਕਲਮਾਂ ਨਵੀਂ ਉਡਾਣ’ ਮੁਹਿੰਮ ਨੂੰ ਸਾਰੇ ਜਿਲਿਆਂ ‘ਚ ਜਥੇਬੰਦਕ ਢਾਂਚੇ ਦਾ ਦਿੱਤਾ ਰੂਪ

ਪੰਜਾਬ ਵਿਚ ‘ਨਵੀਆਂ ਕਲਮਾਂ ਨਵੀਂ ਉਡਾਣ’ ਮੁਹਿੰਮ ਨੂੰ ਸਾਰੇ ਜਿਲਿਆਂ ‘ਚ ਜਥੇਬੰਦਕ ਢਾਂਚੇ ਦਾ ਦਿੱਤਾ ਰੂਪ

ਪੰਜਾਬ ਭਵਨ ਸਰੀ (ਕਨੇਡਾ) ਦੀ
ਅਗਵਾਈ ਹੇਠ ਪੰਜਾਬ ‘ਚ 26 ਟੀਮਾਂ ਦਾ ਪੁਨਰਗਠਨ

ਵਿਸ਼ਵ ਭਰ ‘ਚ ਇਸ ਮੁਹਿੰਮ ਨੂੰ ਹਾਈਟੈਕ ਬਣਾਇਆ ਜਾਵੇਗਾ

ਸੋਨੀਆ ਬਜਾਜ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਨਿਯੁਕਤ

ਫਾਜ਼ਿਲਕਾ ( ) 15 ਜਨਵਰੀ : ਪੰਜਾਬ ਭਵਨ, ਸਰੀ (ਕੈਨੇਡਾ) ਵੱਲੋਂ ਕਾਰੋਬਾਰੀ ਸੁੱਖੀ ਬਾਠ ਦੀ ਅਗਵਾਈ ’ਚ ਸੰਸਾਰ ਦੇ ਵੱਖ-ਵੱਖ ਕੋਨਿਆਂ ਤੋਂ ਉੱਭਰ ਰਹੇ ਬਾਲ ਲੇਖਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਲਿਖਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਲਿਖਤਾਂ ਨੂੰ ‘ਨਵੀਆਂ ਕਲਮਾਂ ਨਵੀਂ ਉਡਾਣ’ ਟਾਈਟਲ ਅਧੀਨ ਜ਼ਿਲ੍ਹਾ ਵਾਈਜ਼ ਕਿਤਾਬਾਂ ਦਾ ਰੂਪ ਦੇ ਕੇ ਛਪਵਾਇਆ ਵੀ ਜਾ ਰਿਹਾ ਹੈ। ਕਿਤਾਬਾਂ ਛਾਪਣ ਲਈ ਹਰ ਜ਼ਿਲ੍ਹੇ ’ਚ ਪੰਜ ਮੈਂਬਰੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪ੍ਰਾਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਦੀ ਅਗਵਾਈ ਵਿਚ ਹੁਣ ਇਨ੍ਹਾਂ ਟੀਮਾਂ ਦਾ ਪੁਨਰਗਠਨ ਕੀਤਾ ਗਿਆ ਹੈ, ਜਿਸ ਅਨੁਸਾਰ ਹਰ ਹਰ ਇਕ ਜ਼ਿਲ੍ਹੇ ਇਕ ਮੈਂਬਰ ਨੂੰ ‘ਜ਼ਿਲ੍ਹਾ ਪ੍ਰਧਾਨ’ ਨਿਯੁਕਤ ਕੀਤਾ ਗਿਆ ਹੈ। ਫਾਜ਼ਿਲਕਾ ਜ਼ਿਲੇ ਤੋਂ ਸੋਨੀਆ ਬਜਾਜ ਨੂੰ ਇਸ ਪ੍ਰਾਜੈਕਟ ਲਈ ‘ਜ਼ਿਲ੍ਹਾ ਪ੍ਰਧਾਨ’ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਂਕਾਰ ਸਿੰਘ ਤੇਜੇ ਨੇ ਦੱਸਿਆ ਕਿ ਸੋਨੀਆ ਬਜਾਜ ਦੀਆਂ ਅਣਥੱਕ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਫਾਜ਼ਿਲਕਾ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਮੈਡਮ ਸੋਨੀਆ ਆਪਣੀ ਟੀਮ ਦਾ ਮਾਰਗ-ਦਰਸ਼ਨ ਕਰਕੇ ਇਸ ਪ੍ਰਾਜੈਕਟ ਨੂੰ ਹੋਰ ਵੀ ਉਚਾਈਆਂ ਤੇ ਲੈ ਕੇ ਜਾਣਗੇ। ਸ਼੍ਰੀਮਤੀ ਬਜਾਜ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਭਵਨ ਵੱਲੋਂ ਉਨ੍ਹਾਂ ’ਚ ਜਤਾਏ ਗਏ ਵਿਸ਼ਵਾਸ ’ਤੇ ਖਰਾ ਉਤਰਨ ਦੀ ਉਹ ਪੂਰੀ ਕੋਸ਼ਿਸ਼ ਕਰਨਗੇ ਅਤੇ ਆਪਣੀ ਟੀਮ ਦੇ ਸਹਿਯੋਗ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਬਾਲ ਲੇਖਕਾਂ ਦੀ ਦੂਜੀ ਕਿਤਾਬ ਵੀ ਛੇਤੀ ਹੀ ਛਪਾ ਕੇ ਲੋਕ ਅਰਪਿਤ ਕਰ ਦੇਣਗੇ। ਅੱਗੇ ਉਨ੍ਹਾਂ ਵਿਸਥਾਰ ‘ਚ ਦੱਸਿਆ ਪੰਜਾਬ ‘ਚ ਜਿਥੇ ਆਪਣੀ ਹੀ ਧਰਤੀ ‘ਤੇ ਮਾਂ ਬੋਲੀ ਨੂੰ ਖ਼ਤਰੇ ਵਰਗੇ ਤੌਖਲੇ ਪ੍ਰਗਟਾਏ ਜਾ ਰਹੇ ਹਨ, ਉਹ ਜਮੀਨੀ ਸੱਚਾਈ ਤੋਂ ਦੂਰ ਹਨ, ਕਿਉਂਕਿ ਪੰਜਾਬ ਦੇ ਸਕੂਲਾਂ ਤੋਂ ਹਜ਼ਾਰਾਂ ਬੱਚਿਆਂ ਵਲੋਂ ਸਾਹਿਤਕ ਰਚਨਾਵਾਂ ਲਿਖਣਾ ਤੇ ਬਾਲ ਕਾਨਫਰੰਸ ‘ਚ ਹਜ਼ਾਰਾਂ ਬੱਚਿਆਂ ਵਲੋਂ ਸਮੂਲੀਅਤ ਕਰਨਾ ਇਸ ਡਰ ਨੂੰ ਲੋਕ ਮਨਾਂ ‘ਚੋਂ ਦੂਰ ਕਰਦਾ ਸੱਚ ਹੈ | ਉਨ੍ਹਾਂ ਦੱਸਿਆ ਕਿ ਇਸ ਸਮੇਂ ‘ਨਵੀਆਂ ਕਲਮਾਂ, ਨਵੀਂ ਉਡਾਣ ਮੁਹਿੰਮ ਪੰਜਾਬ ਦੇ 23 ਜਿਲਿਆਂ ਤੋਂ ਵੀ ਅੱਗੇ ਵੱਧ ਚੁੱਕੀ ਤੇ ਇਸ ਸਮੇਂ ਇਸ ਮੁਹਿੰਮ ਨਾਲ ਰਾਜ ‘ਚ ਕੁੱਲ 26 ਟੀਮਾਂ ਜੁੜ ਚੁੱਕੀਆਂ ਹਨ ਤੇ ਸਿੱਖਿਆ ਖੇਤਰ ਨਾਲ ਜੁੜਿਆ ਜਾਗਰੂਕ ਵਰਗ ਇਸ ਦਾ ਹਿੱਸਾ ਬਣ ਰਿਹਾ, ਜੋ ਲੋਕ ਪੱਖੀ ਤੇ ਪੰਜਾਬ ਪੱਖੀ ਭਾਵਨਾ ਰੱਖਦਾ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਲਹਿੰਦੇ ਪੰਜਾਬ ਵਿਚ ਵੀ ਇਸ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਬਾਬਾ ਨਜ਼ਮੀ ਵਰਗੀਆਂ ਸ਼ਖ਼ਸੀਅਤਾਂ ਇਸ ਦਾ ਹਿੱਸਾ ਬਣ ਚੁੱਕੀਆਂ | ਸ਼. ਬਾਠ ਨੇ ਦਾਅਵਾ ਕੀਤਾ ਕਿ ਇਸ ਮੁਹਿੰਮ ਨੂੰ ਵਿਸ਼ਵ ਭਰ ‘ਚ ਲਿਜਾਇਆ ਜਾਵੇਗਾ ਤੇ ਇਸ ਮੁਹਿੰਮ ਨੂੰ ਹਾਈਟੈਕ ਸਿਸਟਮ ਨਾਲ ਵੀ ਜੋੜਿਆ ਜਾਵੇਗਾ ਤਾਂ ਵਿਦੇਸ਼ਾਂ ‘ਚ ਬੈਠੇ ਬੱਚੇ ਆਨਲਾਈਨ ਇਸ ਦਾ ਹਿੱਸਾ ਬਣ ਸਕਣ |

Scroll to Top