
ਜ਼ੋਨਲ ਪੱਧਰੀ ਕਲਾ ਉਤਸਵ ਮੁਕਾਬਲੇ ਕਰਵਾਏ ਗਏ ਛੇ ਜ਼ਿਲ੍ਹਿਆਂ ਦੇ ਬੱਚਿਆਂ ਨੇ ਲਿਆ ਮੁਕਾਬਲਿਆਂ ਵਿੱਚ ਭਾਗ ਮੁਹਾਲੀ ਮਿਤੀ 9 ਅਕਤੂਬਰ ()ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਲਾਰੈਂਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ 51 ਵਿਖੇ ਜ਼ੋਨਲ ਪੱਧਰੀ ਕਲਾ ਉਤਸਵ ਮੁਕਾਬਲੇ ਕਰਵਾਏ ਗਏ। ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡੀਈਓ ਸੈਕੰਡਰੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਕਲਾ ਉਤਸਵ ਮੁਕਾਬਲੇ ਡੀਈਓ ਸੈਕੰਡਰੀ ਡਾ.ਗਿੰਨੀ ਦੁੱਗਲ ਦੀ ਅਗਵਾਈ ਹੇਠ ਕਰਵਾਏ ਗਏ। ਡੀਈਓ ਸੈਕੰਡਰੀ ਦੀ ਅਗਵਾਈ ਵਿੱਚ ਸਮੂਚੀ ਟੀਮ ਦੇ ਯਤਨਾਂ ਸਦਕਾ ਇਹਨਾਂ ਮੁਕਾਬਲਿਆਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ। ਬੱਚਿਆਂ ਅਤੇ ਨਾਲ਼ ਆਏ ਅਧਿਆਪਕਾਂ ਲਈ ਖਾਣੇ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਬਹੁਤ ਹੀ ਵਧੀਆ ਤੇ ਪ੍ਰਭਾਵਸ਼ਾਲੀ ਸੀ। ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਇਹਨਾਂ ਮੁਕਾਬਲਿਆਂ ਵਿੱਚ ਛੇ ਕੈਟਾਗਰੀ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਸੂਬੇ ਦੇ ਛੇ ਜ਼ਿਲ੍ਹਿਆਂ ਪਟਿਆਲਾ,ਸ਼੍ਰੀ ਫ਼ਤਹਿਗੜ੍ਹ ਸਾਹਿਬ,ਬਰਨਾਲਾ,ਮਲੇਰਕੋਟਲਾ,ਸੰਗਰੂਰ ਅਤੇ ਮੁਹਾਲੀ ਨੇ ਭਾਗ ਲਿਆ। ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਸ਼ੀਲ ਨਾਥ ਨੇ ਵੀ ਜਿੱਥੇ ਆਪਣੇ ਜ਼ਿਲ੍ਹੇ ਦੇ ਬੱਚਿਆਂ ਦਾ ਹੌਂਸਲਾ ਵਧਾਇਆ ਉੱਥੇ ਹੋਰ ਜ਼ਿਲ੍ਹਿਆਂ ਦੇ ਬੱਚਿਆਂ ਨੂੰ ਵੀ ਚੰਗੇ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਹਨਾਂ ਮੁਕਾਬਲਿਆਂ ਦੇ ਨਤੀਜੇ ਦੇਰ ਸ਼ਾਮ ਤੱਕ ਪ੍ਰਾਪਤ ਹੋਏ ਜੋਕਿ ਪਹਿਲੀ ਕੈਟਾਗਰੀ ਫੋਕ ਡਾਂਸ ਵਿੱਚ ਪਟਿਆਲਾ,ਸੰਗਰੂਰ ਅਤੇ ਮੁਹਾਲੀ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ,ਵੋਕਲ ਮਿਊਜ਼ਿਕ ਵਿੱਚ ਮੁਹਾਲੀ,ਸ਼੍ਰੀ ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ,ਪਰੰਪਰਾਗਤ ਕਹਾਣੀ ਪੇਸ਼ਕਾਰੀ ਵਿੱਚ ਪਟਿਆਲਾ,ਸ਼੍ਰੀ ਫ਼ਤਹਿਗੜ੍ਹ ਸਾਹਿਬ ਅਤੇ ਸੰਗਰੂਰ ਨੇ ਪਹਿਲਾ,ਦੂਜਾ ਅਤੇ ਤੀਜਾ ਸਥਾਨ,ਇੰਸਟਰੂਮੈਂਟ ਮਿਊਜ਼ਿਕ ਵਿੱਚ ਸ੍ਰੀ ਫ਼ਤਹਿਗੜ੍ਹ ਸਾਹਿਬ,ਬਰਨਾਲਾ ਅਤੇ ਪਟਿਆਲਾ ਨੇ ਪਹਿਲਾ,ਦੂਜਾ ਅਤੇ ਤੀਜਾ ਸਥਾਨ,ਡਰਾਮਾ ਆਰਟ ਵਿੱਚ ਸੰਗਰੂਰ, ਪਟਿਆਲਾ ਅਤੇ ਮਲੇਰਕੋਟਲਾ ਨੇ ਪਹਿਲਾ ਦੂਜਾ ਅਤੇ ਤੀਜਾ ਸਥਾਨ,ਜਦਕਿ ਵਿਜ਼ੂਅਲ ਆਰਟ 2 ਡੀ ਵਿੱਚ ਪਟਿਆਲਾ ਸੰਗਰੂਰ ਅਤੇ ਬਰਨਾਲਾ ਨੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਡੀਈਓ ਸੈਕੰਡਰੀ ਡਾ ਗਿੰਨੀ ਦੁੱਗਲ ਵੱਲੋਂ ਸਮੂਹ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਇੱਥੇ ਆਏ ਬੱਚਿਆਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਕਿਹਾ ਅਤੇ ਬੱਚਿਆਂ ਨੂੰ ਚੰਗੇ ਪ੍ਰਦਰਸ਼ਨ ਲਈ ਉਹਨਾਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਨੇ ਸਮੂਹ ਕੈਟਾਗਰੀ ਮੁਕਾਬਲੇ ਵਿੱਚ ਬੁਲਾਏ ਜੱਜਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਬਿਲਕੁਲ ਨਿਰਪੱਖ ਹੋ ਕੇ ਢੁਕਵੀਂ ਜੱਜਮੈਂਟ ਦਿੱਤੀ ਹੈ। ਉਹਨਾਂ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਹਨਾਂ ਨੇ ਸਮੂਚੀ ਟੀਮ ਦੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ ਜਿਸ ਵਿੱਚ ਜਸਵੀਰ ਕੌਰ ਆਈਸੀਟੀ ਕੋਆਰਡੀਨੇਟਰ, ਅਜੈ ਕੁਮਾਰ ਸਾਇੰਸ ਕੋਆਰਡੀਨੇਟਰ,ਹੈੱਡ ਮਿਸਟ੍ਰੈਸ ਸਨੇਟਾ ਸ਼ੁੱਭਵੰਤ ਕੌਰ,ਮਨਦੀਪ ਸ਼ੁਕਲਾ, ਦੇਵ ਕਰਨ ਸਿੰਘ ਤੋਂ ਇਲਾਵਾ ਦਫ਼ਤਰੀ ਸਟਾਫ਼ ਆਦਿ ਸ਼ਾਮਲ ਸਨ।