ਨਿਯੁਕਤੀ ਪੱਤਰਾਂ ਦੀ ਥਾਂ ਈਟੀਟੀ ਅਧਿਆਪਕਾਂ ਨੂੰ ਡਾਂਗਾਂ ਅਤੇ ਪਰਚਿਆਂ ਨਾਲ ਨਿਵਾਜਿਆ ਸਤੌਜ ਦੇ ਮਹਾਰਾਜੇ ਨੇ

ਨਿਯੁਕਤੀ ਪੱਤਰਾਂ ਦੀ ਥਾਂ ਈਟੀਟੀ ਅਧਿਆਪਕਾਂ ਨੂੰ ਡਾਂਗਾਂ ਅਤੇ ਪਰਚਿਆਂ ਨਾਲ ਨਿਵਾਜਿਆ ਸਤੌਜ ਦੇ ਮਹਾਰਾਜੇ ਨੇ

5994 ਭਰਤੀ ਨੂੰ ਇਕ ਸਾਲ ਤੋਂ ਕੋਰਟ ਵਿਚ ਲਟਕਾਉਣ ਅਤੇ ਆਗੂਆਂ ‘ਤੇ ਪਰਚੇ ਦਰਜ਼ ਕਰਨ ਦੀ ਨਿਖੇਧੀ

ਫਾਜ਼ਿਲਕਾ

ਸਿੱਖਿਆ ਖੇਤਰ ਵਿਚ ਕ੍ਰਾਂਤੀ ਦੇ ਦਮਗੱਜੇ ਮਾਰਨ ਵਾਲੀ ਮਾਨ ਸਰਕਾਰ ਰੁਜ਼ਗਾਰ ਮੰਗਣ ਵਾਲਿਆਂ ਨੂੰ ਪਹਿਲੀਆਂ ਸਰਕਾਰਾਂ ਨੂੰ ਵੀ ਪਿੱਛੇ ਛੱਡਦੇ ਹੋਏ ਡਾਂਗਾਂ ਅਤੇ ਪਰਚਿਆਂ ਨਾਲ ਹੀ ਨਿਵਾਜ ਰਹੀ ਹੈ।
ਪਿਛਲੇ ਲਗਭਗ 200 ਦਿਨਾਂ ਤੋਂ 5994 ਈਟੀਟੀ ਭਰਤੀ ਵਿਚ ਸਲੈਕਟ ਹੋਏ ਅਧਿਆਪਕ ਭਰਤੀ ਨੂੰ ਲਾਗੂ ਕਰਵਾਉਣ ਲਈ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਚ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਹਨ। ਕੋਈ ਸੁਣਵਾਈ ਨਾ ਹੁੰਦੀ ਵੇਖ ਬੀਤੇ ਸਾਲ 25 ਅਕਤੂਬਰ ਨੂੰ ਇਹ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਪਿੰਡ ਸਤੌਜ ਵਿੱਖੇ ਪਹੁੰਚੇ ਸਨ, ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਦੀ ਕੁੱਟਮਾਰ ਕਰਦਿਆਂ ਅੰਨਾ ਤਸ਼ੱਦਦ ਕੀਤਾ ਅਤੇ 12 ਅਧਿਆਪਕਾਂ ਦੇ ਨਾਂ ਸਮੇਤ ਲਗਭਗ 150 ਦੇ ਕਰੀਬ ਅਧਿਆਪਕਾਂ ‘ਤੇ ਪਰਚੇ ਦਰਜ ਕੀਤੇ ਹਨ।

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਮਹਿੰਦਰ ਕੌੜਿਆਂ ਵਾਲੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ, 5994 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਸਿੱਖਿਆ ਵਿਭਾਗ ਅਤੇ ਸਰਕਾਰ ਦੀ ਨਾਲਾਇਕੀ ਕਰਕੇ ਸਿਰੇ ਨਹੀਂ ਚੜ ਰਹੀ ਹੈ।
ਪ੍ਰਾਇਮਰੀ ਸਕੂਲ ਲਗਾਤਾਰ ਅਧਿਆਪਕਾਂ ਦੀ ਵੱਡੇ ਪੱਧਰ ‘ਤੇ ਕਮੀਂ ਨਾਲ ਜੂਝ ਰਹੇ ਹਨ, ਜਿਸ ਕਾਰਣ ਬੱਚਿਆਂ ਦੀ ਪੜਾਈ ਤੇ ਬੁਰਾ ਅਸਰ ਪੈ ਰਿਹਾ ਹੈ। ਦੂਸਰੇ ਪਾਸੇ ਇਸ਼ਤਿਹਾਰਾਂ ਰਾਹੀਂ ਸਿੱਖਿਆ ਵਿਚ ਕ੍ਰਾਂਤੀ ਲਿਆਉਣ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੀ 5994 ਅਸਾਮੀਆਂ ਦੀ ਭਰਤੀ ਲਗਭਗ ਦੋ ਸਾਲਾਂ ਤੋਂ ਲਟਕ ਰਹੀ ਹੈ। ਲੇਕਿਨ ਸਰਕਾਰ ਅਤੇ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹਜਾਰਾਂ ਯੋਗਤਾ ਪ੍ਰਾਪਤ ਬੇਰੁਜ਼ਗਾਰ ਅਧਿਆਪਕਾਂ ਨੂੰ ਸੰਘਰਸ਼ ਕਰਨ ਲਈ ਸਰਕਾਰ ਵੱਲੋਂ ਮਜਬੂਰ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਮਸਲਾ ਹੱਲ ਕਰਨ ਦੀ ਬਜਾਏ ਇਹਨਾਂ ਤੇ ਪਰਚੇ ਦਰਜ ਕਰ ਕੇ ਸੰਘਰਸ਼ ਤੋਂ ਦੂਰ ਕਰਨ ਦੀ ਨਕਾਮ ਕੋਸ਼ਿਸ ਕਰ ਰਹੀ ਹੈ। ਡੀਟੀਐੱਫ ਆਗੂਆਂ ਨੇ 5994 ਅਧਿਆਪਕਾਂ ‘ਤੇ ਦਰਜ਼ ਕੀਤੇ ਝੂਠੇ ਪੁਲਿਸ ਪਰਚਿਆਂ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਸਰਕਾਰ ਕੀਤੇ ਪਰਚੇ ਤੁਰੰਤ ਰੱਦ ਕਰਕੇ ਇਸ ਭਰਤੀ ਨੂੰ ਬਿਨਾਂ ਦੇਰੀ ਨੇਪਰੇ ਚਾੜੇ।

Scroll to Top